ਪੁਰਸ਼ ਹਾਕੀ ਵਰਲਡ ਕੱਪ 2023: ਨਿਊਜ਼ੀਲੈਂਡ ਤੇ ਚਿਲੀ ਅਤੇ ਭਾਰਤ ਤੇ ਸਪੇਨ ਖ਼ਿਲਾਫ਼ ਵਰਲਡ ਕੱਪ ‘ਚ ਆਪਣੀ ਮੁਹਿੰਮ ਦਾ ਆਗਾਜ਼ ਕਰਨਗੇ

ਆਕਲੈਂਡ, 30 ਸਤੰਬਰ – ਭਾਰਤ ਦੇ ਸੂਬੇ ਉੜੀਸਾ ‘ਚ ਅਗਲੇ ਸਾਲ 13 ਜਨਵਰੀ ਤੋਂ 30 ਜਨਵਰੀ ਤੱਕ ਹੋਣ ਵਾਲੇ ਐੱਫਆਈਐੱਚ ਪੁਰਸ਼ ਹਾਕੀ ਵਰਲਡ ਕੱਪ 2023 ਦੇ ਮੈਚਾਂ ਦਾ ਵੇਰਵਾ ਜਾਰੀ ਹੋ ਗਿਆ ਹੈ।
ਪੁਰਸ਼ ਹਾਕੀ ਵਰਲਡ ਕੱਪ ਨੂੰ 4 ਪੂਲਾਂ ‘ਚ ਵੰਡਿਆ ਗਿਆ ਹੈ ਅਤੇ ਹਰੇਕ ਪੂਲ ਵਿੱਚ ਚਾਰ ਟੀਮਾਂ ਹਨ:
ਪੂਲ ‘ਏ’ – ਆਸਟਰੇਲੀਆ, ਦੱਖਣੀ ਅਫ਼ਰੀਕਾ, ਫਰਾਂਸ ਤੇ ਅਰਜਨਟੀਨਾ
ਪੂਲ ‘ਬੀ’ – ਬੈਲਜੀਅਮ, ਜਾਪਾਨ, ਕੋਰੀਆ ਤੇ ਜਰਮਨੀ
ਪੂਲ ‘ਸੀ’ – ਨੀਦਰਲੈਂਡ, ਚਿਲੀ, ਮਲੇਸ਼ੀਆ ਤੇ ਨਿਊਜ਼ੀਲੈਂਡ
ਪੂਲ ‘ਡੀ’ – ਭਾਰਤ, ਵੇਲਜ਼, ਸਪੇਨ ਤੇ ਇੰਗਲੈਂਡ
ਪੁਰਸ਼ ਹਾਕੀ ਵਰਲਡ ਕੱਪ ‘ਚ ਨਿਊਜ਼ੀਲੈਂਡ ਆਪਣੇ ਮੈਚਾਂ ਦੀ ਮੁਹਿੰਮ ਦਾ ਆਗਾਜ਼ ਚਿਲੀ ਨਾਲ ਸ਼ੁਰੂ ਕਰੇਗਾ, ਜਦੋਂ ਕਿ ਮੇਜ਼ਬਾਨ ਭਾਰਤ ਆਪਣੀ ਮੁਹਿੰਮ ਦਾ ਆਗਾਜ਼ ਸਪੇਨ ਨਾਲ ਖੇਡ ਕੇ ਕਰੇਗਾ।
ਨਿਊਜ਼ੀਲੈਂਡ ਨੂੰ ਪੂਲ ‘ਸੀ’ ਵਿੱਚ ਨੀਦਰਲੈਂਡ, ਚਿਲੀ ਤੇ ਮਲੇਸ਼ੀਆ ਨਾਲ ਖੇਡਣਾ ਹੈ। ਨਿਊਜ਼ੀਲੈਂਡ ਦੀ ਬਲੈਕ ਸਟਿੱਕ ਟੀਮ ਆਪਣਾ ਪਹਿਲਾ ਮੈਚ 14 ਜਨਵਰੀ ਨੂੰ ਚਿਲੀ ਨਾਲ ਰੁੜਕੇਲਾ ‘ਚ ਖੇਡੇਗੀ, ਉਸ ਤੋਂ ਬਾਅਦ 16 ਜਨਵਰੀ ਨੂੰ ਨੀਦਰਲੈਂਡ ਨਾਲ ਰੁੜਕੇਲਾ ‘ਚ ਅਤੇ 19 ਜਨਵਰੀ ਨੂੰ ਆਪਣਾ ਆਖ਼ਰੀ ਪੂਲ ਮੈਚ ਮਲੇਸ਼ੀਆ ਨਾਲ ਭੁਵਨੇਸ਼ਵਰ ‘ਚ ਖੇਡੇਗੀ।
ਮੇਜ਼ਬਾਨ ਭਾਰਤ ਨਾਲ ਪੂਲ ‘ਡੀ’ ਵਿੱਚ ਵੇਲਜ਼, ਸਪੇਨ ਤੇ ਇੰਗਲੈਂਡ ਦੀਆਂ ਟੀਮਾਂ ਨਾਲ ਭਿੜਨਾ ਹੈ। ਮੇਜ਼ਬਾਨ ਭਾਰਤੀ ਟੀਮ ਪਹਿਲਾ ਮੈਚ ਵਰਲਡ ਕੱਪ ਟੂਰਨਾਮੈਂਟ ਦੇ ਸ਼ੁਰੂਆਤੀ ਦਿਨ 13 ਜਨਵਰੀ ਨੂੰ ਸਪੇਨ ਖ਼ਿਲਾਫ਼ ਖੇਡੇਗੀ। ਉਸ ਤੋਂ ਬਾਅਦ ਭਾਰਤ 15 ਜਨਵਰੀ ਨੂੰ ਇੰਗਲੈਂਡ ਅਤੇ 19 ਜਨਵਰੀ ਨੂੰ ਆਪਣਾ ਆਖ਼ਰੀ ਪੂਲ ਮੈਚ ਵੇਲਜ਼ ਦੇ ਨਾਲ ਭੁਵਨੇਸ਼ਵਰ ‘ਚ ਖੇਡੇਗਾ।
ਵਰਲਡ ਕੱਪ ਵਿੱਚ 23 ਜਨਵਰੀ ਤੋਂ ਕਰਾਸ ਪੂਲ ਮੈਚ ਸ਼ੁਰੂ ਹੋਣਗੇ ਅਤੇ 30 ਜਨਵਰੀ ਨੂੰ ਭੁਵਨੇਸ਼ਵਰ ‘ਚ ਤੀਜੇ ਅਤੇ ਚੌਥੇ ਸਥਾਨ ਤੋਂ ਬਾਅਦ ਉਸੇ ਦਿਨ ਭਾਰਤੀ ਸਮੇਂ ਅਨੁਸਾਰ ਸ਼ਾਮੀ 7.00 ਵਜੇ ਫਾਈਨਲ ਮੈਚ ਖੇਡਿਆ ਜਾਏਗਾ।