ਭਾਰਤ ਨੇ ਏਸ਼ਿਆਈ ਪੈਰਾ ਖੇਡਾਂ 2023 ਵਿੱਚ 111 ਤਗਮੇ ਜਿੱਤ ਕੇ ਇਤਿਹਾਸ ਸਿਰਜਿਆ

ਹਾਂਗਜ਼ੂ (ਚੀਨ), 28 ਅਕਤੂਬਰ – ਇੱਥੇ 28 ਅਕਤੂਬਰ ਨੂੰ ਭਾਰਤੀ ਪੈਰਾ ਅਥਲੀਟਾਂ ਨੇ ਇਤਿਹਾਸ ਸਿਰਜਦਿਆਂ ਹਾਂਗਜ਼ੂ ਪੈਰਾ ਏਸ਼ਿਆਈ ਖੇਡਾਂ 2023 ‘ਚ ਆਪਣੀ ਮੁਹਿੰਮ ਦਾ ਅੰਤ 111 ਤਗਮੇ ਜਿੱਤ ਕੇ ਕੀਤਾ। ਭਾਰਤ ਦਾ ਇਹ ਕਿਸੇ ਵੀ ਵੱਡੇ ਇੰਟਰਨੈਸ਼ਨਲ ਟੂਰਨਾਮੈਂਟ ‘ਚ ਸਰਵੋਤਮ ਪ੍ਰਦਰਸ਼ਨ ਹੈ।
ਏਸ਼ਿਆਈ ਪੈਰਾ ਖੇਡਾਂ ‘ਚ ਭਾਰਤੀ ਪੈਰਾ ਅਥਲੀਟਾਂ ਨੇ 29 ਸੋਨ, 31 ਚਾਂਦੀ ਅਤੇ 51 ਕਾਂਸੇ ਦੇ ਤਗਮੇ ਜਿੱਤੇ ਅਤੇ ਇਹ ਹਾਲ ਹੀ ‘ਚ ਹੋਈਆਂ ਏਸ਼ਿਆਈ ਖੇਡਾਂ ‘ਚ ਭਾਰਤੀ ਖਿਡਾਰੀਆਂ ਵੱਲੋਂ ਜਿੱਤੇ 107 ਤਗਮਿਆਂ ਨਾਲੋਂ 4 ਵੱਧ ਹਨ। ਭਾਰਤ ਤਗਮਾ ਸੂਚੀ ਵਿੱਚ 5ਵੇਂ ਸਥਾਨ ਰਿਹਾ ਜੋ ਕਿ ਆਪਣੇ ਆਪ ‘ਚ ਵੱਡੀ ਪ੍ਰਾਪਤੀ ਹੈ।
ਏਸ਼ਿਆਈ ਪੈਰਾ ਖੇਡਾਂ ‘ਚ ਚੀਨ 521 ਤਗਮਿਆਂ ਨਾਲ ਪਹਿਲੇ, ਇਰਾਨ 131 ਤਗਮਿਆਂ ਨਾਲ ਦੂਜੇ, ਜਪਾਨ 150 ਤਗਮਿਆਂ ਤੀਜੇ ਅਤੇ ਕੋਰੀਆ ੧੦੩ ਤਗਮਿਆਂ ਨਾਲ ਚੌਥੇ ਸਥਾਨ ‘ਤੇ ਰਿਹਾ।
ਚੀਨ ਦੇ ਗੁਆਂਗਜ਼ੂ ‘ਚ 2010 ‘ਚ ਪਹਿਲੀਆਂ ਪੈਰਾ ਏਸ਼ਿਆਈ ਖੇਡਾਂ ‘ਚ ਭਾਰਤ 14 ਤਗਮਿਆਂ ਨਾਲ 15ਵੇਂ ਸਥਾਨ ‘ਤੇ ਰਿਹਾ ਸੀ ਜਦੋਂ ਕਿ ਇਸ ਤੋਂ ਚਾਰ ਸਾਲਾਂ ਬਾਅਦ ਨੇ ਇਨ੍ਹਾਂ ਖੇਡਾਂ ‘ਚ 9ਵਾਂ ਸਥਾਨ ਹਾਸਲ ਕੀਤਾ ਸੀ। ਭਾਰਤ ਨੇ ਦਿੱਲੀ ‘ਚ 2010 ‘ਚ ਹੋਈਆਂ ਕਾਮਨਵੈਲਥ ਖੇਡਾਂ ‘ਚ ਪਹਿਲੀ ਵਾਰ 100 ਤੋਂ ਵੱਧ (104) ਤਗਮੇ ਜਿੱਤੇ ਸਨ।
ਭਾਰਤੀ ਖਿਡਾਰੀਆਂ ਨੇ ਸਭ ਤੋਂ ਵੱਧ 55 ਤਗਮੇ ਅਥਲੈਟਿਕਸ ‘ਚ ਜਿੱਤੇ ਜਦੋਂ ਕਿ ਬੈਡਮਿੰਟਨ ਖਿਡਾਰੀਆਂ ਨੇ 4 ਸੋਨ ਸਣੇ 21 ਤਗਮੇ ਹਾਸਲ ਕੀਤੇ। ਸ਼ਤਰੰਜ ‘ਚ 8, ਤੀਰਅੰਦਾਜ਼ੀ ‘ਚ 7 ਜਦੋਂ ਕਿ ਨਿਸ਼ਾਨੇਬਾਜ਼ੀ ‘ਚ 6 ਤਗਮੇ ਹਾਸਲ ਕੀਤੇ। ਭਾਰਤ ਖਿਡਾਰੀਆਂ ਨੇ ਆਖ਼ਰੀ ਦਿਨ 4 ਸੋਨ ਸਣੇ 12 ਤਗਮੇ ਜਿੱਤੇ। ਇਨ੍ਹਾਂ ਵਿੱਚੋਂ 7 ਸ਼ਤਰੰਜ ‘ਚ, 4 ਅਥਲੈਟਿਕਸ ‘ਚ ਜਦੋਂ ਕਿ 1 ਰੋਇੰਗ (ਕਿਸ਼ਤੀ ਦੌੜ) ‘ਚ ਤਗਮਾ ਹਾਸਲ ਕੀਤਾ।