ਕੁਲਦੀਪ ਨਈਅਰ ਦਾ ਦੇਹਾਂਤ, ਸੇਜਲ ਅੱਖਾਂ ਨਾਲ ਵਿਦਾਇਗੀ

ਨਵੀਂ ਦਿੱਲੀ, 24 ਅਗਸਤ – ਪ੍ਰਸਿੱਧ ਪੱਤਰਕਾਰ, ਪੰਜਾਬੀਅਤ ਦੇ ਮੁੱਦਈ, ਬਰਤਾਨੀਆ ਦੇ ਸਾਬਕਾ ਭਾਰਤੀ ਰਾਜਦੂਤ, ਸਾਬਕਾ ਰਾਜ ਸਭਾ ਮੈਂਬਰ ਤੇ ਉੱਘੇ ਕਾਲਮਨਵੀਸ 95 ਸਾਲਾ ਕੁਲਦੀਪ ਨਈਅਰ ਦਾ ਦੇਹਾਂਤ ਹੋ ਗਿਆ। ਉਨ੍ਹਾਂ ਨੂੰ 23 ਅਗਸਤ ਨੂੰ ਸੇਜਲ ਅੱਖਾਂ ਨਾਲ ਦਿੱਲੀ ਦੇ ਲੋਧੀ ਰੋਡ ਸਥਿਤ ਸ਼ਮਸ਼ਾਨ ਘਾਟ ਵਿਖੇ ਦੇਸ਼ ਦੀਆਂ ਅਹਿਮ ਸ਼ਖ਼ਸੀਅਤਾਂ ਦੀ ਹਾਜ਼ਰੀ ਵਿੱਚ ਅੰਤਿਮ ਵਿਦਾਇਗੀ ਦਿੱਤੀ ਗਈ।
ਮਨੁੱਖੀ ਅਧਿਕਾਰਾਂ ਦੇ ਕਾਰਕੁਨ, ਪੱਛਮੀ ਤੇ ਪੂਰਬੀ ਪੰਜਾਬ ਦੀ ਏਕਤਾ ਤੇ ਪੰਜਾਬੀਅਤ ਦੇ ਮੁੱਦਈ ਕੁਲਦੀਪ ਨਈਅਰ ਆਪਣੇ ਪਿੱਛੇ ਪਤਨੀ ਭਾਰਤੀ, ਦੋ ਪੁੱਤਰ ਸੁਧੀਰ ਤੇ ਰਾਜੀਵ ਛੱਡ ਗਏ ਹਨ। ਉਨ੍ਹਾਂ ਦੇ ਸਸਕਾਰ ਮੌਕੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਸ੍ਰੀਮਤੀ ਗੁਰਸ਼ਰਨ ਕੌਰ, ਕੇਂਦਰੀ ਮੰਤਰੀ ਡਾ. ਹਰਸ਼ਵਰਧਨ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਸੰਸਦ ਮੈਂਬਰ ਨਰੇਸ਼ ਗੁਜਰਾਲ, ਸਾਬਕਾ ਕਾਨੂੰਨ ਮੰਤਰੀ ਡਾ. ਅਸ਼ਵਨੀ ਕੁਮਾਰ, ਸੀਪੀਆਈ ਦੇ ਡੀ. ਰਾਜਾ, ਸਵਾਮੀ ਅਗਨੀਵੇਸ਼, ਆਲ ਇੰਡੀਆ ਜਮਾਇਤੇ-ਇਸਲਾਮੀ ਹਿੰਦ ਵੱਲੋਂ ਜਸ. ਜੇ. ਉਮਰੀ, ‘ਆਪ’ ਵਿਧਾਇਕ ਤੇ ਵਕੀਲ ਐੱਚ. ਐੱਸ. ਫੂਲਕਾ, ‘ਟ੍ਰਿਬਿਊਨ ਗਰੁੱਪ’ ਦੇ ਸਾਬਕਾ ਸੰਪਾਦਕ ਐੱਚ. ਕੇ. ਦੂਆ, ਐਨਡੀਟੀਵੀ ਤੋਂ ਰਵੀਸ਼ ਕੁਮਾਰ, ਅਰੁਣ ਸ਼ੋਰੀ, ਅਸ਼ਵਨੀ ਸਮੇਤ ਪ੍ਰੈੱਸ ਕਲੱਬ ਆਫ਼ ਇੰਡੀਆ ਦੇ ਅਹੁਦੇਦਾਰ ਤੇ ਹੋਰ ਸੀਨੀਅਰ ਪੱਤਰਕਾਰ, ਵਕੀਲ, ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ, ਸਾਬਕਾ ਵੀਸੀ ਡਾ. ਜਸਪਾਲ ਸਿੰਘ, ਸਾਬਕਾ ਵਿਧਾਇਕ ਜਤਿੰਦਰ ਸਿੰਘ ਸ਼ੰਟੀ ਆਦਿ ਮੌਜੂਦ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀ ਨਈਅਰ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸ੍ਰੀ ਕੇਜਰੀਵਾਲ ਨੇ ਕਿਹਾ ਕਿ ਭਾਰਤੀ ਮੀਡੀਆ ਨੂੰ ਵੱਡਾ ਘਾਟਾ ਪਿਆ ਹੈ। ਸੀਪੀਆਈਐਮ ਦੇ ਸੀਤਾ ਰਾਮ ਯੇਚੁਰੀ ਮੁਤਾਬਿਕ ਉਨ੍ਹਾਂ ਦੀ ਪਾਕਿਸਤਾਨੀ ਤੇ ਭਾਰਤੀ ਲੋਕਾਂ ਨਾਲ ਵਿਸ਼ੇਸ਼ ਸਾਂਝ ਸੀ। ਸ੍ਰੀ ਨਈਅਰ ਨੇ ‘ਸਟੇਟਸਮੈਨ’ ਤੇ ‘ਇੰਡੀਅਨ ਐਕਸਪ੍ਰੈੱਸ’ ਸਮੇਤ ਹੋਰ ਅਦਾਰਿਆਂ ਵਿੱਚ ਅਹਿਮ ਸਥਾਨ ਹਾਸਲ ਕੀਤੇ। ਉਨ੍ਹਾਂ ਵੱਲੋਂ ਐਮਰਜੈਂਸੀ ਦੌਰਾਨ ਪ੍ਰੈੱਸ ਦੀ ਆਜ਼ਾਦੀ ਲਈ ਬੁਲੰਦ ਕੀਤੀ ਆਵਾਜ਼ ਲਈ ਵੀ ਯਾਦ ਕੀਤਾ ਗਿਆ।