ਏਸ਼ੀਆ ਕੱਪ 2022: ਰੋਮਾਂਚਕ ਮੈਚ ‘ਚ ਸ੍ਰੀਲੰਕਾ ਨੇ ਬੰਗਲਾਦੇਸ਼ ਨੂੰ 2 ਵਿਕਟਾਂ ਨਾਲ ਹਰਾ ਕੇ ਸੁਪਰ 4 ਗੇੜ ‘ਚ ਪੁੱਜਾ

ਦੁੁੁੁਬਈ, 1 ਸਤੰਬਰ – ਰੋਮਾਂਚਕ ਮੈਚ ਜਿੱਤ ਕੇ ਸ਼੍ਰੀਲੰਕਾ ਨੇ ਏਸ਼ੀਆ ਕੱਪ ਦੇ ਸੁਪਰ-4 ਗੇੜ ‘ਚ ਜਗ੍ਹਾ ਬਣਾ ਲਈ ਹੈ। ਇਸ ਨਾਲ ਦੋ ਵਾਰ ਫਾਈਨਲਿਸਟ ਰਹਿ ਚੁੱਕੀ ਬੰਗਲਾਦੇਸ਼ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ। ਸ਼੍ਰੀਲੰਕਾ ਨੂੰ ਆਖਰੀ ਓਵਰ ‘ਚ 8 ਦੌੜਾਂ ਦੀ ਲੋੜ ਸੀ।
ਗੇਂਦ ਸਪਿਨਰ ਸ਼ਾਕਿਬ-ਅਲ-ਹਸਨ ਦੇ ਹੱਥਾਂ ‘ਚ ਸੀ। ਹੌਲੀ ਓਵਰ ਰੇਟ ਦੇ ਕਾਰਨ ਸਰਕਲ ਵਿੱਚ ਇੱਕ ਵਾਧੂ ਫੀਲਡਰ ਸੀ, ਇਸ ਲਈ ਇੰਨੀਆਂ ਘੱਟ ਦੌੜਾਂ ਬਚਾਉਣਾ ਆਸਾਨ ਨਹੀਂ ਸੀ ਅਤੇ ਅਜਿਹਾ ਹੀ ਹੋਇਆ। ਸ੍ਰੀਲੰਕਾ ਨੇ ਇਹ ਮੈਚ 4 ਗੇਂਦਾਂ ਵਿੱਚ 2 ਵਿਕਟਾਂ ਨਾਲ ਜਿੱਤ ਲਿਆ।
ਬੰਗਲਾਦੇਸ਼ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 184 ਦੌੜਾਂ ਦਾ ਟੀਚਾ ਰੱਖਿਆ ਸੀ, ਜਿਸ ਦੇ ਜਵਾਬ ‘ਚ ਸ਼੍ਰੀਲੰਕਾ ਲਈ ਕੁਸਲ ਮੈਂਡਿਸ (60) ਨੇ ਸ਼ਾਨਦਾਰ ਅਰਧ ਸੈਂਕੜਾ ਲਗਾਇਆ। ਦੂਜੇ ਪਾਸੇ ਬੰਗਲਾਦੇਸ਼ ਲਈ ਇਬਾਦਤ ਹੁਸੈਨ ਨੇ 3 ਵਿਕਟਾਂ ਲਈਆਂ।
ਆਫੀਫ ਹੁਸੈਨ, ਮੇਹਦੀ ਹਸਨ ਮਿਰਾਜ, ਮਹਿਮੂਦੁੱਲਾ ਅਤੇ ਮੋਸਾਦਕ ਹੁਸੈਨ ਨੇ ਹਮਲਾਵਰ ਪਾਰੀਆਂ ਖੇਡੀਆਂ। ਗਰੁੱਪ ਬੀ ਦੇ ਕਰੋ ਜਾਂ ਮਰੋ ਦੇ ਮੈਚ ਵਿੱਚ ਸ੍ਰੀਲੰਕਾ ਖ਼ਿਲਾਫ਼ ਪਹਿਲਾਂ ਬੱਲੇਬਾਜ਼ੀ ਕਰਦਿਆਂ ਸੱਤ ਵਿਕਟਾਂ ’ਤੇ 183 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਇਹ ਸ਼੍ਰੀਲੰਕਾ ਦੇ ਖਿਲਾਫ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਬੰਗਲਾਦੇਸ਼ ਦਾ ਸਭ ਤੋਂ ਵੱਡਾ ਸਕੋਰ ਹੈ।