‘ਕਲਿ ਤਾਰਣ ਗੁਰੁ ਨਾਨਕ ਆਇਆ’

ਐਡੀਟਰ – ਅਮਰਜੀਤ ਸਿੰਘ (ਆਕਲੈਂਡ),
E-mail : amarjitsaini@yahoo.com

ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ‘ਤੇ ਵਿਸ਼ੇਸ਼
ਸਿੱਖ ਧਰਮ ਦੇ ਪਹਿਲੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅੱਜ 19 ਨਵੰਬਰ 2021 ਨੂੰ 552ਵਾਂ ਪ੍ਰਕਾਸ਼ ਪੁਰਬ ਹੈ ਜਿਸ ਨੂੰ ਦੁਨੀਆ ਭਰ ‘ਚ ਤੇ ਖ਼ਾਸ ਤੌਰ ‘ਤੇ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਪਾਕਿਸਤਾਨ ਦੇ ਨਨਕਾਣਾ ਸਾਹਿਬ ਤੇ ਕਰਤਾਰਪੁਰ ਸਾਹਿਬ ਵਿਖੇ ਬੜੀ ਹੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ 9 ਨਵੰਬਰ 2019 ਨੂੰ ਕਰਤਾਰਪੁਰ ਸਾਹਿਬ ਲਈ ਲਾਂਘਾ ਖੋਲ੍ਹਣ ਦਾ ਉਦਘਾਟਨ ਕੀਤਾ ਗਿਆ ਸੀ ਅਤੇ ਭਾਰਤ ਵਾਲੇ ਪਾਸਿਓ ਡੇਰਾ ਬਾਬਾ ਨਾਨਕ ਤੋਂ ਸਿੱਖ ਸ਼ਰਧਾਲੂਆਂ ਨੂੰ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ, ਕੋਵਿਡ ਮਹਾਂਮਾਰੀ ਦੇ ਕਰਕੇ ਬੰਦੇ ਹੋਏ ਲਾਂਘੇ ਨੂੰ ਮੁੜ ਗੁਰਪੁਰਬ ਮੌਕੇ ਭਾਰਤ ਸਰਕਾਰ ਵੱਲੋਂ ਖੋਲ੍ਹਿਆ ਗਿਆ ਹੈ। ਸਿੱਖਾਂ ਵੱਲੋਂ ਕੀਤੀਆਂ ਜਾ ਰਹੀਆਂ ਅਰਦਾਸਾਂ ਦਾ ਹੀ ਨਤੀਜਾ ਹੈ, ਜੋ ਹੁਣ ਸੱਚ ਹੋਇਆ ਹੈ। ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਦਾ ਇਹ ਰਸਤਾ 4 ਕਿੱਲੋਮੀਟਰ ਦਾ ਪਾਕਿਸਤਾਨ ਵਾਲੇ ਪਾਸੇ ਨੂੰ ਹੈ।
ਸਿੱਖ ਧਰਮ ਦੇ ਸੰਸਥਾਪਕ ਅਤੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 552 ਸਾਲ ਪਹਿਲਾਂ, 15 ਅਪ੍ਰੈਲ 1469 ਈਸਵੀ ਵਿੱਚ ਰਾਏ ਭੋਇ ਦੀ ਤਲਵੰਡੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਹੋਇਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਕਲਿਆਣ ਚੰਦ ਬੇਦੀ (ਮਹਿਤਾ ਕਾਲ)ੂ, ਮਾਤਾ ਤ੍ਰਿਪਤਾ ਦੇਵੀ ਜੀ ਸਨ। ਆਪ ਜੀ ਦੀ ਭੈਣ ਬੇਬੇ ਨਾਨਕੀ ਅਤੇ ਜੀਜਾ ਜੈ ਰਾਮ ਜੀ ਸਨ। ਆਪ ਜੀ ਦਾ ਵਿਆਹ 18 ਸਾਲ ਦੀ ਉਮਰ ਵਿੱਚ ਬਟਾਲਾ ਦੇ ਨਿਵਾਸੀ ਸ੍ਰੀ ਮੂਲ ਚੰਦ ਜੀ ਦੀ ਸਪੁੱਤਰੀ ਬੀਬੀ ਸੁਲੱਖਣੀ ਜੀ ਨਾਲ ਹੋਇਆ। ਆਪ ਜੀ ਦੇ ਦੋ ਪੁੱਤਰ ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਚੰਦ ਸਨ। ਸਿੱਖ ਧਰਮ ਦੁਨੀਆ ਦਾ ਸਭ ਤੋਂ ਨਵਾਂ ਅਤੇ ਆਧੁਨਿਕ ਧਰਮ ਹੈ, ਜਿਸ ਨੇ ਸ਼ਾਂਤੀ, ਸਦਭਾਵਨਾ ਅਤੇ ਸਰਬੱਤ ਦੇ ਭਲੇ ਦਾ ਸੰਦੇਸ਼ ਦਿੱਤਾ ਹੈ। ਸਰਬੱਤ ਦਾ ਭਲਾ ਲੋਕਾਈ ਦੇ ਕਿਸੇ ਇਕ ਵਰਗ ਲਈ ਨਹੀਂ ਸਗੋਂ ਸਮੁੱਚੀ ਮਾਨਵਤਾ ਲਈ ਹੈ। ਗੁਰੂ ਨਾਨਕ ਦੇਵ ਜੀ ਨੇ ਮਨੁੱਖਾਂ ਨੂੰ ਆਪਸੀ ਪਿਆਰ ਕਰਨ, ਮਿਲਵਰਤਣ, ਵੰਡ ਛਕਣ, ਕਿਰਤ ਕਰਨ, ਇਸਤ੍ਰੀ ਨੂੰ ਸਮਾਜ ਵਿੱਚ ਉੱਚਾ ਦਰਜਾ ਦੇਣ ਤੇ ਬ੍ਰਾਹਮਣੀ ਕਰਮ ਕਾਂਡਾਂ ਦੀ ਨਿੰਦਿਆ ਕੀਤੀ। ਗੁਰੂ ਨਾਨਕ ਦੇਵ ਜੀ ਸਮੇਂ ਭਾਵੇਂ ਪਹਿਲਾਂ ਵੀ ਬਹੁਤ ਧਰਮ ਪ੍ਰਚਲਿਤ ਸਨ ਪਰ ਉਨ੍ਹਾਂ ਨੇ ਮਨੁੱਖਤਾ ਦੀ ਭਲਾਈ ਲਈ ਨਵੇਂ ਧਰਮ (ਸਿੱਖ) ਦੀ ਨੀਂਹ ਰੱਖ, ਜੋ ਅੱਜ ਵੀ ਦੁਨੀਆ ਭਰ ਵਿੱਚ ਫੈਲਿਆ ਹੋਇਆ ਹੈ ਤੇ ਮਾਨਵਤਾ ਦੇ ਭਲੇ ਦਾ ਸੁਨੇਹਾ ਫੈਲਾ ਰਿਹਾ ਹੈ। ਗੁਰੂ ਨਾਨਕ ਦੇਵ ਜੀ ਨੇ ਆਪਣੇ ਸਮੇਂ ਹਰ ਉਸ ਗੱਲ ਦੀ ਵਿਰੋਧਤਾ ਕੀਤੀ, ਜੋ ਮਨੁੱਖ ਨੂੰ ਨਿਘਾਰ ਵੱਲ ਲਿਜਾ ਰਹੀ ਸੀ। ਗੁਰੂ ਜੀ ਨੇ ਤੁਰੀਆਂ ਆ ਰਹੀਆਂ ਪੁਰਾਣੀਆਂ ਗ਼ਲਤ ਪਰੰਪਰਾਵਾਂ ਨੂੰ ਵੰਗਾਰਿਆ ਅਤੇ ਨਵੀਆਂ ਪੈੜਾਂ ਪਾਈਆਂ। ਗੁਰੂ ਨਾਨਕ ਦੇਵ ਜੀ ਨੇ ਮਾਨਵਤਾ ਦੇ ਭੱਲੇ ਦੀ ਗੱਲ ਕਰਦੇ ਹੋਏ ਸਮੇਂ ਦੇ ਮੁਗ਼ਲ ਬਾਦਸ਼ਾਹ ਬਾਬਰ ਦੇ ਜ਼ੁਲਮਾਂ ਦੀ ਵੀ ਵਿਰੋਧਤਾ ਕੀਤੀ ਅਤੇ ਬਾਬਰ ਨੂੰ ਜਾਬਰ ਤੱਕ ਕਿਹਾ :-
ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ॥
ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ॥
ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ॥੧॥
ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜ਼ੋਰੀ ਮੰਗੈ ਦਾਨੁ ਵੇ ਲਾਲੋ॥
ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ॥ (ਅੰਗ ੩੬੦)
ਗੁਰੂ ਨਾਨਕ ਦੇਵ ਜੀ ਨੇ ਔਰਤ ਦੀ ਦੁਰਦਸ਼ਾ ਨੂੰ ਮਹਿਸੂਸ ਕੀਤਾ ਅਤੇ ਔਰਤਾਂ ਦੇ ਹੱਕ ਦੀ ਗੱਲ ਕਰਦੇ ਹੋਏ ਕਿਹਾ :-
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵਿਆਹ ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੇ ਰਾਹੁ ॥
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ ॥
ਸੋ ਕਿਉ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨੁ ॥ (ਅੰਗ ੪੭੩)
ਗੁਰੂ ਨਾਨਕ ਦੇਵ ਜੀ ਨੇ ਪੈਦਲ ਚਾਰ ਦਿਸ਼ਾਵਾਂ ਵੱਲ ਚਾਰ ਉਦਾਸੀਆਂ ਕੀਤੀਆਂ, ਜਿਸ ਦੌਰਾਨ ਆਪ ਕੁਰੂਕਸ਼ੇਤਰ, ਹਰਿਦੁਆਰ, ਮਥੁਰਾ, ਬਨਾਰਸ, ਆਸਾਮ, ਗਯਾ, ਢਾਕਾ, ਜਗਨ ਨਾਥ ਪੁਰੀ, ਲਾਹੌਰ, ਸੰਗਲਾਦੀਪ, ਹੈਦਰਾਬਾਦ, ਗੋਲਕੰਡਾ, ਬਦਰੀਨਾਥ, ਕੈਲਾਸ਼ ਮਾਨਸਰੋਵਰ, ਨੇਪਾਲ, ਸਿੱਕਮ, ਭੁਟਾਨ, ਡੇਰਾ ਗ਼ਾਜ਼ੀ ਖਾਂ, ਡੇਰਾ ਇਸਮਾਇਲ ਖਾਂ, ਮੱਕਾ, ਮਦੀਨਾ, ਬਗ਼ਦਾਦ, ਬੁਖ਼ਾਰਾ, ਹਸਨ ਅਬਦਾਲ ਅਤੇ ਤੁਰਕੀ ਆਦਿ ਸਥਾਨਾਂ ‘ਤੇ ਹੋਕੇ ਆਏ। ਆਪ ਨੇ ਕਾਜ਼ੀਆਂ, ਬ੍ਰਾਹਮਣਾਂ, ਜੋਗੀਆਂ, ਸਿੱਧਾਂ ਅਤੇ ਮੁੱਲਾਂ-ਮੁਲਾਣਿਆਂ ਦੇ ਨਾਲ ਗੋਸ਼ਟੀਆਂ ਕੀਤੀਆਂ। ਆਪ ਜੀ ਨੇ ਸੱਜਣ ਠੱਗ, ਕੌਡੇ ਰਾਖਸ਼ ਅਤੇ ਮਲਿਕ ਭਾਗੋ ਵਰਗਿਆਂ ਨੂੰ ਸਿੱਧੇ ਰਾਹ ਪਾਇਆ ਅਤੇ ਲੋਕਾਂ ਨੂੰ ਵਹਿਮਾਂ-ਭਰਮਾਂ ਅਤੇ ਪਾਖੰਡਾਂ ਵਿਚੋਂ ਨਿਕਲ ਕੇ ਧਰਮ ਦੇ ਰਸਤੇ ‘ਤੇ ਚੱਲਣ ਦਾ ਉਪਦੇਸ਼ ਦਿੱਤਾ ਅਤੇ ਭੁੱਲੇ-ਭਟਕੇ ਲੋਕਾਂ ਨੂੰ ਸਹੀ ਰਸਤਾ ਦਿਖਾਇਆ। ਗੁਰੂ ਨਾਨਕ ਦੇਵ ਜੀ ਨੇ ਗ੍ਰਹਿਸਤੀ ਵਿੱਚ ਭਗਤੀ ਦਾ ਮਾਰਗ ਵਿਖਾਇਆ। ਗੁਰੂ ਨਾਨਕ ਦੇਵ ਜੀ ਨੇ ਬੁਢਾਪੇ ਵਿੱਚ ਕਰਤਾਰਪੁਰ (ਪਾਕਿਸਤਾਨ) ਵਿਖੇ ਆਪਣੇ ਅੰਤਿਮ ਸਮੇਂ ਦੇ 18 ਸਾਲ ਦੇ ਲਗਭਗ ਖੇਤੀ ਕੀਤੀ। ਆਪ 22 ਸਤੰਬਰ 1539 ਈਸਵੀ ਨੂੰ ਕਰਤਾਰਪੁਰ ਵਿਖੇ ਜੋਤੀ-ਜੋਤਿ ਸਮਾਏ। ਆਪ ਜੀ ਦੇ ਜੋਤੀ-ਜੋਤਿ ਸਮਾਉਣ ‘ਤੇ ਹਿੰਦੂਆਂ ‘ਤੇ ਮੁਸਲਮਾਨਾਂ ਵਿੱਚ ਤਕਰਾਰ ਹੋ ਗਈ ਅਤੇ ਫਿਰ ਹਿੰਦੂ ਆਖਣ ਇਹ ਸਾਡੇ ‘ਗੁਰੂ’ ਹਨ ਇਸ ਲਈ ਅਸੀਂ ਇਨ੍ਹਾਂ ਦੇ ਮ੍ਰਿਤਕ ਸਰੀਰ ਦਾ ਸਸਕਾਰ ਕਰਾਂਗੇ ਅਤੇ ਮੁਸਲਮਾਨ ਆਖਣ ਕਿ ਇਹ ਸਾਡੇ ‘ਪੀਰ’ ਹਨ ਇਸ ਲਈ ਅਸੀਂ ਇਨ੍ਹਾਂ ਦੇ ਮ੍ਰਿਤਕ ਸਰੀਰ ਨੂੰ ਦਫ਼ਨਾਵਾਂਗੇ। ਉਨ੍ਹਾਂ ਦੀ ਯਾਦ ਵਿੱਚ ਕਰਤਾਰਪੁਰ ਵਿਖੇ ਗੁਰਦੁਆਰਾ ਅਤੇ ਕਬਰ ਨਾਲ-ਨਾਲ ਹੀ ਬਣੇ ਹੋਏ ਹਨ। ਗੁਰੂ ਨਾਨਕ ਦੇਵ ਜੀ ਇਕ ਸਮਾਜਵਾਦੀ ਅਤੇ ਮਹਾਨ ਕ੍ਰਾਂਤੀਕਾਰੀ ਵੀ ਕਿਹਾ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਨੇ 19 ਰਾਗਾਂ ਵਿੱਚ (974 ਸ਼ਬਦ) ਬੜੀ ਸਰਲ ਭਾਸ਼ਾ ਵਿੱਚ ਬਾਣੀ ਉਚਾਰਨ ਕੀਤੀ। ਆਪ ਜੀ ਦੀਆਂ ਬਾਣੀਆਂ ਜਪੁ ਜੀ ਸਾਹਿਬ, ਆਸਾ ਦੀ ਵਾਰ, ਸਿੱਧ ਗੋਸ਼ਟ, ਪਹਿਰੇ, ਦੱਖਣੀ ਓਅੰਕਾਰ ਅਤੇ ਬਾਰਹ ਮਾਹ ਤੁਖਾਰੀ ਆਦਿ ਹਨ। ਭਾਵੇਂ ਗੁਰੂ ਜੀ ਨੇ ‘ਏਕੁ ਪਿਤਾ ਏਕਸ ਕੇ ਹਮ ਬਾਰਕ’ ਦੀ ਗੱਲ ਕਹੀ ਹੈ ਪਰ ਅਜੋਕੇ ਸਮੇਂ ‘ਚ ਸਿੱਖ ਜਾਤ-ਪਾਤ ਦੇ ਨਾਲ-ਨਾਲ ਗੁਰੂ ਜੀ ਦੇ ਬਣਾਏ ਸਿਧਾਂਤਾਂ ਤੋਂ ਥਿੜਕਿਆ ਹੋਇਆ ਨਜ਼ਰ ਆ ਰਿਹਾ ਹੈ। ਅੱਜ ਹਰ ਪਾਸੇ ਚੌਧਰ ਦੀ ਭੁੱਖ ਹੈ ਹਰ ਕੋਈ ਆਪਣੀ ਆਪ ਨੂੰ ਸਿਆਣਾ ਦੱਸ ਰਿਹਾ ਹੈ। ਲੋੜ ਹੈ ਸਮੇਂ ਸਿਰ ਵੇਲਾ ਸੰਭਲਣ ਦੀ ਨਹੀਂ ਤਾਂ ਇਹ ਵੰਡੀਆਂ ਹੋਰ ਵੱਧ ਜਾਣਗੀਆਂ।
ਗੁਰੂ ਨਾਨਕ ਦੇਵ ਜੀ ਦਾ 552ਵਾਂ ਪ੍ਰਕਾਸ਼ ਪੁਰਬ ਦੁਨੀਆ ਭਰ ਵਿੱਚ ਮਨਾਇਆ ਜਾ ਰਿਹਾ ਹੈ। ‘ਕੂਕ ਪੰਜਾਬੀ ਸਮਾਚਾਰ’ ਦਾ ਅਦਾਰਾ ਵੀ ਗੁਰੂ ਨਾਨਕ ਦੇਵ ਜੀ ਦੇ 19 ਨਵੰਬਰ ਨੂੰ ਮਨਾਏ ਜਾ ਰਹੇ 552ਵੇਂ ਪ੍ਰਕਾਸ਼ ਪੁਰਬ ਦੀਆਂ ਸਮੂਹ ਭਾਈਚਾਰੇ, ਪਾਠਕਾਂ, ਇਸ਼ਤਿਹਾਰੀ ਕੰਪਨੀਆਂ, ਇਸ਼ਤਿਹਾਰੀ ਸੱਜਣਾਂ, ਗੁਰੂ ਨਾਨਕ ਨਾਮ-ਲੇਵਾ ਸੰਗਤਾਂ ਤੇ ਦੇਸ਼ ਵਿਦੇਸ਼ਾਂ ਵਿੱਚ ਵੱਸਦੇ ਸਮੁੱਚੇ ਭਾਈਚਾਰੇ ਨੂੰ ਲੱਖ-ਲੱਖ ਵਧਾਈਆਂ ਦਿੰਦਾ ਹੈ।