ਐਲਕ ਗਰੋਵ ਸਿਟੀ ਵਿਖੇ ਮਨਾਇਆ ਗਿਆ ਸਿੱਖ ਜਾਗਰੂਕਤਾ ਅਤੇ ਪ੍ਰਸ਼ੰਸਾ ਮਹੀਨਾ

ਸੈਕਰਾਮੈਂਟੋ, ਕੈਲੀਫੋਰਨੀਆ, 27 ਨਵੰਬਰ (ਹੁਸਨ ਲੜੋਆ ਬੰਗਾ) – ਐਲਕ ਗਰੋਵ ਸਿਟੀ ਵੱਲੋਂ ਪਹਿਲੀ ਵਾਰ ਸਿਟੀ ਹਾਲ ਦੇ ਅੰਦਰ ਨਵੰਬਰ ਮਹੀਨੇ ਨੂੰ ਸਿੱਖ ਜਾਗਰੂਕਤਾ ਅਤੇ ਪ੍ਰਸ਼ੰਸਾ ਮਹੀਨੇ ਵਜੋਂ ਮਾਨਤਾ ਦੇਣ ਲਈ ਇਕ ਭਰਵਾਂ ਸਮਾਗਮ ਕੀਤਾ ਗਿਆ। ਐਲਕ ਗਰੋਵ ਦੇ ਮੇਅਰ ਸਟੀਵ ਲੀ ਨੇ ਸਭ ਤੋਂ ਪਹਿਲਾਂ ਸਿੱਖਾਂ ਦੀ ਕੈਲੀਫੋਰਨੀਆ ਵਿੱਚ ਮੌਜੂਦਗੀ ਅਤੇ ਉਨ੍ਹਾਂ ਵੱਲੋਂ ਪਾਏ ਗਏ ਯੋਗਦਾਨ ਸੰਬੰਧੀ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਸਿੱਖ ਕੌਮ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਇਸ ਉਪਰੰਤ ਐਲਕ ਗਰੋਵ ਸਿਟੀ ਦੇ ਕਮਿਸ਼ਨ ਮੈਂਬਰ ਗੁਰਜਤਿੰਦਰ ਸਿੰਘ ਰੰਧਾਵਾ ਨੇ ਸਿੱਖਾਂ ਦੇ ਅਮਰੀਕਾ ‘ਚ ਪਿਛਲੇ ਸਵਾ ਸੌ ਸਾਲ ਦੀ ਮੌਜੂਦਗੀ ਅਤੇ ਉਨ੍ਹਾਂ ਵੱਲੋਂ ਕੀਤੇ ਗਏ ਕੰਮਾਂ ਤੇ ਯੋਗਦਾਨ ਬਾਰੇ ਚਾਨਣਾ ਪਾਇਆ ਅਤੇ ਦੱਸਿਆ ਕਿ ਅੱਜ ਅਮਰੀਕੀ ਫ਼ੌਜ ਵਿੱਚ ਬਹੁਤ ਸਾਰੇ ਦਸਤਾਰਧਾਰੀ ਸਿੱਖ ਉੱਚ ਅਹੁਦਿਆਂ ‘ਤੇ ਬਿਰਾਜਮਾਨ ਹਨ। ਪਰ ਅਫ਼ਸੋਸ ਹੈ ਕਿ ਅਮਰੀਕਾ ਵਿੱਚ ਸਿੱਖਾਂ ਦੀ ਪਛਾਣ ਹਾਲੇ ਵੀ ਪੂਰੀ ਤਰ੍ਹਾਂ ਨਹੀਂ ਬਣ ਸਕੀ।
ਡ੍ਰਿਸਟ੍ਰਿਕ ਸਕੂਲ ਬੋਰਡ ਦੀ ਡਾਇਰੈਕਟਰ ਬੌਬੀ ਸਿੰਘ ਐਲਨ ਨੇ ਕਿਹਾ ਕਿ ਮੈਨੂੰ ਮਾਣ ਹੈ ਕਿ ਮੈਂ ਵੀ ਸਿੱਖ ਪਰਿਵਾਰ ਨਾਲ ਸੰਬੰਧਿਤ ਹਾਂ। ਇਸ ਕੌਮ ਨੇ ਅਮਰੀਕਾ ਲਈ ਆਪਣਾ ਅਹਿਮ ਯੋਗਦਾਨ ਪਾਇਆ ਹੈ। ਅਮਰੀਕੀ ਸਿੱਖ ਕਾਕਸ ਦੇ ਡਾਇਰੈਕਟਰ ਹਰਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਸਿੱਖ ਇੱਥੇ ਪਿਛਲੇ ਲੰਮੇ ਸਮੇਂ ਤੋਂ ਰਹਿ ਰਹੇ ਹਨ। ਉਨ੍ਹਾਂ ਅਮਰੀਕਾ ਵਿੱਚ ਸਿੱਖਾਂ ਬਾਰੇ ਬੋਲਦਿਆਂ ਕਿਹਾ ਕਿ ਲਗਭਗ ੧੨੦ ਸਾਲ ਪਹਿਲਾਂ ਜਦੋਂ ਸਿੱਖ ਕੈਲੀਫੋਰਨੀਆ ਦੀ ਧਰਤੀ ‘ਤੇ ਪਹੁੰਚੇ ਸਨ, ਉਸ ਵਕਤ ਇਨ੍ਹਾਂ ਨੇ ਸੜਕਾਂ, ਪੁਲਾਂ ਅਤੇ ਰੇਲਵੇ ਲਾਈਨਾਂ ਬਣਾਉਣ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ ਸੀ। ਅੱਜ ਇਸ ਕੌਮ ਨੇ ਬੜੀ ਤਰੱਕੀ ਕੀਤੀ ਹੈ। ਗੁਰਦੁਆਰਾ ਸਾਹਿਬ ਬਰਾਡਸ਼ਾਹ ਰੋਡ ਦੇ ਮੁੱਖ ਗ੍ਰੰਥੀ ਬਿਕਰਮਜੀਤ ਸਿੰਘ ਨੇ ਅੰਗਰੇਜ਼ੀ ਵਿੱਚ ਸਿੱਖ ਕੌਮ ਬਾਰੇ ਜਾਣਕਾਰੀ ਦਿੱਤੀ।
ਇਸ ਦੌਰਾਨ ਮੇਅਰ ਸਟੀਵ ਲੀ, ਕੌਂਸਲ ਮੈਂਬਰ ਡੈਰੇਨ ਸਿਊਨ, ਸਟੀਵ ਡੈਟਰਿਕ, ਸਟੈਫਨੀ ਨਿਊਨ, ਪੈਟ ਹਿਊਮ ਨੇ ਇਨ੍ਹਾਂ ਆਗੂਆਂ ਨੂੰ ਐਲਕ ਗਰੋਵ ਸਿਟੀ ਵੱਲੋਂ ਪ੍ਰੋਕਲੋਮੇਸ਼ਨ ਸਰਟੀਫਿਕੇਟ ਭੇਂਟ ਕੀਤਾ। ਇਸ ਦੌਰਾਨ ਗੁਰਦੁਆਰਾ ਸਾਹਿਬ ਬਰਾਡਸ਼ਾਹ ਰੋਡ ਦੀ ਕਮੇਟੀ, ਇੰਡੀਅਨ ਕੇਅਰ ਐਸੋਸੀਏਸ਼ਨ, ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ, ਪੰਜਾਬ ਪ੍ਰੋਡਕਸ਼ਨਜ਼, ਕੋਹਿਨੂਰ ਕਲੱਬ ਦੇ ਬਹੁਤ ਸਾਰੇ ਮੈਂਬਰ ਵੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਕੈਲੀਫੋਰਨੀਆ ਅਸੈਂਬਲੀ ਵੱਲੋਂ ਪਿਛਲੇ ਕੁੱਝ ਸਾਲਾਂ ਵਾਂਗ ਇਸ ਵਾਰ ਵੀ ਨਵੰਬਰ ਮਹੀਨੇ ਨੂੰ ਸਿੱਖ ਜਾਗਰੂਕਤਾ ਅਤੇ ਪ੍ਰਸ਼ੰਸਾ ਮਹੀਨੇ ਵਜੋਂ ਮਨਾਉਣ ਲਈ ਮਤਾ ਪਾਸ ਕੀਤਾ ਗਿਆ ਸੀ। 13; 267 ਮਤਾ ਅਸੈਂਬਲੀ ਮੈਂਬਰ ਐਸ਼ ਕਾਲੜਾ ਵੱਲੋਂ ਪੇਸ਼ ਕੀਤਾ ਗਿਆ ਸੀ ਅਤੇ ਅਸੈਂਬਲੀ ਮੈਂਬਰ ਜਿਮ ਕੂਪਰ ਵੱਲੋਂ ਇਸ ਦੀ ਪ੍ਰੋੜ੍ਹਤਾ ਕੀਤੀ ਗਈ ਸੀ। ਅਜਿਹੇ ਮਤਿਆਂ ਨਾਲ ਅਮਰੀਕਾ ਵਿੱਚ ਸਿੱਖ ਪਛਾਣ ਬਣਾਉਣ ਵਿੱਚ ਮਦਦ ਮਿਲੇਗੀ।