ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ‘ਕਬੱਡੀ ਵਰਲਡ ਕੱਪ 2019’ ਵਿੱਚ ਨਿਊਜ਼ੀਲੈਂਡ ਦੀ ਕਬੱਡੀ ਟੀਮ ਸ਼ਮੂਲੀਅਤ ਕਰੇਗੀ – ਮਨਜਿੰਦਰ ਸਿੰਘ ਬਾਸੀ

ਆਕਲੈਂਡ, 19 ਨਵੰਬਰ – 18 ਨਵੰਬਰ ਦਿਨ ਸੋਮਵਾਰ ਨੂੰ ਕਬੱਡੀ ਫੈਡਰੇਸ਼ਨ ਆਫ਼ ਨਿਊਜ਼ੀਲੈਂਡ ਦੇ ਸਕੱਤਰ ਤੇ ਮੁੱਖ ਬੁਲਾਰੇ ਸ. ਮਨਜਿੰਦਰ ਸਿੰਘ ਬਾਸੀ ਨੇ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ‘ਕਬੱਡੀ ਵਰਲਡ ਕੱਪ 2019’ ਪੰਜਾਬ ਸਰਕਾਰ ਅਤੇ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਸਮੂਹ ਯਤਨਾਂ ਸਦਕਾ 1 ਤੋਂ 9 ਦਸੰਬਰ ਤੱਕ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਅਤੇ ਸਟੇਡੀਅਮਾਂ ਵਿੱਚ ਕਰਵਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਨੇ ਕਬੱਡੀ ਫੈਡਰੇਸ਼ਨ ਆਫ਼ ਨਿਊਜ਼ੀਲੈਂਡ ਨੂੰ ਇਹ ਖ਼ਾਸ ਸੱਦਾ ਪੱਤਰ ਭੇਜਿਆ ਹੈ ਕਿ ਕਬੱਡੀ ਦੀ ਟੀਮ ਨਿਊਜ਼ੀਲੈਂਡ ਵੱਲੋਂ ਵਰਲਡ ਕੱਪ ਵਿੱਚ ਹਿੱਸਾ ਲਵੇ। ਕਬੱਡੀ ਫੈਡਰੇਸ਼ਨ ਆਫ਼ ਨਿਊਜ਼ੀਲੈਂਡ ਨੇ ਸੱਦਾ ਕਬੂਲ ਕਰਕੇ ਬਹੁਤ ਉਤਸ਼ਾਹ ਨਾਲ ਨਿਊਜ਼ੀਲੈਂਡ ਕਬੱਡੀ ਟੀਮ ਦਾ ਇੱਕ ਵਿਸ਼ੇਸ਼ ਅਭਿਆਸ ਕੈਂਪ ਬੀਤੇ ਵੀਰਵਾਰ ਤੋਂ ਸ਼ੁਰੂ ਕਰਵਾ ਦਿੱਤਾ ਹੈ। ਪੰਜਾਬ ਵਿੱਚ ਹੋਣ ਜਾ ਰਹੇ ਵਰਲਡ ਕੱਪ ਦੌਰਾਨ ਨਿਊਜ਼ੀਲੈਂਡ ਦੀ ਟੀਮ ਸਾਰੀ ਦੁਨੀਆ ਦੇ ਕਬੱਡੀ ਪ੍ਰੇਮੀਆਂ ਅੱਗੇ ਬਿਹਤਰੀਨ ਪ੍ਰਦਰਸ਼ਨ ਕਰੇਗੀ।
ਕਬੱਡੀ ਫੈਡਰੇਸ਼ਨ ਦੀ ਇੱਕ ਟੀਮ ਪੰਜਾਬ ਅਗਾਮੀ ਹੀ ਪਹੁੰਚ ਚੁੱਕੀ ਹੈ ਅਤੇ ਪੰਜਾਬ ਸਰਕਾਰ ਵੱਲੋਂ ਸਰਕਾਰ ਦੇ ਉੱਚ ਅਧਿਕਾਰੀਆਂ ਨੂੰ ਸ਼ਾਮਲ ਕਰਕੇ ਗਠਿਤ ਕੀਤੀ ਹੋਈ ਵਿਸ਼ੇਸ਼ ਕੋ-ਆਰਡੀਨੇਟਰ ਕਮੇਟੀ ਅਤੇ ਉੱਥੇ ਦੇ ਪ੍ਰਬੰਧਕਾਂ ਨਾਲ ਲਗਾਤਾਰ ਰਾਬਤਾ ਰੱਖਦੇ ਹੋਏ ਕਬੱਡੀ ਫੈਡਰੇਸ਼ਨ ਆਫ਼ ਨਿਊਜ਼ੀਲੈਂਡ ਨੂੰ ਸਾਰੀ ਜ਼ਰੂਰੀ ਜਾਣਕਾਰੀ ਵਾਪਸ ਪੁਖਤਾ ਕਰ ਰਹੀ ਹੈ। ਇਸੇ ਸਿਲਸਿਲੇ ਵਿੱਚ ਕਬੱਡੀ ਫੈਡਰੇਸ਼ਨ ਆਫ਼ ਨਿਊਜ਼ੀਲੈਂਡ ਦੀ ਇੱਕ ਫ਼ਾਸ ਮੀਟਿੰਗ ਵਿੱਚ ਹਾਜ਼ਰ ਫੈਡਰੇਸ਼ਨ ਦੇ ਚੇਅਰਮੈਨ ਪੰਮੀ ਬੋਲੀਨਾ, ਪ੍ਰਧਾਨ ਇਕਬਾਲ ਸਿੰਘ ਬੋਦਲ, ਦਰਸ਼ਨ ਸਿੰਘ ਨਿੱਝਰ, ਸਕੱਤਰ ਤੇ ਮੁੱਖ ਬੁਲਾਰੇ ਸਰਦਾਰ ਮਨਜਿੰਦਰ ਸਿੰਘ ਬਾਸੀ, ਗੋਪਾ ਬੈਂਸ, ਸ਼ਿੰਦਰ ਸਮਰਾ, ਹਰਜੀਤ ਰਾਏ, ਭਿੰਦਾ ਪਾਸਲਾ, ਬਬਲੂ ਕੁਰੂਕਸ਼ੇਤਰ, ਮੱਦੂ ਹੈਮਿਲਟਨ ਅਤੇ ਚਰਨਜੀਤ ਥਿਆੜਾ ਨੇ ਮਾਣਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਸਰਦਾਰ ਤਜਿੰਦਰ ਸਿੰਘ ਮਿੱਡੂਖੇੜਾ, ਹਰਸਿਮਰਤ ਸਿੰਘ ਵਾਲੀਆ ਅਤੇ ਕਈ ਹੋਰ ਮਾਣਯੋਗ ਸ਼ਖਸੀਅਤਾਂ ਦਾ ਵਿਸ਼ੇਸ਼ ਧੰਨਵਾਦ ਕਰਦੇ ਹੋਏ ਇਹ ਵੀ ਭਰੋਸਾ ਦਿੱਤਾ ਕਿ ਕਬੱਡੀ ਫੈਡਰੇਸ਼ਨ ਆਫ਼ ਨਿਊਜ਼ੀਲੈਂਡ ਇਸ ਵਰਲਡ ਕੱਪ ਦੇ ਲਈ ਹਰ ਤਰ੍ਹਾਂ ਦਾ ਸਹਿਯੋਗ ਮੁਹੱਈਆ ਕਰਵਾਏਗੀ ਤਾਂ ਜੋ ਇਹ ਸਫਲਤਾ ਪੂਰਵਕ ਮੁਕੰਮਲ ਹੋਵੇ। ਇਸੇ ਮੀਟਿੰਗ ਦੌਰਾਨ ਟੀਮ ਦੀਆਂ ਤਿਆਰੀਆਂ ਦੇ ਵਿਚਾਰ ਕੀਤੇ ਗਏ ਅਤੇ ਹੋਰ ਕਈ ਫੈਸਲੇ ਵੀ ਫਾਈਨਲ ਕੀਤੇ ਗਏ। ਇਸੇ ਹੀ ਉਤਸ਼ਾਹ ਨਾਲ ਨਿਊਜ਼ੀਲੈਂਡ ਦੀ ਸੁਪਰੀਮ ਸਿੱਖ ਸੁਸਾਇਟੀ, ਟੋਰੰਗਾ ਸਿੱਖ ਸੁਸਾਇਟੀ, ਟੀ-ਪੁੱਕੀ ਸਿੱਖ ਸੋਸਾਇਟੀ ਅਤੇ ਨਿਊਜ਼ੀਲੈਂਡ ਦੇ ਸਾਰੇ ਹੀ ਮੁੱਖ ਖੇਡ ਕਲੱਬਾਂ ਨੇ ਵੀ ਕਬੱਡੀ ਫੈਡਰੇਸ਼ਨ ਆਫ਼ ਨਿਊਜ਼ੀਲੈਂਡ ਨੂੰ ਵਰਲਡ ਕੱਪ ਵਿਚ ਟੀਮ ਦੀ ਸ਼ਮੂਲੀਅਤ ਲਈ ਬਹੁਤ ਸਾਰੀਆਂ ਵਧਾਈਆਂ ਭੇਜੀਆਂ ਹਨ ਅਤੇ ਹਮੇਸ਼ਾਂ ਦੀ ਤਰ੍ਹਾਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ ਹੈ। ਜਲਦੀ ਹੀ ਇੱਕ ਹੋਰ ਮੀਡੀਆ ਮਿਲਣੀ ਅਤੇ ਮੀਡੀਆ ਰਿਲੀਜ਼ ਰਾਹੀਂ ਨਿਊਜ਼ੀਲੈਂਡ ਵੱਲੋਂ ਹਿੱਸਾ ਲੈਣ ਵਾਲੀ ਕੱਬਡੀ ਟੀਮ ਅਤੇ ਟੀਮ ਨਾਲ ਜਾਣ ਵਾਲੇ ਹੋਰ ਅਧਿਕਾਰੀਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।