ਭਾਰਤੀ ਮੂਲ ਦੇ ਸਪਿਨਰ ਪਟੇਲ ਨੇ ਨਿਊਜ਼ੀਲੈਂਡ ਨੂੰ 4 ਦੌੜਾਂ ਨਾਲ ਜਿਤਾਇਆ

ਅਬੂਧਾਬੀ , 20 ਨਵੰਬਰ – ਇੱਥੇ 19 ਨਵੰਬਰ ਦਿਨ ਸੋਮਵਾਰ ਨੂੰ ਪਾਕਿਸਤਾਨ ਅਤੇ ਨਿਊਜ਼ੀਲੈਂਡ ਦੇ ਵਿਚਾਲੇ 3 ਟੈੱਸਟ ਮੈਚਾਂ ਦੀ ਸੀਰੀਜ਼ ਦੇ ਪਹਿਲੇ ਟੈੱਸਟ ਮੈਚ ਦੇ ਚੌਥੇ ਹੀ ਦਿਨ ਕੀਵੀ ਟੀਮ ਨੇ ਪਾਕਿਸਤਾਨ ‘ਤੇ 4 ਦੌੜਾਂ ਨਾਲ ਰੋਮਾਂਚਕ ਜਿੱਤ ਦਰਜ ਕਰਕੇ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ ਹੈ। ਨਿਊਜ਼ੀਲੈਂਡ ਦੀ ਇਹ ਹੈਰਾਨੀਜਨਕ ਜਿੱਤ ਉਸ ਦੇ ਕ੍ਰਿਕਟ ਇਤਿਹਾਸ ਦੀ ਸਭ ਤੋਂ ਛੋਟੇ ਫ਼ਰਕ ਨਾਲ ਮਿਲੀ ਜਿੱਤ ਵੀ ਹੈ।
ਨਿਊਜ਼ੀਲੈਂਡ ਦੀ ਜਿੱਤ ਦਾ ਸਿਹਰਾ ਡੈਬਿਊ ਕਰ ਰਹੇ ਭਾਰਤੀ ਮੂਲ ਦੇ ਸਪਿਨਰ ਏਜ਼ਾਜ਼ ਪਟੇਲ ਦੇ ਸਿਰ ਉੱਤੇ ਬੱਝਦਾ ਹੈ ਜਿਸ ਨੇ ਜ਼ੋਰਦਾਰ ਗੇਂਦਬਾਜ਼ੀ ਕਰਦੇ ਹੋਏ 59 ਦੌੜਾਂ ਦੇ ਕੇ 5 ਪਾਕਿਸਤਾਨੀ ਖਿਡਾਰੀਆਂ ਨੂੰ ਆਊਟ ਕੀਤਾ ਅਤੇ ਟੀਮ ਨੂੰ ਜਿੱਤ ਦਵਾਈ। ਉਨ੍ਹਾਂ ਦੇ ਇਸ ਸ਼ਾਨਦਾਰ ਨੁਮਾਇਸ਼ ਲਈ ਸਪਿਨਰ ਏਜ਼ਾਜ਼ ਪਟੇਲ ਨੂੰ ‘ਮੈਨ ਆਫ਼ ਦਿ ਮੈਚ’ ਦੇ ਖ਼ਿਤਾਬ ਨਾਲ ਵੀ ਨਿਵਾਜਿਆ ਗਿਆ। ਕਿਉਂਕਿ ਉਸ ਨੇ ਪਹਿਲੀ ਪਾਰੀ ਦੀਆਂ 2 ਵਿਕਟਾਂ ਸਣੇ ਦੋਵੇਂ ਪਾਰੀਆਂ ਵਿੱਚ ਕੁੱਲ 7 ਵਿਕਟਾਂ ਲਈਆਂ ਸਨ। ਸਪਿਨ ਗੇਂਦਬਾਜ਼ ਏਜ਼ਾਜ਼ ਪਟੇਲ ਦਾ ਜਨਮ ਭਾਰਤ ਦੇ ਮੁੰਬਈ ਸ਼ਹਿਰ ਵਿੱਚ ਹੋਇਆ ਸੀ, ਪਰ ਹੁਣ ਉਹ ਨਿਊਜ਼ੀਲੈਂਡ ਦੀ ਟੀਮ ਲਈ ਕ੍ਰਿਕੇਟ ਖੇਡ ਰਿਹਾ ਹੈ।
ਪਾਕਿਸਤਾਨ ਨੂੰ ਇਹ ਮੈਚ ਨੂੰ ਜਿੱਤਣ ਲਈ 175 ਦੌੜਾਂ ਬਣਾਉਣੀਆਂ ਸਨ, ਪਰ ਉਸ ਦੀ ਪੂਰੀ ਟੀਮ 171 ਦੌੜਾਂ ਉੱਤੇ ਆਲ ਆਊਟ ਹੋ ਗਈ। ਇੱਕ ਵੇਲੇ ਪਾਕਿਸਤਾਨ ਦੀ ਟੀਮ ਇਸ ਟੈੱਸਟ ਮੈਚ ਨੂੰ ਜਿੱਤਣ ਦੀ ਮਜ਼ਬੂਤ ਦਾਅਵੇਦਾਰ ਲੱਗ ਰਹੀ ਸੀ। ਕਿਉਂਕਿ ਬੱਲੇਬਾਜ਼ ਅਜ਼ਹਰ ਅਲੀ (65) ਤੇ ਅਸਾਦ ਸ਼ਫੀਕ (45) ਨੇ ਚੌਥੀ ਵਿਕਟ ਲਈ ੮੨ ਦੌੜਾਂ ਦੀ ਸਾਂਝੇਦਾਰੀ ਨਾਲ ਆਪਣੀ ਟੀਮ ਨੂੰ ਜਿੱਤ ਦੇ ਬੇਹੱਦ ਨੇੜੇ ਪਹੁੰਚਾ ਦਿੱਤਾ ਸੀ ਪਰ ਨਿਊਜ਼ੀਲੈਂਡ ਲਈ ਡੈਬਿਊ ਕਰ ਰਹੇ ਭਾਰਤੀ ਮੂਲ ਦੇ ਸਪਿਨਰ ਏਜ਼ਾਜ਼ ਪਟੇਲ ਦੀ ਫਿਰਕੀ ਨੇ ਪਾਕਿਸਤਾਨੀ ਖਿਡਾਰੀਆਂ ਨੂੰ ਘੁੰਮਾ ਕੇ ਰੱਖ ਦਿੱਤਾ।
ਭਾਵੇਂ ਪਾਕਿਸਤਾਨ ਦੀ ਟੀਮ ਨੇ 175 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ੪ ਵਿਕਟਾਂ ਗੁਆ ਕੇ 130 ਦੌੜਾਂ ਬਣਾ ਲਈਆਂ ਸਨ ਤੇ 130 ਦੌੜਾਂ ਤੱਕ ਕੀਵੀ ਟੀਮ ਦੀ ਜਿੱਤ ਦੇ ਨਾਇਕ ਗੇਂਦਬਾਜ਼ ਪਟੇਲ ਨੇ ਸਿਰਫ਼ ਇਮਾਮ-ਉਲ-ਹੱਕ ਦਾ ਵਿਕਟ ਹੀ ਆਪਣੇ ਨਾਮ ਕੀਤਾ ਸੀ, ਪਰ ਇਸ ਦੇ ਬਾਅਦ ਏਜ਼ਾਜ਼ ਪਟੇਲ ਨੇ ਸਰਫ਼ਰਾਜ ਅਹਿਮਦ (3), ਬਿਲਾਲ ਆਸਿਫ਼ (0) ਅਤੇ ਹਸਨ ਅਲੀ ਦੇ ਵਿਕਟ ਝਟਕਾਏ। ਇਸ ਦੇ ਬਾਅਦ ਵੀ ਪਾਕਿਸਤਾਨ ਦੀ ਟੀਮ ਜਿੱਤ ਦੇ ਬੇਹੱਦ ਕਰੀਬ ਆ ਗਈ ਸੀ ਕਿਉਂਕਿ ਅਜ਼ਹਰ ਅਲੀ ਨੇ ਇੱਕ ਕੋਨੇ ਨੂੰ ਮਜ਼ਬੂਤੀ ਨਾਲ ਸੰਭਾਲੀ ਰੱਖਿਆ ਸੀ, ਪਰ ਜਦੋਂ ਪਾਕਿਸਤਾਨ ਨੂੰ ਜਿੱਤ ਲਈ ਸਿਰਫ਼ 4 ਦੌੜਾਂ ਚਾਹੀਦੀਆਂ ਸਨ ਅਤੇ ਅਜ਼ਹਰ ਅਲੀ 65 ਦੌੜਾਂ ਬਣਾ ਕੇ ਖੇਡ ਰਿਹਾ ਸੀ। ਤਦ ਕੀਵੀ ਗੇਂਦਬਾਜ਼ ਪਟੇਲ ਨੇ ਅਲੀ ਨੂੰ ਐਲਬੀਡਬਲਿਊ ਆਊਟ ਕਰਕੇ ਆਪਣੀ ਟੀਮ ਨੂੰ ਜਿੱਤ ਦਿਵਾ ਦਿੱਤੀ। ਟੈੱਸਟ ਕ੍ਰਿਕੇਟ ਦੇ ਇਤਿਹਾਸ ਵਿੱਚ 4 ਦੌੜਾਂ ਤੋਂ ਮਿਲੀ ਇਹ ਹਾਰ ਪਾਕਿਸਤਾਨ ਦੀ ਸਭ ਤੋਂ ਕਰੀਬੀ ਹਾਰ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਨੂੰ ਜੋ ਸਭ ਤੋਂ ਕਰੀਬੀ ਹਾਰ ਮਿਲੀ ਸੀ ਉਹ 21 ਦੌੜਾਂ ਦੀ ਸੀ। ਇਹ ਹਾਰ ਪਾਕਿਸਤਾਨ ਨੂੰ ਸ੍ਰੀਲੰਕਾ ਦੇ ਖ਼ਿਲਾਫ਼ ਪਿਛਲੇ ਸਾਲ ਅਬੂਧਾਬੀ ਦੇ ਮੈਦਾਨ ਉੱਤੇ ਹੀ ਮਿਲੀ ਸੀ।