ਐਨਐੱਸਜੀ 2019: ਪਹਿਲੀਆਂ ਨਿਊਜ਼ੀਲੈਂਡ ਸਿੱਖ ਖੇਡਾਂ ‘ਤੇ ਗਾਇਕ ਹਰਮਿੰਦਰ ਨੂਰਪੁਰੀ ਦਾ ਗਾਇਆ ਵੀਡੀਓ ਗੀਤ ਰਿਲੀਜ਼

-ਹਰਵਿੰਦਰ ਓਹੜਪੁਰੀ ਗੀਤਕਾਰ ਅਤੇ ਜੱਸੀ ਬ੍ਰਦਰਜ਼ ਦਾ ਹੈ ਮਿਊਜ਼ਿਕ
ਆਕਲੈਂਡ, 18 ਨਵੰਬਰ – ਪਹਿਲੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਦਾ ਆਗਾਜ਼ 30 ਨਵੰਬਰ ਅਤੇ 1 ਦਸੰਬਰ ਨੂੰ ਪੁਲਮਾਨ ਪਾਰਕ ਟਾਕਾਨੀਨੀ ਵਿਖੇ ਹੋ ਰਿਹਾ ਹੈ। ਇਸ ਸਬੰਧੀ ਵੱਖ-ਵੱਖ ਤਿਆਰੀਆਂ ਜ਼ੋਰਾਂ ਸ਼ੋਰਾ ਨਾਲ ਚੱਲ ਰਹੀਆਂ ਹਨ। 17 ਨਵੰਬਰ ਨੂੰ ਇਨ੍ਹਾਂ ਖੇਡਾਂ ਸਬੰਧੀ ਇਕ ਵਿਸ਼ੇਸ਼ ਵੀਡੀਓ ਗੀਤ ‘ਸਿੱਖ ਖੇਡਾਂ ਨਿਊਜ਼ੀਲੈਂਡ ਦੀਆਂ’ ਪ੍ਰਸਿੱਧ ਗਾਇਕ ਹਰਮਿੰਦਰ ਨੂਰਪੁਰੀ ਦੀ ਆਵਾਜ਼ ਵਿੱਚ ਇੱਥੇ ਪਾਪਾਟੋਏਟੋਏ ਵਿਖੇ ਸਥਿਤ ਰੇਡੀਓ ਸਾਡੇ ਆਲਾ ਸਟੂਡੀਓ ਦੇ ਮਹਿੰਦਰਾ ਹਾਲ ਵਿੱਚ ਰਿਲੀਜ਼ ਕੀਤਾ ਗਿਆ।
ਇਸ ਗੀਤ ਨੂੰ ਪ੍ਰਸਿੱਧ ਗੀਤਕਾਰ ਹਰਵਿੰਦਰ ਓਹੜਪੁਰੀ ਨੇ ਲਿਖਿਆ ਹੈ ਜਦੋਂ ਕਿ ਇਸ ਦਾ ਸੰਗੀਤ ਦਿੱਤਾ ਹੈ ਪ੍ਰਸਿੱਧ ਸੰਗੀਤਕਾਰ ਜੋੜੀ ਜੱਸੀ ਬ੍ਰਦਰਜ਼ ਨੇ। ਗੀਤ ਦੇ ਬੋਲ ਹਨ ‘ਵਿਰਸੇ ਦੇ ਵਿੱਚ ਵਸਦੀ ਹੈ ਜਿੰਦ ਜਾਨ ਪੰਜਾਬੀਆਂ ਸਿੱਖ ਖੇਡਾਂ ਨਿਊਜ਼ੀਲੈਂਡ ਦੀਆਂ ਹਨ ਸ਼ਾਨ ਪੰਜਾਬੀਆਂ ਦੀ’। ਪੂਰਾ ਗੀਤ ਸਾਰੀਆਂ ਖੇਡਾਂ ਦੀ ਰੂਪ-ਰੇਖਾ ਦਰਸਾਉਂਦਾ ਹੈ। ਇਸ ਗੀਤ ਨੂੰ ਪ੍ਰਸਿੱਧ ਸੰਗੀਤ ਕੰਪਨੀ ਮੰਗਲਾ ਰਿਕਾਰਡਜ਼ ਨੇ ਰਿਲੀਜ਼ ਕੀਤਾ ਹੈ। ਇਹ ਗੀਤ ਯੂ.ਟਿਊਬ ਉੱਤੇ ਫੁੱਲ ਹਾਈ ਡੈਫੀਨੇਸ਼ਨ ਕੁਆਲਿਟੀ ਉੱਤੇ ਅਪਲੋਡ ਵੀ ਕਰ ਦਿੱਤਾ ਗਿਆ ਹੈ। ਗੀਤ ਰਿਲੀਜ਼ ਕਰਨ ਵੇਲੇ ਸਿੱਖ ਖੇਡਾਂ ਦੇ ਪ੍ਰਬੰਧਕਾਂ ਵਿੱਚ ਸ. ਤਾਰਾ ਸਿੰਘ ਬੈਂਸ, ਸ. ਦਲਜੀਤ ਸਿੰਘ ਸਿੱਧੂ, ਸ. ਗੁਰਵਿੰਦਰ ਸਿੰਘ ਔਲਖ ਤੋਂ ਇਲਾਵਾ ਕਲਚਰਲ ਕਮੇਟੀ ਤੋਂ ਸ੍ਰੀ ਨਵਤੇਜ ਰੰਧਾਵਾ, ਰੇਡੀਓ ਸਾਡੇ ਆਲਾ ਤੋਂ ਸ਼ਰਨ ਸਿੰਘ, ਮਿਊਜ਼ਕ ਇੰਡਸਟਰੀ ਤੋਂ ਜੱਸੀ ਜੀ, ਢੋਲ ਬਲਾਸਟਰ ਅਜੀਤਪਾਲ ਸਿੰਘ ਸੈਣੀ, ਗੁਰਿੰਦਰ ਸੰਧੂ ਅਤੇ ਹੋਰ ਪੰਜਾਬੀ ਸਭਿਆਚਾਰ ਪੇਸ਼ ਕਰਦੇ ਕਲਾਕਾਰ ਹਾਜ਼ਰ ਸਨ।