ਕਾਮਨਵੈਲਥ ਗੇਮਜ਼ 2022: ਭਾਰਤ ਨੇ ਵੇਟਲਿਫ਼ਟਿੰਗ ‘ਚ 3 ਤਗਮੇ ਜਿੱਤੇ, ਜਿਸ ‘ਚ 1 ਸੋਨ, 1 ਚਾਂਦੀ ਅਤੇ 1 ਕਾਂਸੀ ਦਾ ਤਗਮਾ ਸ਼ਾਮਿਲ ਹੈ

ਬਰਮਿੰਘਮ, 30 ਜੁਲਾਈ – ਇੱਥੇ ਹੋ ਰਹੀਆਂ ਕਾਮਨਵੈਲਥ ਗੇਮਜ਼ ਵਿੱਚ ਭਾਰਤ ਨੇ ਤਿੰਨ ਤਗਮੇ ਜਿੱਤ ਲਏ ਹਨ, ਜਿਸ ਵਿੱਚ 1 ਸੋਨੇ, 1 ਚਾਂਦੀ ਅਤੇ 1 ਕਾਂਸੀ ਦਾ ਤਗਮਾ ਸ਼ਾਮਿਲ ਹੈ।
ਭਾਰਤ ਨੂੰ ਪਹਿਲਾ ਤਗਮਾ ਸੰਕੇਤ ਮਹਾਦੇਵ ਸਾਗਰ ਨੇ ਪੁਰਸ਼ਾਂ ਦੇ 55 ਕਿੱਲੋਗ੍ਰਾਮ ਵੇਟਲਿਫ਼ਟਿੰਗ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਦਿਵਾਇਆ। ਮਹਾਰਾਸ਼ਟਰ ਦੇ ਸਾਂਗਲੀ ਜ਼ਿਲ੍ਹੇ ਦਾ 21 ਸਾਲਾ ਸਾਗਰ ਸੋਨ ਤਗਮਾ ਜਿੱਤਣ ਦੀ ਰਾਹ ‘ਤੇ ਸੀ ਪਰ ਕਲੀਨ ਐਂਡ ਜਰਕ ‘ਚ ਦੋ ਵਾਰ ਅਸਫਲ ਰਹਿਣ ਬਾਅਦ ਉਹ ਇੱਕ ਕਿੱਲੋ ਤੋਂ ਖੁੰਝ ਗਿਆ। ਉਸ ਨੇ 248 ਕਿੱਲੋ (113 ਅਤੇ 135 ਕਿੱਲੋ) ਭਾਰ ਚੁੱਕ ਕੇ ਚਾਂਦੀ ਦਾ ਤਗਮਾ ਜਿੱਤਿਆ।
ਉਸ ਤੋਂ ਬਾਅਦ ਭਾਰਤ ਨੂੰ ਦੂਜਾ ਤਗਮਾ ਵੇਟਲਿਫ਼ਟਰ ਗੁਰੂਰਾਜਾ ਪੁਜਾਰੀ ਨੇ 61 ਕਿੱਲੋ ਵਰਗ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਦਿਵਾਇਆ। 2018 ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗਮਾ ਜੇਤੂ ਪੁਜਾਰੀ ਨੇ 269 ਕਿੱਲੋ ਭਾਰ ਚੁੱਕੇ ਕੇ ਤੀਜਾ ਸਥਾਨ ਹਾਸਲ ਕੀਤਾ।
ਜਦੋਂ ਕਿ ਭਾਰਤ ਲਈ ਪਹਿਲਾ ਸੋਨ ਤਗਮਾ ਮਹਿਲਾ ਵੇਟਲਿਫ਼ਟਰ ਮੀਰਾ ਬਾਈ ਚਾਨੂ ਨੇ 49 ਕਿੱਲੋ ਭਾਰ ਵਰਗ ਵਿੱਚ ਜਿੱਤਿਆ ਹੈ। ਚਾਨੂ ਨੇ ਤਿੰਨ ਕੋਸ਼ਿਸ਼ਾਂ ਦੌਰਾਨ ਕੁੱਲ 201 ਕਿੱਲੋ ਵਜ਼ਨ ਚੁੱਕ ਕੇ ਭਾਰਤ ਦੀ ਝੋਲੀ ਸੋਨੇ ਦਾ ਤਗਮਾ ਪਾਇਆ।