ਏਸ਼ੀਆ ਕੱਪ: ਭਾਰਤ ਤੇ ਪਾਕਿਸਤਾਨ ਦਰਮਿਆਨ ਖੇਡਿਆ ਗਿਆ ਮੈਚ ਮੀਂਹ ਕਾਰਨ ਰੱਦ, ਦੋਵਾਂ ਟੀਮਾਂ ਨੂੰ 1-1 ਅੰਕ ਮਿਲਿਆ

ਪਾਲੇਕਲ, 2 ਸਤੰਬਰ – ਇੱਥੋਂ ਦੇ ਕ੍ਰਿਕਟ ਸਟੇਡੀਅਮ ’ਚ ਭਾਰਤ ਤੇ ਪਾਕਿਸਤਾਨ ਦਰਮਿਆਨ ਖੇਡਿਆ ਗਿਆ ਏਸ਼ੀਆ ਕੱਪ ਦਾ ਮੈਚ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ ਅਤੇ ਦੋਵਾਂ ਟੀਮਾਂ ਨੂੰ 1-1 ਅੰਕ ਦੇ ਦਿੱਤਾ ਗਿਆ ਹੈ। ਭਾਰਤ ਨੇ ਪਹਿਲੀ ਪਾਰੀ ਖੇਡਦਿਆਂ 266 ਦੌੜਾਂ ਬਣਾਈਆਂ ਸੀ ਪਰ ਮੀਂਹ ਪੈਣ ਕਾਰਨ ਪਾਕਿਸਤਾਨ ਦੀ ਟੀਮ ਆਪਣੀ ਪਾਰੀ ਖੇਡਣ ਲਈ ਮੈਦਾਨ ’ਚ ਨਾ ਉਤਰ ਸਕੀ।
ਭਾਰਤ ਨੇ ਸ਼ੁਰੂਆਤੀ ਝਟਕਿਆਂ ਤੋਂ ਉੱਭਰਨ ਤੋਂ ਬਾਅਦ ਹਾਰਦਿਕ ਪਾਂਡਿਆ ਤੇ ਇਸ਼ਾਨ ਕਿਸ਼ਨ ਦੇ ਸ਼ਾਨਦਾਰ ਨੀਮ ਸੈਂਕੜਿਆਂ ਦੀ ਬਦੌਲਤ 266 ਦੌੜਾਂ ਬਣਾਈਆਂ। ਇਸ਼ਾਨ ਨੇ 81 ਗੇਂਦਾਂ ’ਚ 82 ਅਤੇ ਪਾਂਡਿਆ ਨੇ 90 ਗੇਂਦਾਂ ’ਚ 87 ਦੌੜਾਂ ਬਣਾਈਆਂ। ਦੋਵਾਂ ਨੇ 5ਵੀਂ ਵਿਕਟ ਲਈ 141 ਗੇਂਦਾਂ ’ਚ 138 ਦੌੜਾਂ ਦੀ ਭਾਈਵਾਲੀ ਕਰਕੇ ਟੀਮ ਨੂੰ ਮਜ਼ਬੂਤ ਸਥਿਤੀ ’ਚ ਪਹੁੰਚਾਇਆ।
ਪਾਕਿਸਤਾਨੀ ਤੇਜ਼ ਗੇਂਦਬਾਜ਼ਾਂ ਅਫਰੀਦੀ ਤੇ ਹਾਰਿਸ ਰਾਊਫ ਨੇ ਮਿਲ ਕੇ ਭਾਰਤ ਦੇ 4 ਖਿਡਾਰੀ 14.1 ਓਵਰਾਂ ਵਿੱਚ 66 ਦੌੜਾਂ ’ਤੇ ਹੀ ਆਊਟ ਕਰ ਦਿੱਤੇ। ਇਸ ਮਗਰੋਂ ਇਸ਼ਾਨ ਤੇ ਪਾਂਡਿਆ ਦੋਵਾਂ ਨੇ ਮਿਲ ਕੇ ਪਾਰੀ ਸੰਭਾਲੀ। ਪਾਕਿਸਤਾਨ ਵੱਲੋਂ ਅਫਰੀਦੀ ਨੇ 35 ਦੌੜਾਂ ਦੇ ਕੇ 4 ਵਿਕਟਾਂ ਜਦਕਿ ਰਾਊਫ ਨੇ 58 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ। ਨਸੀਮ ਸ਼ਾਹ ਨੂੰ ਵੀ 3 ਵਿਕਟਾਂ ਹਾਸਲ ਹੋਈਆਂ। ਭਾਰਤ ਦੀ ਪਾਰੀ ਖਤਮ ਹੁੰਦਿਆਂ ਹੀ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ।