ਕੀਵੀ ਜ਼ੋਈ ਸਾਦੋਸਕੀ-ਸਿੰਨੋਟ ਨੇ ਵਿੰਟਰ ਉਲੰਪਿਕ ‘ਚ ਕਾਂਸੀ ਦਾ ਤਗਮਾ ਜਿੱਤਿਆ

ਪਿਓਂਗਯਾਂਗ, 22 ਫਰਵਰੀ – ਨਿਊਜ਼ੀਲੈਂਡ ਦੀ ਖਿਡਾਰਨ ਜ਼ੋਈ ਸਾਦੋਸਕੀ-ਸਿੰਨੋਟ ਨੇ ਦੱਖਣੀ ਕੋਰੀਆ ਦੇ ਪਿਓਂਗਯਾਂਗ ਵਿਖੇ ਹੋ ਰਹੀਆਂ ਵਿੰਟਰ ਉਲੰਪਿਕਸ ਗੇਮਜ਼ ਵਿੱਚ  ਮਹਿਲਾਵਾਂ ਦੇ ਸਨੋਬੋਰਡ ਦੇ ਬਿੱਗ ਏਅਰ ਵਿੱਚ ਕਾਂਸੀ ਦਾ ਤਗਮਾ ਜਿੱਤਿਆ। 16 ਸਾਲਾਂ ਦੀ ਜ਼ੋਈ ਦੇ ਦੋ ਵਧੀਆ ਸਕੋਰ ਉਨ੍ਹਾਂ ਦੇ ਤਿੰਨ ਜੰਪਾਂ ਨੂੰ ਮਿਲਾ ਕੇ 157.50 ਅੰਕ ਬਣੇ, ਜਿਸ ਨਾਲ ਉਹ ਤੀਜੇ ਸਥਾਨ ‘ਤੇ ਰਹੀ। ਜਦੋਂ ਕਿ ਆਸਟਰੀਆ ਦੀ ਆਨਾ ਗੈਸਰ ਨੇ 185.00 ਅੰਕਾਂ ਨਾਲ ਸੋਨ ਤਗਮਾ ਅਤੇ ਅਮਰੀਕਾ ਦੀ ਜੇਮੀ ਐਂਡਰਸਨ ਨੇ 177.25 ਅੰਕਾਂ ਨਾਲ ਚਾਂਦੀ ਦਾ ਤਗਮਾ ਜਿੱਤਿਆ। ਜ਼ੋਈ ਨੇ 26 ਸਾਲ ਬਾਅਦ ਦੇਸ਼ ਲਈ ਦੂਜਾ ਤਗਮਾ ਜਿੱਤਿਆ ਹੈ। ਸਪੋਰਟ ਅਤੇ ਰੀਕ੍ਰਿਏਸ਼ਨ ਮੰਤਰੀ ਗ੍ਰਾਂਟ ਰੌਬਰਟਸਨ ਨੇ ਖਿਡਾਰਨ ਜ਼ੋਈ ਨੂੰ ਵਧਾਈਆਂ ਦਿੱਤੀਆਂ ਹਨ।
ਜ਼ਿਕਰਯੋਗ ਹੈ ਕਿ ਖਿਡਾਰਨ ਜ਼ੋਈ ਸਾਦੋਸਕੀ-ਸਿੰਨੋਟ ਤੋਂ ਪਹਿਲਾਂ ਐਨੇਲੀਜ਼ ਕੋਬਰਗਰ ਨੇ 1992 ਵਿੱਚ ਫਰਾਂਸ ਦੇ ਅਲਬਰਟਵਿਲ ਵਿਖੇ ਹੋਈਆਂ 16ਵੀਆਂ ਗੇਮਜ਼ ਵਿੱਚ ਨਿਊਜ਼ੀਲੈਂਡ ਲਈ ਸਕੀ ਸੇਲੋਮ ਖੇਡ ਵਿੱਚ ਪਹਿਲਾ ਵਿੰਟਰ ਉਲੰਪਿਕਸ ਤਗਮਾ ਜਿੱਤਿਆ ਸੀ। ਨਿਊਜ਼ੀਲੈਂਡ ਨੇ ਆਪਣੀ ਪਹਿਲੀ ਵਿੰਟਰ ਉਲੰਪਿਕ ਟੀਮ ਨੂੰ ਓਸਲੋ (ਨਾਰਵੇ) ਵਿਖੇ 1 ਨਵੰਬਰ 1952 ਵਿੱਚ ੬ਵੀਂ ਵਿੰਟਰ ਉਲੰਪਿਕਸ ਗੇਮਜ਼ ਵਿੱਚ ਭੇਜਿਆ ਸੀ।
ਨਾਰਥ ਕੋਰੀਆ ਦੇ ਪਿਓਂਗਯਾਂਨ ਵਿਖੇ 23ਵੀਆਂ ਵਿੰਟਰ ਉਲੰਪਿਕ ਗੇਮਜ਼ ੨੫ ਫਰਵਰੀ ਤੱਕ ਹੋਣਗੀਆਂ। 1988 ਵਿੱਚ ਸਿਓਲ ਵਿੰਟਰ ਉਲੰਪਿਕ ਗੇਮਜ਼ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਕਿ 30 ਸਾਲਾਂ ਵਿੱਚ ਕੋਰੀਆ ਵਿੱਚ ਵਿੰਟਰ ਉਲੰਪਿਕਸ ਗੇਮਜ਼ ਹੋਈਆਂ ਹਨ।