ਕਾਮਨਵੈਲਥ ਗੇਮਜ਼ 2022: ਭਾਰਤ ਦੀ ਵੇਟਲਿਫ਼ਟਰ ਅਚਿੰਤਾ ਸ਼ਿਉਲੀ ਨੇ 73 ਕਿੱਲੋ ਵਰਗ ਵਿੱਚ ਕਾਮਨਵੈਲਥ ਗੇਮਜ਼ ਦਾ ਰਿਕਾਰਡ ਬਣਾਉਂਦੇ ਹੋਏ ਸੋਨ ਤਗਮਾ ਜਿੱਤਿਆ

ਬਰਮਿੰਘਮ, 31 ਜੁਲਾਈ – ਭਾਰਤ ਨੂੰ ਕਾਮਨਵੈਲਥ ਗੇਮਜ਼ ਵਿੱਚ ਤੀਜਾ ਸੋਨ ਤਗਮਾ ਮਿਲਿਆ। ਇਹ ਤਗਮਾ ਵੇਟਲਿਫ਼ਟਿੰਗ ਵਿੱਚ ਹੀ ਆਇਆ ਹੈ। 20 ਦੀ ਅਚਿੰਤਾ ਸ਼ਿਉਲੀ ਨੇ 73 ਕਿੱਲੋ ਵਰਗ ਵਿੱਚ ਸੋਨ ਤਗਮਾ ਜਿੱਤਿਆ। ਸਨੈਚ ਵਿੱਚ ਅਚਿੰਤਾ ਨੇ 143 ਕਿੱਲੋ ਭਾਰ ਚੁੱਕਿਆ। ਇਹ ਰਾਸ਼ਟਰਮੰਡਲ ਖੇਡਾਂ ਦਾ ਰਿਕਾਰਡ ਹੈ। ਉਸ ਨੇ ਕਲੀਨ ਐਂਡ ਜਰਕ ਦੀ ਪਹਿਲੀ ਕੋਸ਼ਿਸ਼ ਵਿੱਚ 166 ਕਿੱਲੋ ਭਾਰ ਚੁੱਕਿਆ। ਦੂਜੀ ਕੋਸ਼ਿਸ਼ ਵਿੱਚ ਅਸਫਲ ਰਹਿਣ ਤੋਂ ਬਾਅਦ, ਉਸ ਨੇ ਤੀਜੇ ਵਿੱਚ 170 ਕਿੱਲੋ ਭਾਰ ਚੁੱਕਿਆ। ਅਚਿੰਤਾ ਸ਼ਿਉਲੀ ਨੇ ਕੁੱਲ 313 ਕਿੱਲੋ ਭਾਰ ਚੁੱਕ ਕੇ ਕਾਮਨਵੈਲਥ ਗੇਮਜ਼ ਦਾ ਰਿਕਾਰਡ ਬਣਾਇਆ ਹੈ।
ਅਚਿੰਤਾ ਸ਼ਿਉਲੀ ਨੇ ਚਾਂਦੀ ਦਾ ਤਗਮਾ ਜੇਤੂ ਨਾਲੋਂ 10 ਕਿੱਲੋ ਵੱਧ ਭਾਰ ਚੁੱਕਿਆ। ਮਲੇਸ਼ੀਆ ਦੀ ਏਰੀ ਹਿਦਾਇਤ ਨੇ ਚਾਂਦੀ ਦਾ ਤਗਮਾ ਜਿੱਤਿਆ। ਉਸ ਨੇ ਕੁੱਲ 303 ਕਿੱਲੋਗ੍ਰਾਮ ਭਾਰ ਚੁੱਕਿਆ। ਕੈਨੇਡਾ ਨੂੰ ਕਾਂਸੀ ਦੇ ਤਗਮੇ ਨਾਲ ਹੀ ਸਬਰ ਕਰਨਾ ਪਿਆ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਅਚਿੰਤਾ ਸ਼ਿਉਲੀ ਨੂੰ ਜਿੱਤ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਸੀ। ਉਸ ਨੇ 2021 ਵਿੱਚ ਕਾਮਨਵੈਲਥ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਿਆ ਸੀ। ਅਚਿੰਤਾ ਸ਼ਿਉਲੀ ਨੇ 2021 ਵਿੱਚ ਹੀ ਜੂਨੀਅਰ ਵਰਲਡ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ।