ਕਾਂਗਰਸ ਪ੍ਰਧਾਨ ਦੀ ਚੋਣ: ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੌੜ ’ਚੋਂ ਬਾਹਰ, ਸੋਨੀਆ ਗਾਂਧੀ ਤੋਂ ਮੰਗੀ ਮੁਆਫ਼ੀ

ਨਵੀਂ ਦਿੱਲੀ, 29 ਸਤੰਬਰ – ਕਾਂਗਰਸ ਪ੍ਰਧਾਨ ਦੀ ਚੋਣ ਲਈ ਨਾਮਜ਼ਦਗੀਆਂ ਭਰਨ ਦਾ ਸ਼ੁੱਕਰਵਾਰ ਨੂੰ ਆਖਰੀ ਦਿਨ ਹੈ, ਪਰ ਮੈਦਾਨ ਵਿੱਚ ਨਿੱਤਰਨ ਵਾਲੇ ਸੰਭਾਵੀ ਉਮੀਦਵਾਰਾਂ ਬਾਰੇ ਸ਼ਸ਼ੋਪੰਜ ਅਜੇ ਵੀ ਬਰਕਰਾਰ ਹੈ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਵੱਲੋਂ ਅੱਜ ਚੋਣ ਨਾ ਲੜਨ ਦੇ ਕੀਤੇ ਐਲਾਨ ਮਗਰੋਂ ਹੁਣ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੈ ਸਿੰਘ ਦਾ ਨਾਂ ਗਾਂਧੀ ਪਰਿਵਾਰ ਦੇ ਪਸੰਦੀਦਾ ਉਮੀਦਵਾਰ ਵਜੋਂ ਸਾਹਮਣੇ ਆਇਆ ਹੈ। ਉਧਰ ਸੀਨੀਅਰ ਪਾਰਟੀ ਆਗੂ ਤੇ ਲੋਕ ਸਭਾ ਮੈਂਬਰ ਸ਼ਸ਼ੀ ਥਰੂਰ ਨੇ ਵੀ ਆਪਣੀ ਦਾਅਵੇਦਾਰੀ ਨੂੰ ਲੈ ਕੇ ਅਜੇ ਤੱਕ ਨਾਮਜ਼ਦਗੀ ਪੱਤਰ ਦਾਖ਼ਲ ਨਹੀਂ ਕੀਤੇ। ਮੁੱਖ ਮੁਕਾਬਲਾ ਦਿਗਵਿਜੈ ਬਨਾਮ ਥਰੂਰ ਹੁੰਦਾ ਹੈ ਜਾਂ ਫਿਰ ਕਿਸੇ ਤੀਜੇ ਆਗੂ ਬਾਰੇ ਸਰਬਸੰਮਤੀ ਬਣਦੀ ਹੈ, ਇਹ ਭਲਕੇ ਜਾਂ ਫਿਰ ਨਾਮਜ਼ਦਗੀਆਂ ਵਾਪਸ ਲੈਣ ਵਾਲੇ ਦਿਨ ਪਤਾ ਲੱਗੇਗਾ। ਇਸ ਦੌਰਾਨ ਸਚਿਨ ਪਾਇਲਟ ਨੇ ਵੀ ਦੇਰ ਰਾਤ ਕਾਂਗਰਸ ਪ੍ਰਧਾਨ ਨਾਲ ਮੁਲਾਕਾਤ ਕਰਕੇ ਰਾਜਸਥਾਨ ਵਿੱਚ ਪਾਰਟੀ ਨੂੰ ਦਰਪੇਸ਼ ਸੰਕਟ ’ਤੇ ਚਰਚਾ ਕੀਤੀ। ਪਾਇਲਟ ਨੇ ਕਿਹਾ ਕਿ 2023 ਦੀਆਂ ਅਸੈਂਬਲੀ ਚੋਣਾਂ ਜਿੱਤਣਾ ਸਿਖਰਲੀ ਤਰਜੀਹ ਰਹੇਗੀ ਤੇ ਰਾਜਸਥਾਨ ਕਾਂਗਰਸ ਬਾਰੇ ਕੋਈ ਵੀ ਫੈਸਲਾ ਸੋਨੀਆ ਗਾਂਧੀ ਲੈਣਗੇ।
ਕਾਂਗਰਸ ਪ੍ਰਧਾਨ ਦੀ ਚੋਣ 17 ਅਕਤੂਬਰ ਨੂੰ ਹੋਣੀ ਹੈ ਜਦੋਂਕਿ ਨਤੀਜੇ 19 ਅਕਤੂਬਰ ਨੂੰ ਐਲਾਨੇ ਜਾਣਗੇ। ਇਸ ਤੋਂ ਪਹਿਲਾਂ ਅੱਜ ਦਿਨੇਂ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ 10 ਜਨਪਥ ਵਿੱਚ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਕੀਤੀ ਮੁਲਾਕਾਤ ਮਗਰੋਂ ਕਾਂਗਰਸ ਪ੍ਰਧਾਨ ਦੀ ਚੋਣ ਨਾ ਲੜਨ ਦਾ ਐਲਾਨ ਕਰ ਦਿੱਤਾ। ਗਹਿਲੋਤ ਨੇ ਕਿਹਾ ਕਿ ਉਹ ਰਾਜਸਥਾਨ ਵਿੱਚ ਬਣੇ ਸਿਆਸੀ ਸੰਕਟ ਦੀ ਮੌਲਿਕ ਜ਼ਿੰਮੇਵਾਰੀ ਲੈਂਦੇ ਹਨ। ਗਹਿਲੋਤ ਨੇ ਇਥੋਂ ਤੱਕ ਆਖ ਦਿੱਤਾ ਕਿ ਉਹ ਸੂਬੇ ਦੇ ਮੁੱਖ ਮੰਤਰੀ ਬਣੇ ਰਹਿਣਗੇ ਜਾਂ ਨਹੀਂ, ਇਹ ਫੈਸਲਾ ਵੀ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਲੈਣਗੇ। ਤਿੰਨ ਵਾਰ ਸੂਬੇ ਦੇ ਮੁੱਖ ਮੰਤਰੀ ਰਹੇ ਗਹਿਲੋਤ ਨੇ ਖ਼ੁਦ ਨੂੰ ਪਾਰਟੀ ਦਾ ਅਨੁਸ਼ਾਸਿਤ ਸਿਪਾਹੀ ਦੱਸਦਿਆਂ ਪਿਛਲੇ ਦਿਨੀਂ ਰਾਜਸਥਾਨ ਕਾਂਗਰਸ ਵਿੱਚ ਵਾਪਰੀਆਂ ਘਟਨਾਵਾਂ ਲਈ ਦੁੱਖ ਦਾ ਇਜ਼ਹਾਰ ਕੀਤਾ।
ਗਹਿਲੋਤ ਨੇ ਕਿਹਾ, ‘‘ਮੈਂ ਸੋਨੀਆ ਜੀ ਤੋਂ ਮੁਆਫ਼ੀ ਮੰਗੀ ਹੈ ਕਿਉਂਕਿ ਇਹ ਸਧਾਰਨ ਮਤਾ, ਜੋ ਕਿ ਸਾਡੀ ਰਵਾਇਤ ਹੈ ਤੇ ਜਿਸ ਨੂੰ ਅਸੀਂ ਹਮੇਸ਼ਾ ਪਾਸ ਕਰਦੇ ਹਾਂ, ਹਾਲਾਤ ਅਜਿਹੇ ਬਣੇ ਕਿ ਇਹ ਪਾਸ ਨਹੀਂ ਹੋ ਸਕਿਆ। ਮੈਂ ਕਾਂਗਰਸ ਵਿਧਾਇਕ ਦਲ ਦਾ ਆਗੂ ਹੋਣ ਦੇ ਨਾਤੇ, ਕਾਰਨ ਕੋਈ ਵੀ ਰਿਹਾ ਹੋਵੇ, ਮਤੇ ਨੂੰ ਪਾਸ ਨਹੀਂ ਕਰਵਾ ਸਕਿਆ।’’ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਘਟਨਾਵਾਂ ਦੇ ਮੱਦੇਨਜ਼ਰ ਉਨ੍ਹਾਂ ਪਾਰਟੀ ਪ੍ਰਧਾਨ ਦੀ ਚੋਣ ਨਾ ਲੜਨ ਦਾ ਫੈਸਲਾ ਕੀਤਾ ਹੈ।
ਇਸ ਦੌਰਾਨ ਸੀਨੀਅਰ ਕਾਂਗਰਸੀ ਆਗੂ ਦਿਗਵਿਜੈ ਸਿੰਘ ਨੇ ਅੱਜ ਕਿਹਾ ਕਿ ਉਹ ਕਾਂਗਰਸ ਪ੍ਰਧਾਨ ਦੀ ਚੋਣ ਲਈ ਨਾਮਜ਼ਦਗੀ ਦਾਖ਼ਲ ਕਰਨਗੇ। ਸਿੰਘ ਨੇ ਅੱਜ ਪਾਰਟੀ ਦੀ ਕੇਂਦਰੀ ਚੋਣ ਅਥਾਰਿਟੀ ਤੋਂ ਨਾਮਜ਼ਦਗੀ ਪੱਤਰ ਲਏ ਤੇ ਉਨ੍ਹਾਂ ਵੱਲੋਂ ਸ਼ੁੱਕਰਵਾਰ ਨੂੰ ਕਾਗਜ਼ ਭਰੇ ਜਾਣ ਦੇ ਆਸਾਰ ਹਨ।
ਸੀਨੀਅਰ ਕਾਂਗਰਸੀ ਆਗੂ ਦਿਗਵਿਜੈ ਸਿੰਘ ਨੇ ਅੱਜ ਸ਼ਸ਼ੀ ਥਰੂਰ ਨਾਲ ਮੁਲਾਕਾਤ ਕੀਤੀ। ਤਿਰੂਵਨੰਤਪੁਰਮ ਤੋਂ ਸੰਸਦ ਮੈਂਬਰ ਥਰੂਰ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਦੀ ਚੋਣ ਲਈ ਜੇਕਰ ਉਨ੍ਹਾਂ ਦੋਵਾਂ ਵਿੱਚ ਮੁਕਾਬਲਾ ਹੁੰਦਾ ਹੈ ਤਾਂ ਇਹ ‘ਦੋ ਰਵਾਇਤੀ ਵਿਰੋਧੀਆਂ ਵਿਚਲੀ ਲੜਾਈ ਨਹੀਂ ਬਲਕਿ ਦੋਸਤਾਨਾ ਮੁਕਾਬਲਾ ਹੋਵੇਗਾ।’ ਥਰੂਰ ਨੇ ਟਵੀਟ ਕਰਕੇ ਇਸ ਮੁਲਾਕਾਤ ਦੀ ਪੁਸ਼ਟੀ ਕੀਤੀ। ਥਰੂਰ ਨੇ ਕਿਹਾ, ‘‘ਅੱਜ ਦੁਪਹਿਰੇ ਦਿਗਵਿਜੈ ਸਿੰਘ ਨਾਲ ਮੁਲਾਕਾਤ ਕੀਤੀ। ਮੈਂ ਸਾਡੀ ਪਾਰਟੀ ਦੇ ਪ੍ਰਧਾਨ ਦੀ ਚੋਣ ਲਈ ਉਨ੍ਹਾਂ ਦੀ ਉਮੀਦਵਾਰੀ ਦਾ ਸਵਾਗਤ ਕਰਦਾ ਹਾਂ। ਅਸੀਂ ਦੋਵੇਂ ਮੰਨਦੇ ਹਾਂ ਕਿ ਇਹ ਦੋ ਰਵਾਇਤੀ ਵਿਰੋਧੀਆਂ ਦੀ ਲੜਾਈ ਨਹੀਂ ਬਲਕਿ ਸਾਥੀਆਂ ਦਰਮਿਆਨ ਹੋਣ ਵਾਲਾ ਦੋਸਤਾਨਾ ਮੁਕਾਬਲਾ ਹੋਵੇਗਾ। ਅਸੀਂ ਦੋਵੇਂ ਚਾਹੁੰਦੇ ਹਾਂ ਕਿ ਜਿੱਤੇ ਜੋ ਕੋਈ ਵੀ, ਪਰ ਜਿੱਤ ਇੰਡੀਅਨ ਨੈਸ਼ਨਲ ਕਾਂਗਰਸ ਦੀ ਹੋਵੇਗੀ।’’