1984 ਸਿੱਖ ਕਤਲੇਆਮ ਦੇ ਇੱਕ ਕੇਸ ਵਿੱਚ ਯਸ਼ਪਾਲ ਸਿੰਘ ਨੂੰ ਫਾਂਸੀ ਤੇ ਨਰੇਸ਼ ਸਹਿਰਾਵਤ ਨੂੰ ਉਮਰ ਕੈਦ

ਨਵੀਂ ਦਿੱਲੀ, 21 ਨਵੰਬਰ – ਇੱਥੇ 20 ਨਵੰਬਰ ਨੂੰ ਪਟਿਆਲਾ ਹਾਊਸ ਅਦਾਲਤ ਨੇ 1984 ਦੇ ਸਿੱਖ ਕਤਲੇਆਮ ਦੇ ਇੱਕ ਕੇਸ ਵਿੱਚ ਦੋਸ਼ੀ ਕਰਾਰ ਦਿੱਤੇ 55 ਸਾਲਾ ਯਸ਼ਪਾਲ ਸਿੰਘ ਨੂੰ ਫਾਂਸੀ ਤੇ 59 ਸਾਲਾ ਨਰੇਸ਼ ਸਹਿਰਾਵਤ ਉਮਰ ਕੈਦ ਦੀ ਸਜ਼ਾ ਦੇਣ ਦਾ ਹੁਕਮ ਸੁਣਾਇਆ। ਜ਼ਿਕਰਯੋਗ ਹੈ ਕਿ ਸਪੈਸ਼ਲ ਇੰਵੇਸਟਿਗੇਸ਼ਨ ਟੀਮ (ਐੱਸਆਈਟੀ) ਵੱਲੋਂ ਦਰਜ ਕੀਤੇ ਗਏ 5 ਮਾਮਲਿਆਂ ਵਿੱਚ ਪਹਿਲੇ ਮੁਕੱਦਮੇ ਵਿੱਚ ਇਹ ਸਜ਼ਾ ਦਿੱਤੀ ਗਈ ਹੈ। ਵਧੀਕ ਸੈਸ਼ਨ ਜੱਜ ਅਜੈ ਪਾਂਡੇ ਵੱਲੋਂ ਸੁਰੱਖਿਆ ਕਾਰਨਾਂ ਕਰ ਕੇ ਪਟਿਆਲਾ ਹਾਊਸ ਦੇ ਆਪਣੇ 37 ਨੰਬਰ ਕਮਰੇ ਦੀ ਥਾਂ ਤਿਹਾੜ ਜੇਲ੍ਹ ਵਿੱਚ ਸਜ਼ਾ ਸੁਣਾਈ ਗਈ। ਅਦਾਲਤ ਨੇ ਦੋਵਾਂ ਦੋਸ਼ੀਆਂ ਨੂੰ 35-35 ਲੱਖ ਰੁਪਏ ਜੁਰਮਾਨਾ ਵੀ ਕੀਤਾ ਹੈ।
ਗੌਰਤਲਬ ਹੈ ਕਿ 2015 ਵਿੱਚ ਐੱਸਆਈਟੀ ਦੇ ਗਠਨ ਤੋਂ ਬਾਅਦ ਇਹ ਪਹਿਲਾ ਕੇਸ ਹੈ ਜਿਸ ਵਿੱਚ ਟ੍ਰਾਇਲ ਕੋਰਟ ਨੇ ਫਾਂਸੀ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ 14 ਨਵੰਬਰ ਨੂੰ ਦੋਵਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਇਨ੍ਹਾਂ ਦੋਵਾਂ ਉੱਤੇ 1984 ਦੇ ਸਿੱਖ ਕਤਲੇਆਮ ਦੌਰਾਨ ਉਸ ਵੇਲੇ 24 ਸਾਲਾ ਹਰਦੇਵ ਸਿੰਘ ਤੇ 26 ਸਾਲਾ ਅਵਤਾਰ ਸਿੰਘ ਨੂੰ ਮਹੀਪਾਲਪੁਰ ਵਿਖੇ ਕਤਲ ਕਰਨ ਦੇ ਦੋਸ਼ ਸਨ। ਇਨ੍ਹਾਂ ਦੋਵਾਂ ਨੂੰ ਆਈਪੀਸੀ ਧਾਰਾ ਤਹਿਤ ਦੋਸ਼ੀ ਠਹਿਰਾਇਆ ਗਿਆ ਤੇ ਤੁਰੰਤ ਫ਼ੈਸਲਾ ਸੁਣਾਏ ਜਾਣ ਤੋਂ ਬਾਅਦ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਹਰਦੇਵ ਸਿੰਘ ਦੇ ਭਰਾ ਸੰਤੋਖ ਸਿੰਘ ਨੇ ਸ਼ਿਕਾਇਤ ਕੀਤੀ ਸੀ ਪਰ ਦਿੱਲੀ ਪੁਲੀਸ ਨੇ 1994 ਵਿੱਚ ਮੁਕੱਦਮਾ ਬੰਦ ਕਰ ਦਿੱਤਾ ਸੀ। ਵਕੀਲ ਐੱਚ.ਐੱਸ. ਫੂਲਕਾ ਨੇ ਕਿਹਾ ਕਿ ਇਹ ਅਹਿਮ ਫ਼ੈਸਲਾ ਹੈ ਤੇ ਸਿੱਖ ਆਗੂਆਂ ਨੂੰ ਉਮੀਦ ਹੈ ਕਿ ਹੋਰ ਮਾਮਲਿਆਂ ਵਿੱਚ ਵੀ ਪੀੜਤਾਂ ਨੂੰ ਨਿਆਂ ਮਿਲੇਗਾ। ਦਿੱਲੀ ਵਿੱਚ 1984 ਦੇ ਸਿੱਖ ਕਤਲੇਆਮ ਨਾਲ ਸਬੰਧਤ 650 ਦੇ ਕਰੀਬ ਮੁਕੱਦਮੇ ਦਰਜ ਹੋਏ ਸਨ, 267 ਬੰਦ ਕਰ ਦਿੱਤੇ ਗਏ ਪਰ ਸੀਬੀਆਈ ਨੇ ਇਨ੍ਹਾਂ ਵਿੱਚੋਂ 5 ਮੁਕੱਦਮੇ ਮੁੜ ਖੋਲ੍ਹੇ। ਵਿਸ਼ੇਸ਼ ਜਾਂਚ ਟੀਮ ਨੇ ਵੀ 18 ਮਾਮਲੇ ਮੁੜ ਖੋਲ੍ਹੇ ਤੇ 60 ਮਾਮਲੇ ਅਜਿਹੇ ਪਾਏ ਗਏ ਜਿਨ੍ਹਾਂ ਦੀ ਅੱਗੇ ਜਾਂਚ ਕੀਤੀ ਜਾ ਸਕਦੀ ਸੀ। ਐੱਸਆਈਟੀ ਨੇ ਪਿਛਲੇ ਡੇਢ ਸਾਲ ਦੌਰਾਨ 52 ਮਾਮਲਿਆਂ ਨੂੰ ਅਣਲੱਭੇ ਕਰਾਰ ਦਿੱਤਾ। ਬਾਕੀ 8 ਮਾਮਲਿਆਂ ਦੀ ਜਾਂਚ ਹੋ ਰਹੀ ਹੈ, 5 ਦੀ ਚਾਰਜਸ਼ੀਟ ਦਾਖ਼ਲ ਹੋ ਚੁੱਕੀ ਹੈ ਤੇ 3 ਮਾਮਲੇ ਜਿਨ੍ਹਾਂ ਵਿੱਚ ਸੱਜਣ ਕੁਮਾਰ ਨਾਮਜ਼ਦ ਹੈ, ਦੀ ਜਾਂਚ ਲਟਕੀ ਪਈ ਹੈ।