ਕਾਂਗਰਸ ਦਾ ਨਵਾਂ ਫ਼ਾਰਮੂਲਾ ਕੀ ਗੁੱਲ ਖਿਲਾਵੇਗਾ?

ਲੇਖਕ – ਉਜਾਗਰ ਸਿੰਘ ਮੋਬਾਈਲ: +91 94178 13072 E-mail: ujagarisngh48@yahoo.com

ਇਹ ਵੇਖਣ ਵਾਲੀ ਗੱਲ ਹੈ ਕਿ ਕਾਂਗਰਸ ਹਾਈ ਕਮਾਂਡ ਦਾ ਨਵਾਂ ਫ਼ਾਰਮੂਲਾ ਕੀ ਗੁੱਲ ਖਿਲਾਵੇਗਾ? ਇਕ ਨੌਜਵਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾ ਕੇ ਕਾਂਗਰਸ ਪਾਰਟੀ ਨੇ ਇਕ ਨਵਾਂ ਪੈਂਤੜਾ ਖੇਡਿਆ ਹੈ। ਰਾਜਾ ਵੜਿੰਗ ਹੁਣ ਤੱਕ ਦੇ ਪੰਜਾਬ ਕਾਂਗਰਸ ਦੇ ਪ੍ਰਧਾਨਾ ਵਿੱਚੋਂ ਸਭ ਤੋਂ ਛੋਟੀ ਉਮਰ ਦਾ ਪ੍ਰਧਾਨ ਹੈ। ਨੌਜਵਾਨਾ ਵਿੱਚ ਜੋਸ਼ ਹੁੰਦਾ ਹੈ, ਪ੍ਰੰਤੂ ਹੋਸ਼ ਦੀ ਘਾਟ ਹੁੰਦੀ ਹੈ। ਰਾਜਾ ਵੜਿੰਗ ਵਿੱਚ ਜੋਸ਼ ਦੇ ਨਾਲ ਹੋਸ਼ ਵੀ ਹੈ, ਜੋ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ। ਰਾਜਾ ਵੜਿੰਗ ਦੇ ਤਿੰਨ ਮਹੀਨੇ ਟਰਾਂਸਪੋਰਟ ਮੰਤਰੀ ਦੀ ਸਫਲਤਾ ਤੋਂ ਉਮੀਦ ਜਾਗਦੀ ਹੈ ਕਿ ਉਹ ਧੜਿਆਂ ਵਿੱਚ ਵੰਡੀ ਪੰਜਾਬ ਕਾਂਗਰਸ ਨੂੰ ਇੱਕਮੁੱਠ ਕਰਨ ਵਿੱਚ ਵੀ ਜ਼ਰੂਰ ਸਫਲ ਹੋਵੇਗਾ। ਰਾਜਾ ਵੜਿੰਗ ਲਈ ਵੀ ਪ੍ਰਧਾਨਗੀ ਇਕ ਵੰਗਾਰ ਹੋਵੇਗੀ ਕਿਉਂਕਿ 2024 ਦੀਆਂ ਲੋਕ ਸਭਾ ਚੋਣਾ ਵਿੱਚ ਪੰਜਾਬ ਕਾਂਗਰਸ ਦੀ ਕਾਰਗੁਜ਼ਾਰੀ ਦਾ ਪ੍ਰਮਾਣ ਦੇਣਾ ਪਵੇਗਾ। ਵਿਧਾਨ ਸਭਾ ਚੋਣਾ ਵਿੱਚ ਕਾਂਗਰਸ ਪਾਰਟੀ ਦੀ ਨਮੋਸ਼ੀ ਜਨਕ ਹੋਈ ਹਾਰ ਨਾਲ ਨਮੋਸ਼ੀ ਵਿੱਚ ਆਏ ਵਰਕਰਾਂ ਨੂੰ ਲਾਮਬੰਦ ਕਰਕੇ ਸਰਗਰਮ ਕਰਨਾ ਸੌਖਾ ਨਹੀਂ ਹੋਵੇਗਾ। ਤਲਵਾਰ ਦੀ ਧਾਰ ‘ਤੇ ਤੁਰਨ ਵਰਗਾ ਹੋਵੇਗਾ ਕਿਉਂਕਿ ਘਾਗ ਸਿਆਸਤਦਾਨਾਂ ਨੂੰ ਨਾਲ ਲੈ ਕੇ ਚੱਲਣਾ ਕਠਨ ਡਗਰ ਹੋਵੇਗੀ। ਸਰਬ ਭਾਰਤੀ ਕਾਂਗਰਸ ਕਮੇਟੀ ਨੇ ਸੁਨੀਲ ਕੁਮਾਰ ਜਾਖੜ ਨੂੰ ਪ੍ਰਧਾਨਗੀ ਤੋਂ ਹਟਾ ਕੇ ਨਵਜੋਤ ਸਿੱਧੂ ਨੂੰ ਇਸ ਆਸ ਨਾਲ ਲਿਆਂਦਾ ਸੀ ਕਿ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਕਾਰਗੁਜ਼ਾਰੀ ਦੀ ਅਸਫਲਤਾ ਨੂੰ ਸਫਲਤਾ ਵਿੱਚ ਬਦਲ ਦਿੱਤਾ ਜਾਵੇਗਾ। ਪ੍ਰੰਤੂ ਨਵਜੋਤ ਸਿੰਘ ਸਿੱਧੂ ਦੇ ਫ਼ਾਰਮੂਲੇ ਵਿੱਚ ਬੁਰੀ ਤਰ੍ਹਾਂ ਫ਼ੇਲ੍ਹ ਹੋਣ ਤੋਂ ਬਾਅਦ ਜਿਹੜੇ ਨਵੇਂ ਫ਼ਾਰਮੂਲੇ ਅਧੀਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਭਰਤ ਭੂਸ਼ਣ ਆਸ਼ੂ ਨੂੰ ਪ੍ਰਧਾਨ ਅਤੇ ਕਾਰਜਕਾਰੀ ਪ੍ਰਧਾਨ ਬਣਾਇਆ ਹੈ, ਕੀ ਉਸ ਵਿੱਚ ਸਫਲ ਹੋਣਗੇ? ਨਵਜੋਤ ਸਿੱਧੂ ਦੇ ਫ਼ਾਰਮੂਲੇ ਵਿੱਚ ਚਾਰ ਕਾਰਜਕਾਰੀ ਪ੍ਰਧਾਨ ਲਾਉਣ ਤੋਂ ਬਾਅਦ ਵੀ ਪੰਜਾਬ ਕਾਂਗਰਸ ਦਾ ਕੁਨਬਾ ਇੱਕਮੁੱਠ ਨਹੀਂ ਹੋ ਸਕਿਆ ਸੀ। ਜਦੋਂ ਅਮਰਿੰਦਰ ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਅੰਮ੍ਰਿਤਸਰ ਵਿਖੇ ਗਏ ਤਾਂ ਨਵਜੋਤ ਸਿੰਘ ਸਿੱਧੂ ਪਹਿਲਾਂ ਸਮਰਾਲੇ ਅਮਰੀਕ ਸਿੰਘ ਢਿੱਲੋਂ, ਫਿਰ ਲਾਲ ਸਿੰਘ ਅਤੇ ਸੁਨੀਲ ਜਾਖੜ ਨੂੰ ਮਿਲਣ ਲਈ ਚੰਡੀਗੜ੍ਹ ਚਲੇ ਗਏ। ਇਹ ਪਾਰਟੀ ਦੀ ਫੁੱਟ ਦੇ ਸੰਕੇਤ ਹਨ। ਕੀ ਹੁਣ ਇਕ ਕਾਰਜਕਾਰੀ ਪ੍ਰਧਾਨ ਵਾਲਾ ਫ਼ਾਰਮੂਲਾ ਪੰਜਾਬ ਕਾਂਗਰਸ ਵਿੱਚ ਇੱਕਜੁੱਟਤਾ ਲਿਆਉਣ ਵਿੱਚ ਸਫਲ ਹੋਵੇਗਾ? ਇਸ ਬਾਰੇ ਸਿਆਸੀ ਮਾਹਿਰਾਂ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ। ਇਸ ਨਵੇਂ ਫ਼ਾਰਮੂਲੇ ਵਿੱਚ ਪ੍ਰਧਾਨ ਅਤੇ ਕਾਰਜਕਾਰੀ ਪ੍ਰਧਾਨ ਦੋਵੇਂ ਟਕਸਾਲੀ ਕਾਂਗਰਸੀ ਪਰਿਵਾਰਾਂ ਵਿੱਚੋਂ ਹਨ। ਸੁਨੀਲ ਕੁਮਾਰ ਜਾਖੜ ਵੀ ਟਕਸਾਲੀ ਪਰਿਵਾਰ ਵਿੱਚੋਂ ਸੀ। ਕਾਂਗਰਸ ਹਾਈ ਕਮਾਂਡ ਨੇ ਮਹਿਸੂਸ ਕਰ ਲਿਆ ਲਗਦਾ ਹੈ ਕਿ ਦੂਜੀਆਂ ਪਾਰਟੀਆਂ ਵਿੱਚੋਂ ਦਲ ਬਦਲੀ ਕਰਕੇ ਆਏ ਵਿਅਕਤੀਆਂ ਨੂੰ ਪ੍ਰਧਾਨ ਬਣਾਉਣ ‘ਤੇ ਟਕਸਾਲੀ ਕਾਂਗਰਸੀ ਨੇਤਾ ਅਤੇ ਵਰਕਰ ਪਸੰਦ ਨਹੀਂ ਕਰਦੇ। ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ 18 ਸਾਲ ਦੇ ਕਾਂਗਰਸ ਪਾਰਟੀ ਤੋਂ ਬਨਵਾਸ ਲਏ ਤੋਂ ਬਾਅਦ ਕਾਂਗਰਸ ਵਿੱਚ ਆਉਣ ਤੋਂ ਤੁਰੰਤ ਬਾਅਦ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ ਸੀ। ਕੈਪਟਨ ਅਮਰਿੰਦਰ ਦਾ ਫ਼ਾਰਮੂਲਾ ਸਫਲ ਹੋਣ ਕਰਕੇ ਹੀ ਨਵਜੋਤ ਸਿੱਧੂ ਵਾਲਾ ਫ਼ਾਰਮੂਲਾ ਅਪਣਾਇਆ ਗਿਆ ਸੀ। ਨਵਜੋਤ ਸਿੰਘ ਸਿੱਧੂ ਦੇ ਆਉਣ ਨਾਲ ਪੰਜਾਬ ਕਾਂਗਰਸ ਵਿੱਚ ਧੜੇਬੰਦੀ ਸਿਖ਼ਰਾਂ ‘ਤੇ ਪਹੁੰਚ ਗਈ ਸੀ, ਜਿਸ ਦਾ ਇਵਜ਼ਾਨਾ ਕਾਂਗਰਸ ਪਾਰਟੀ ਨੂੰ ਵਿਧਾਨ ਸਭਾ ਚੋਣਾ ਵਿੱਚ ਭੁਗਤਣਾ ਪਿਆ। ਪ੍ਰਤਾਪ ਸਿੰਘ ਬਾਜਵਾ ਵੀ ਟਕਸਾਲੀ ਕਾਂਗਰਸੀ ਪਰਿਵਾਰ ਵਿੱਚੋਂ ਸਨ, ਉਨ੍ਹਾਂ ਨੂੰ ਹਟਾ ਕੇ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਆਂਦਾ ਸੀ। ਕਾਂਗਰਸ ਪਾਰਟੀ ਦੇ ਜੇਕਰ ਇਤਿਹਾਸ ‘ਤੇ ਨਜ਼ਰ ਮਾਰੀਏ ਤਾਂ ਪਤਾ ਲਗਦਾ ਹੈ ਕਿ ਕੇਂਦਰੀ ਕਾਂਗਰਸ ਹਰ ਵਾਰ ਨਵੇਂ ਫ਼ਾਰਮੂਲੇ ਲਾਗੂ ਕਰਕੇ ਨਵੇਂ-ਨਵੇਂ ਤਜ਼ਰਬੇ ਕਰਨ ਦੀ ਆਦੀ ਹੈ। ਇਨ੍ਹਾਂ ਨਵੇਂ ਫ਼ਾਰਮੂਲਿਆਂ ਨਾਲ ਇਕ ਵਾਰੀ ਨੂੰ ਛੱਡ ਕੇ ਕਾਂਗਰਸ ਨੂੰ ਹਮੇਸ਼ਾ ਹਾਰ ਦਾ ਮੂੰਹ ਵੇਖਣਾ ਪਿਆ ਹੈ। 2002 ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਸ਼ਮਸ਼ੇਰ ਸਿੰਘ ਦੂਲੋ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾ ਕੇ ਦਲਿਤ ਵੋਟਾਂ ਬਟੋਰਨ ਲਈ ਤਜ਼ਰਬਾ ਕੀਤਾ ਸੀ। ਭਾਵ ਦਲਿਤ ਵੋਟਾਂ ਬਟੋਰਨ ਦੀ ਆਸ ਨਾਲ ਉਹ ਫ਼ਾਰਮੂਲਾ ਵਰਤਿਆ ਸੀ ਪ੍ਰੰਤੂ ਉਹ ਫ਼ਾਰਮੂਲਾ ਵੀ ਬੁਰੀ ਤਰ੍ਹਾਂ ਫ਼ੇਲ੍ਹ ਹੋ ਗਿਆ ਸੀ। 2007 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਚੋਣ ਹਾਰ ਗਈ ਸੀ। ਇੱਥੋਂ ਤੱਕ ਕਿ ਉਦੋਂ ਦੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਵੀ ਚੋਣ ਹਾਰ ਗਏ ਸਨ। ਇਸ ਵਾਰ 2017 ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਬਣਨ ‘ਤੇ ਸੁਨੀਲ ਕੁਮਾਰ ਜਾਖੜ ਨੂੰ ਪ੍ਰਧਾਨ ਤਾਂ ਬਣਾ ਦਿੱਤਾ ਸੀ ਪ੍ਰੰਤੂ ਉਨ੍ਹਾਂ ਨੂੰ ਚਾਰ ਸਾਲ ਕਾਰਜਕਾਰਨੀ ਹੀ ਨਹੀਂ ਬਣਾਉਣ ਦਿੱਤੀ ਸੀ। ਉਹ ਕੈਪਟਨ ਅਮਰਿੰਦਰ ਸਿੰਘ ਦੀ ਹਾਂ ਵਿੱਚ ਹਾਂ ਮਿਲਾਉਂਦੇ ਰਹੇ। ਭਾਵ ਹਮਖ਼ਿਆਲੀ ਪ੍ਰਧਾਨ ਅਤੇ ਮੁੱਖ ਮੰਤਰੀ ਵੀ ਸਫਲ ਨਾ ਹੋਏ। ਉਹ ਫ਼ਾਰਮੂਲਾ ਵੀ ਸਹੀ ਸਾਬਤ ਨਹੀਂ ਹੋਇਆ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਲੋਕ ਪੱਖੀ ਫ਼ੈਸਲਿਆਂ ਅਤੇ ਚੋਣ ਸਮੇਂ ਕੀਤੇ ਵਾਅਦਿਆਂ ਤੋਂ ਆਨਾ ਕਾਨੀ ਕਰਦੇ ਰਹੇ। ਸੁਨੀਲ ਕੁਮਾਰ ਜਾਖੜ ਦੀ ਜਾਂ ਤਾਂ ਸੁਣੀ ਨਹੀਂ ਗਈ ਜਾਂ ਉਹ ਜਾਣ ਕੇ ਚੁੱਪ ਬੈਠੇ ਰਹੇ। ਜਿਸ ਨਾਲ ਕਾਂਗਰਸੀ ਵਰਕਰਾਂ ਦਾ ਮਨੋਬਲ ਡਿਗ ਗਿਆ। ਫਿਰ ਸੁਨੀਲ ਕੁਮਾਰ ਜਾਖੜ ਦੀ ਥਾਂ ਨਵਜੋਤ ਸਿੰਘ ਸਿੱਧੂ ਦਾ ਫ਼ਾਰਮੂਲਾ ਲਾਗੂ ਕੀਤਾ। ਸੁਨੀਲ ਜਾਖ਼ੜ ਨੂੰ ਬੇਇੱਜ਼ਤ ਕਰਕੇ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਵਿਰੋਧਤਾ ਦੇ ਬਾਵਜੂਦ ਨਵਜੋਤ ਸਿੱਧੂ ਵਾਲਾ ਫ਼ਾਰਮੂਲਾ ਲਾਗੂ ਕੀਤਾ ਜੋ ਸਫਲ ਨਹੀਂ ਹੋਇਆ। ਹੁਣ ਟਕਸਾਲੀ ਕਾਂਗਰਸੀ ਨੇਤਾਵਾਂ ਨੂੰ ਪਾਰਟੀ ਦੀ ਵਾਗ ਡੋਰ ਦੇਣ ਦਾ ਭਾਵ ਕੇਂਦਰੀ ਕਾਂਗਰਸ ਪਾਰਟੀ ਨੇ ਆਪਣੀ ਗ਼ਲਤੀ ਮੰਨ ਲਈ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਮਾਲਵੇ ਨਾਲ ਸੰਬੰਧਿਤ ਹਨ, ਜਦੋਂ ਕਿ ਮਾਲਵੇ ਵਿੱਚੋਂ ਸਿਰਫ਼ ਦੋ ਹੀ ਵਿਧਾਨਕਾਰ ਜਿੱਤੇ ਹਨ। ਰਾਜਾ ਵੜਿੰਗ ਨੌਜਵਾਨ ਹਨ, ਜੋਸ਼ ਨਾਲ ਪਾਰਟੀ ਨੂੰ ਲਾਮਬੰਦ ਕਰ ਸਕਦੇ ਹਨ ਪ੍ਰੰਤੂ ਸੀਨੀਅਰ ਕਾਂਗਰਸੀਆਂ ਵਿੱਚ ਘੁਸਰ ਮੁਸਰ ਹੋਣ ਲੱਗ ਪਈ ਹੈ। ਰਾਜਾ ਵੜਿੰਗ ਦਾ ਕਾਂਗਰਸ ਪਾਰਟੀ ਵਿੱਚ ਆਰਗੇਨਾਈਜ਼ੇਸ਼ਨ ਦਾ ਬਲਾਕ ਦੇ ਪ੍ਰਧਾਨ ਤੋਂ ਸ਼ੁਰੂ ਹੋ ਕੇ ਯੂਥ ਕਾਂਗਰਸ ਦੇ ਆਲ ਇੰਡੀਆ ਪ੍ਰਧਾਨ, ਵਿਧਾਨਕਾਰ ਅਤੇ ਪੰਜਾਬ ਦੇ ਮੰਤਰੀ ਹੋਣ ਕਰਕੇ ਵਿਸ਼ਾਲ ਤਜਰਬਾ ਹੈ। ਰਾਜਾ ਵੜਿੰਗ ਨੂੰ ਪ੍ਰਧਾਨ ਬਣਾ ਕੇ ਕਾਂਗਰਸ ਪਾਰਟੀ ਨੂੰ ਪਰਿਵਾਰਵਾਦ ‘ਚੋਂ ਬਾਹਰ ਕੱਢਣ ਦਾ ਮੈਸੇਜ ਦੇਣ ਦੀ ਕੋਸ਼ਿਸ਼ ਵੀ ਹੈ। ਵੇਖਣ ਵਾਲੀ ਗੱਲ ਹੈ ਕਿ ਉਹ ਆਪਣੇ ਇਸ ਤਜਰਬੇ ਨਾਲ ਖੱਖੜੀਆਂ ਹੋਈ ਪੰਜਾਬ ਕਾਂਗਰਸ ਨੂੰ ਇਕ ਪਲੇਟ ਫਾਰਮ ‘ਤੇ ਲਿਆਉਣ ਵਿੱਚ ਸਫਲ ਹੁੰਦੇ ਹਨ ਕਿ ਨਹੀਂ। ਪੰਜਾਬ ਕਾਂਗਰਸ ਵਿੱਚ ਧੜੇਬੰਦੀ ਵੀ ਬਹੁਤ ਜ਼ਿਆਦਾ ਹੈ। ਇਸ ਤੋਂ ਇਲਾਵਾ ਜਿਹੜੇ ਪ੍ਰਧਾਨਗੀ ਦੇ ਉਮੀਦਵਾਰ ਸਨ ਕੀ ਉਹ ਵੀ ਰਾਜਾ ਵੜਿੰਗ ਦਾ ਸਾਥ ਦੇਣਗੇ ਕਿ ਆਪੋ ਆਪਣੀ ਡਫਲੀ ਵਜਾਉਂਦੇ ਰਹਿਣਗੇ? ਕਾਂਗਰਸ ਹਾਈ ਕਮਾਂਡ ਵੀ ਹੁਣ ਸਾਰਾ ਕੁਝ ਗੁਆ ਕੇ ਗੂੜ੍ਹੀ ਨੀਂਦ ਵਿਚੋਂ ਬਾਹਰ ਆ ਗਈ ਲਗਦੀ ਹੈ। ਅਨੁਸ਼ਾਸਨ ਭੰਗ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰ ਰਹੀ ਹੈ। ਹਾਈ ਕਮਾਂਡ ਦੀ ਇਸ ਕਾਰਵਾਈ ਨਾਲ ਰਾਜਾ ਵੜਿੰਗ ਨੂੰ ਤਾਕਤ ਮਿਲੇਗੀ ਕਿਉਂਕਿ ਛੇਤੀ ਕੀਤਿਆਂ ਹੁਣ ਕੋਈ ਨੇਤਾ ਖਾਮ-ਖਾਹ ਬਿਆਨਬਾਜ਼ੀ ਵਿੱਚ ਨਹੀਂ ਪਵੇਗਾ। ਸੁਨੀਲ ਕੁਮਾਰ ਜਾਖ਼ੜ ਨੂੰ ਨੋਟਿਸ ਦੇਣਾ ਅਤੇ ਸੁਰਜੀਤ ਸਿੰਘ ਧੀਮਾਨ ਨੂੰ ਪਾਰਟੀ ਵਿੱਚੋਂ ਬਾਹਰ ਕੱਢਣ ਦੇ ਸਖ਼ਤ ਫ਼ੈਸਲੇ ਅਨੁਸ਼ਾਸਨ ਭੰਗ ਕਰਨ ਵਾਲਿਆਂ ਲਈ ਇਕ ਚੇਤਾਵਨੀ ਹੈ। ਬਾਕੀ ਨੇਤਾਵਾਂ ਰਾਣਾ ਗੁਰਜੀਤ ਸਿੰਘ ਜਿਸ ਨੇ ਆਪਣੇ ਪੁੱਤਰ ਨੂੰ ਕਾਂਗਰਸ ਦੇ ਵਿਧਾਇਕ ਨਵਜੋਤ ਸਿੰਘ ਚੀਮਾ ਵਿਰੁੱਧ ਹਿੱਕ ਠੋਕ ਕੇ ਖੜ੍ਹਾਂ ਕਰਕੇ ਜਿਤਾਇਆ ਹੈ, ਉਸ ਵਿਰੁੱਧ ਕੋਈ ਕਾਰਵਾਈ ਨਹੀਂ। ਇਸੇ ਤਰ੍ਹਾਂ ਮਹਾਰਾਣੀ ਪ੍ਰਨੀਤ ਕੌਰ ਨੇ ਆਪਣੇ ਪਤੀ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਪ੍ਰੰਤੂ ਅਜੇ ਤੱਕ ਕੋਈ ਕਾਰਵਾਈ ਨਹੀਂ। ਜਸਬੀਰ ਸਿੰਘ ਡਿੰਪਾ ਨੇ ਚੋਣ ਪ੍ਰਚਾਰ ਵਿੱਚ ਹਿੱਸਾ ਹੀ ਨਹੀਂ ਲਿਆ । ਕਾਂਗਰਸ ਪਾਰਟੀ ਧੜੇਬੰਦੀ ਨੂੰ ਖ਼ੁਦ ਉਤਸ਼ਾਹਿਤ ਕਰ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਤੋਂ ਪਹਿਲਾਂ ਕਾਂਗਰਸ ਨੇ ਸੀਨੀਅਰ ਨੇਤਾਵਾਂ ਤੋਂ ਕੈਪਟਨ ਦੇ ਵਿਰੁੱਧ ਬਿਆਨ ਖ਼ੁਦ ਦਿਵਾ ਕੇ ਅਨੁਸ਼ਾਸਨਹੀਣਤਾ ਨੂੰ ਉਤਸ਼ਾਹਿਤ ਕੀਤਾ ਸੀ। ਹੁਣ ਅਨੁਸ਼ਾਸਨ ਵਿੱਚ ਰਹਿਣ ਦਾ ਪਾਠ ਪੜ੍ਹਾ ਰਹੀ ਹੈ। ਕਾਂਗਰਸ ਆਪਣੀਆਂ ਗ਼ਲਤੀਆਂ ਦਾ ਨੁਕਸਾਨ ਉਠਾ ਰਹੀ ਹੈ। ਵੈਸੇ ਜੇਕਰ ਕਾਂਗਰਸ ਪਾਰਟੀ ਚੋਣਾਂ ਤੋਂ ਪਹਿਲਾਂ ਅਤੇ ਚੋਣਾ ਦੌਰਾਨ ਨੇਤਾਵਾਂ ਤੇ ਬਿਆਨਬਾਜ਼ੀ ਨਾ ਕਰਨ ਲਈ ਕੋਈ ਕਾਰਵਾਈ ਕਰਦੀ ਤਾਂ ਕਾਂਗਰਸ ਨੂੰ ਇਹ ਦਿਨ ਨਾ ਵੇਖਣੇ ਪੈਂਦੇ। ਹੁਣ ਤਾਂ ਕਾਂਗਰਸ ਸਹੇ ਦੇ ਨਿਕਲ ਜਾਣ ਤੋਂ ਬਾਅਦ ਰਾਹ ਨੱਪਦੀ ਫਿਰਦੀ ਹੈ। ਜਾਤ ਬਿਰਾਦਰੀ ਦਾ ਵੀ ਧਿਆਨ ਰੱਖ ਕੇ ਬੈਲੈਂਸ ਬਣਾਇਆ ਗਿਆ ਹੈ। ਰਾਜਾ ਵੜਿੰਗ ਜੱਟ ਸਿੱਖ ਪਰਿਵਾਰ ਵਿੱਚੋਂ ਅਤੇ ਭਾਰਤ ਭੂਸ਼ਣ ਆਸ਼ੂ ਬ੍ਰਾਹਮਣ ਹਿੰਦੂ ਨੇਤਾ ਹੋਣ ਕਰਕੇ ਲਏ ਗਏ ਹਨ। ਕੈਪਟਨ ਅਮਰਿੰਦਰ ਸਿੰਘ ਵਿਰੁੱਧ ਬਗ਼ਾਵਤ ਕਰਨ ਵਾਲੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਅੰਦਰੋਂ ਅੰਦਰੀਂ ਠੱਗੇ ਮਹਿਸੂਸ ਕਰ ਰਹੇ ਹਨ। ਇਨ੍ਹਾਂ ਦੋਹਾਂ ਨੇਤਾਵਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਸੀ।
ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਭਾਰਤ ਭੂਸ਼ਨ ਆਸ਼ੂ ਨੂੰ ਮਾਲਵੇ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਉਪ ਨੇਤਾ ਰਾਜ ਕੁਮਾਰ ਚੱਬੇਵਾਲ ਨੂੰ ਮਾਝੇ ਵਿੱਚੋਂ ਬਣਾ ਕੇ ਪ੍ਰਤੀਨਿਧਤਾ ਦਿੱਤੀ ਗਈ ਹੈ। ਰਾਜ ਕੁਮਾਰ ਚੱਬੇਵਾਲ ਨੂੰ ਬਣਾ ਕੇ ਅਨੁਸੂਚਿਤ ਜਾਤੀਆਂ ਨੂੰ ਸੰਤੁਸ਼ਟ ਕੀਤਾ ਗਿਆ ਹੈ। ਅਜਿਹੇ ਫ਼ਾਰਮੂਲੇ ਕਾਂਗਰਸ ਬਣਾ ਤਾਂ ਲੈਂਦੀ ਹੈ ਪ੍ਰੰਤੂ ਅਮਲੀ ਤੌਰ ਤੇ ਸਫਲ ਹੋਣ ਲਈ ਜੱਦੋਜਹਿਦ ਕਰਨੀ ਪੈਂਦੀ ਹੈ। ਤੇਲ ਵੇਖੋ ਅਤੇ ਤੇਲ ਦੀ ਧਾਰ ਵੇਖੋ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਂਗਰਸ ਪਾਰਟੀ ਨੂੰ ਮੰਝਧਾਰ ਵਿੱਚੋਂ ਕੱਢਣ ਵਿੱਚ ਕਿਤਨਾ ਕੁ ਸਫਲ ਹੁੰਦੇ ਹਨ।