ਸਿੱਧੂ ਮੂਸੇਵਾਲਾ ਦੇ ਹੱਤਿਆ: ਲਾਰੈਂਸ, ਗੋਲਡੀ ਤੇ ਹੋਰ ਗੈਂਗਸਟਰਾਂ ਖ਼ਿਲਾਫ਼ ਯੂਏਪੀਏ ਤਹਿਤ ਕੇਸ

ਕੇਂਦਰੀ ਗ੍ਰਹਿ ਮੰਤਰਾਲੇ ਦੇ ਹੁਕਮਾਂ ’ਤੇ ਕਾਰਵਾਈ, ਦਿੱਲੀ ਅਤੇ ਪੰਜਾਬ ਦੇ ਕਈ ਗੈਂਗਸਟਰਾਂ ਖ਼ਿਲਾਫ਼ ਦਰਜ ਹੋਈ ਐੱਫਆਈਆਰ
ਨਵੀਂ ਦਿੱਲੀ, 1 ਸਤੰਬਰ – ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਹੱਤਿਆ ਕਾਂਡ ’ਚ ਸ਼ਾਮਲ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਸਮੇਤ ਹੋਰ ਗੈਂਗਸਟਰਾਂ ਖ਼ਿਲਾਫ਼ ਦਿੱਲੀ ਪੁਲੀਸ ਨੇ ਗ਼ੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ (ਯੂਏਪੀਏ) ਤਹਿਤ ਦੋ ਐੱਫਆਈਆਰਜ਼ ਦਰਜ ਕੀਤੀਆਂ ਹਨ। ਪੁਲੀਸ ਮੁਤਾਬਕ ਇਹ ਕਾਰਵਾਈ ਕੇਂਦਰੀ ਗ੍ਰਹਿ ਮੰਤਰਾਲੇ ਦੇ ਹੁਕਮਾਂ ’ਤੇ ਕੀਤੀ ਗਈ ਹੈ। ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਨੇ ਦਿੱਲੀ ਅਤੇ ਪੰਜਾਬ ਦੇ ਦੋ ਵੱਡੇ ਗਰੋਹਾਂ ਲਾਰੈਂਸ ਬਿਸ਼ਨੋਈ ਅਤੇ ਬੰਬੀਹਾ ਗੈਂਗ ਦੇ ਨੀਰਜ ਬਵਾਨਾ ਸਮੇਤ ਕਈ ਨਾਮੀ ਗੈਂਗਸਟਰਾਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਪੁਲੀਸ ਨੇ ਕਿਹਾ ਕਿ ਯੂਏਪੀਏ ਤਹਿਤ ਦੂਜੀ ਐੱਫਆਈਆਰ ਕੁਸ਼ਲ ਚੌਧਰੀ, ਲੱਕੀ ਪਟਿਆਲਾ ਅਤੇ ਨੀਰਜ ਬਵਾਨਾ ਸਮੇਤ ਬੰਬੀਹਾ ਗੈਂਗ ਦੇ ਹੋਰ ਗੈਂਗਸਟਰਾਂ ਖ਼ਿਲਾਫ਼ ਦਰਜ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਪੁਲੀਸ ਨੇ ਸਿੱਧੂ ਮੂਸੇਵਾਲਾ ਹੱਤਿਆ ਕਾਂਡ ’ਚ 34 ਵਿਅਕਤੀਆਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਹੈ। ਮਾਨਸਾ ਦੇ ਐੱਸਐੱਸਪੀ ਗੌਰਵ ਤੂਰਾ ਨੇ ਕਿਹਾ ਕਿ ਚਾਰ ਗੈਂਗਸਟਰ ਵਿਦੇਸ਼ ’ਚ ਹਨ ਜਦਕਿ 8 ਨੂੰ ਅਜੇ ਗ੍ਰਿਫ਼ਤਾਰ ਕਰਨਾ ਬਾਕੀ ਹੈ। ਉਨ੍ਹਾਂ ਦੱਸਿਆ ਕਿ ਕੁੱਲ 122 ਵਿਅਕਤੀਆਂ ਨੇ ਗਵਾਹੀ ਦਿੱਤੀ ਹੈ। ਅਧਿਕਾਰੀ ਨੇ ਕਿਹਾ ਕਿ ਮੂਸੇਵਾਲਾ ਹੱਤਿਆ ਕੇਸ ’ਚ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ, ਸਤਵਿੰਦਰ, ਗੋਲਡੀ ਬਰਾੜ, ਸਚਿਨ ਥਾਪਨ, ਅਨਮੋਲ ਬਿਸ਼ਨੋਈ, ਲਿਪਿਨ ਨਹਿਰਾ ਦੇ ਨਾਮ ਵੀ ਸ਼ਾਮਲ ਹਨ। ਇਸ ਮਹੀਨੇ ਦੇ ਸ਼ੁਰੂ ’ਚ ਮਲੋਟ ਦੀ ਚੀਫ਼ ਜੁਡੀਸ਼ਲ ਮੈਜਿਸਟਰੇਟ ਪ੍ਰੀਤੀ ਸੁਖੀਜਾ ਨੇ ਲਾਰੈਂਸ ਬਿਸ਼ਨੋਈ ਨੂੰ ਹੱਤਿਆ ਦੀ ਕੋਸ਼ਿਸ਼ ਦੇ ਕੇਸ ’ਚ ਉਸ ਦਾ ਪੁਲੀਸ ਨੂੰ 10 ਦਿਨ ਦਾ ਰਿਮਾਂਡ ਦਿੱਤਾ ਸੀ। ਮੋਗਾ ਦੇ ਐੱਸਐੱਸਪੀ ਗੁਲਨੀਤ ਸਿੰਘ ਖੁਰਾਨਾ ਨੇ ਕਿਹਾ ਕਿ ਬਿਸ਼ਨੋਈ ਨੂੰ ਦਸੰਬਰ 2021 ਦੇ ਇਕ ਪੁਰਾਣੇ ਮਾਮਲੇ ’ਚ ਪੁੱਛ-ਪੜਤਾਲ ਲਈ ਲਿਆਂਦਾ ਗਿਆ ਸੀ ਜਿਸ ’ਚ ਬਿਸ਼ਨੋਈ ਗੈਂਗ ਦੇ ਸ਼ਾਰਪ ਸ਼ੂਟਰ ਮੋਨੂ ਡਾਗਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਥਾਪਨ ਅਜ਼ਰਬਾਇਜਾਨ ਅਤੇ ਅਨਮੋਲ ਕੀਨੀਆ ਤੋਂ ਗ੍ਰਿਫ਼ਤਾਰ
ਨਵੀਂ ਦਿੱਲੀ – ਵਿਦੇਸ਼ ਮੰਤਰਾਲੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਸਬੰਧ ’ਚ ਦੋ ਗੈਂਗਸਟਰਾਂ ਸਚਿਨ ਥਾਪਨ ਨੂੰ ਅਜ਼ਰਬਾਇਜਾਨ ਅਤੇ ਅਨਮੋਲ ਬਿਸ਼ਨੋਈ ਨੂੰ ਕੀਨੀਆ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਮੀਡੀਆ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ’ਚ ਕਿਹਾ ਕਿ ਭਾਰਤ ਸਰਕਾਰ ਅਜ਼ਰਬਾਇਜਾਨ ਅਤੇ ਕੀਨੀਆ ਦੇ ਅਧਿਕਾਰੀਆਂ ਦੇ ਸੰਪਰਕ ’ਚ ਹੈ। ਉਨ੍ਹਾਂ ਕਿਹਾ ਕਿ ਕਾਨੂੰਨੀ ਕਾਰਵਾਈ ਬਾਰੇ ਅਜੇ ਕੁਝ ਵੀ ਟਿੱਪਣੀ ਨਹੀਂ ਕੀਤੀ ਜਾ ਸਕਦੀ ਹੈ। ਇਸ ਤੋਂ ਪਹਿਲਾਂ ਪੰਜਾਬ ਪੁਲੀਸ ਨੇ ਕਿਹਾ ਸੀ ਕਿ ਸਚਿਨ ਥਾਪਨ ਨੂੰ ਅਜ਼ਰਬਾਇਜਨ ’ਚ ਹਿਰਾਸਤ ’ਚ ਲੈ ਲਿਆ ਗਿਆ ਹੈ।