ਗਾਇਕ ਤੋਂ ਨਾਇਕ ਬਣੇ ਮਹਿਤਾਬ ਵਿਰਕ, ਪੰਜਾਬੀ ਫਿਲਮ ‘ਨੀਂ ਮੈਂ ਸੱਸ ਕੁੱਟਣੀ’ ਵਿੱਚ ਬਤੌਰ ਹੀਰੋ ਆਉਣਗੇ ਨਜ਼ਰ

ਪੰਜਾਬੀ ਗਾਇਕ ਮਹਿਤਾਬ ਵਿਰਕ ਹੁਣ 29 ਅਪ੍ਰੈਲ ਨੂੰ ਵਿਸ਼ਵ ਪੱਧਰੀ ਰਿਲੀਜ਼ ਹੋਣ ਜਾ ਰਹੀ ਫ਼ਿਲਮ ‘ਨੀਂ ਮੈਂ ਸੱਸ ਕੁੱਟਣੀ’ ਵਿੱਚ ਹੀਰੋ ਬਣ ਕੇ ਆ ਰਿਹਾ ਹੈ। ਉਸ ਦੀ ਇਹ ਫ਼ਿਲਮ ਪੰਜਾਬੀ ਸਿਨਮੇ ਨੂੰ ਇੱਕ ਨਵਾਂ ਮੋੜ ਦੇਵੇਗੀ। ਬਨਵੈਤ ਫਿਲਮਜ਼ ਅਤੇ ਸਚਿਨ-ਅੰਕੁਸ਼ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦੀ ਕਹਾਣੀ ਮੁਹੱਬਤ ਤੋਂ ਪਿਆਰ-ਵਿਆਹ ਚ ਬੱਝੀ ਰੁਮਾਂਟਿਕ ਲਾਈਫ਼ ਅਤੇ ਨੂੰਹ ਸੱਸ ਦੀ ਨੋਕ-ਝੋਕ ਅਧਾਰਿਤ ਦਿਲਚਸਪ ਕੈਮਿਸਟਰੀ ਹੈ। ਪੰਜਾਬੀ ਗਾਇਕ ਮਹਿਤਾਬ ਵਿਰਕ ਬਤੌਰ ਹੀਰੋ ਇਸ ਫ਼ਿਲਮ ਜ਼ਰੀਏ ਪਹਿਲੀ ਵਾਰ ਪਰਦੇ ‘ਤੇ ਨਜ਼ਰ ਆਵੇਗਾ ਅਤੇ ਨਾਲ ਹੀ ਨਾਮਵਰ ਮਾਡਲ ਤਨਵੀ ਨਾਗੀ ਵੀ ਪਹਿਲੀ ਵਾਰ ਵੱਡੇ ਪਰਦੇ ‘ਤੇ ਬਤੌਰ ਹੀਰੋਇਨ ਨਜ਼ਰ ਆਵੇਗੀ। ਇਨ੍ਹਾਂ ਤੋਂ ਇਲਾਵਾ ਇਸ ਫ਼ਿਲਮ ਵਿੱਚ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਅਨੀਤਾ ਦੇਵਗਣ, ਨਿਰਮਲ ਰਿਸ਼ੀ, ਸੀਮਾ ਕੌਸ਼ਲ, ਨਿਸ਼ਾ ਬਾਨੋ, ਅਕਿਸ਼ਤਾ ਸ਼ਰਮਾ, ਤਰਸੇਮ ਪੌਲ, ਦਿਲਾਵਰ ਸਿੱਧੂ, ਮਨਜੀਤ ਕੌਰ ਔਲਖ, ਸੰਨੀ ਗਿੱਲ, ਰਵਿੰਦਰ ਮੰਡ, ਡੌਲੀ ਸਿੰਘ ਅਤੇ ਸਤਿੰਦਰ ਕੌਰ ਸਮੇਤ ਕੁਝ ਨਵੇਂ ਚਿਹਰਿਆਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੀ ਕਹਾਣੀ ਰਾਜੂ ਵਰਮਾ ਨੇ ਲਿਖੀ ਹੈ ਤੇ ਪ੍ਰਵੀਨ ਕੁਮਾਰ ਨੇ ਇਸ ਨੂੰ ਡਾਇਰੈਕਟ ਕੀਤਾ ਹੈ। ਫ਼ਿਲਮ ਦੇ ਨਿਰਮਾਤਾ ਮੋਹਿਤ ਬਨਵੈਤ, ਆਕੁੰਸ਼ ਗੁਪਤਾ ਅਤੇ ਸਚਿਨ ਗੁਪਤਾ ਹਨ। ਇਸ ਫ਼ਿਲਮ ਬਾਰੇ ਗੱਲਬਾਤ ਕਰਦਿਆਂ ਮਹਿਤਾਬ ਵਿਰਕ ਨੇ ਦੱਸਿਆ ਕਿ ਇਹ ਫ਼ਿਲਮ ਸਾਡੇ ਪਰਿਵਾਰਕ ਰਿਸ਼ਤਿਆਂ ਦੀ ਤਰਜ਼ਮਾਨੀ ਕਰਦੀ ਕਾਮੇਡੀ ਭਰਪੂਰ ਡਰਾਮਾ ਫ਼ਿਲਮ ਹੈ ਜੋ ਮਨੋਰੰਜਨ ਦੇ ਨਾਲ ਨਾਲ ਵੱਡੀ ਨਸੀਹਤ ਵੀ ਦੇਵੇਗੀ ਕਿ ਧੀਆਂ ਦੇ ਮਾਪਿਆਂ ਨੂੰ ਕਦੇ ਵੀ ਧੀ ਦੇ ਸਹੁਰੇ ਪਰਿਵਾਰ ਦੀ ਜ਼ਿੰਦਗੀ ਵਿੱਚ ਦਖ਼ਲ ਨਹੀਂ ਦੇਣਾ ਚਾਹੀਦਾ ਅਤੇ ਨੂੰਹ ਸੱਸ ਦੇ ਰਿਸ਼ਤੇ ਨੂੰ ਹੋਰ ਵੀ ਮਜ਼ਬੂਤ ਕਰਦੀ ਹੋਈ ਉਨ੍ਹਾਂ ਦੇ ਆਪਸੀ ਪਿਆਰ ਤੇ ਸਤਿਕਾਰ ‘ਚ ਵਾਧਾ ਕਰੇਗੀ। ਫ਼ਿਲਮ ਵਿੱਚ ਹਾਲਾਤ ਮੁਤਾਬਕ ਬਦਲਦੇ ਜਾ ਰਹੇ ਰਿਸ਼ਤਿਆਂ ਦੀ ਵੀ ਗੱਲ ਕੀਤੀ ਗਈ ਹੈ।
ਪੰਜਾਬ ਦੇ ਨਾਲ ਲਗਦੇ ਹਰਿਆਣਾ ਸੂਬੇ ਦੇ ਜ਼ਿਲ੍ਹਾ ਕਰਨਾਲ ‘ਚ ਪੇਂਦੇ ਪਿੰਡ ਰੁਗਸਾਣਾ ਦੇ ਜੰਮਪਲ ਮਹਿਤਾਬ ਵਿਰਕ ਦਾ ਜਨਮ 10 ਮਈ 1992 ਨੂੰ ਪਿਤਾ ਸਵ. ਹਰਦੀਪ ਸਿੰਘ ਵਿਰਕ ਅਤੇ ਮਾਤਾ ਕੁਲਦੀਪ ਕੌਰ ਦੇ ਗ੍ਰਹਿ ਵਿਖੇ ਹੋਇਆ। ਮਹਿਤਾਬ ਨੇ ਆਪਣੇ ਇਸ ਗਾਇਕੀ ਦੇ ਸ਼ੌਕ ਦੇ ਚਲਦਿਆਂ ਬਚਪਨ ਤੋਂ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ । ਮਹਿਤਾਬ ਦੇ ਪਿਤਾ ਜੀ ਆਪ ਵੀ ਮਹਿਤਾਬ ਦੇ ਗੀਤਾਂ ਨੂੰ ਬਹੁਤ ਪਸੰਦ ਕਰਦੇ ਸਨ ਤੇ ਉਹ ਅਕਸਰ ਆਪਣੇ ਦੋਸਤਾਂ ਨਾਲ ਮਹਿਫ਼ਲਾਂ ‘ਚ ਮਹਿਤਾਬ ਦੇ ਗੀਤ ਸੁਣਦੇ ਸਨ। ਉਨ੍ਹਾਂ ਦੀ ਇਹ ਦਿਲੀ ਤਮੰਨਾ ਸੀ ਮਹਿਤਾਬ ਭਵਿੱਖ ਵਿਚ ਗਾਇਕੀ ਦੇ ਖੇਤਰ ਵਿਚ ਕੁਝ ਬਣ ਕੇ ਦਿਖਾਵੇ। ਆਪਣੇ ਪਿਤਾ ਜੀ ਦੀ ਇਸ ਦਿਲੀ ਇੱਛਾ ਨੂੰ ਪੂਰਾ ਕਰਦੇ ਹੋਏ ਮਹਿਤਾਬ ਆਪਣੀ ਸਖ਼ਤ ਮਿਹਨਤ ਤੇ ਪੂਰੀ ਲਗਨ ਸਦਕਾ ਪੰਜਾਬੀ ਗਾਇਕੀ ਨੂੰ ਸਮਰਪਿਤ ਹੁੰਦੇ ਹੋਏ ਅੱਜ ਸਫਲਤਾ ਦੀਆ ਲੀਹਾਂ ਤੇ ਚਲਦਾ ਨਜ਼ਰ ਆ ਰਿਹਾ ਹੈ ਅਤੇ ਹੁਣ ਵੱਡੇ ਪਰਦੇ ਤੇ ਵੀ ਐਂਟਰੀ ਮਾਰ ਚੁੱਕਾ ਹੈ । ਮਹਿਤਾਬ ਨੂੰ ਆਪਣੀ ਇਸ ਫ਼ਿਲਮ ਤੋਂ ਬਹੁਤ ਉਮੀਦਾਂ ਹਨ। ਆਸ ਹੈ ਕਿ ਦਰਸ਼ਕ ਉਸ ਨੂੰ ਪੰਜਾਬੀ ਪਰਦੇ ਤੇ ਜ਼ਰੂਰ ਪਸੰਦ ਕਰਨਗੇ।
ਹਰਜਿੰਦਰ ਸਿੰਘ ਜਵੰਦਾ
ਮੋਬਾਈਲ: +91 9463828000