ਕੇਜਰੀਵਾਲ ਸਰਕਾਰ ਦੇ ਦੋ ਮੰਤਰੀਆਂ ਡਿਪਟੀ ਮੁੱਖ ਮੰਤਰੀ ਸਿਸੋਦੀਆ ਤੇ ਸਤੇਂਦਰ ਜੈਨ ਵੱਲੋਂ ਕੈਬਨਿਟ ਤੋਂ ਅਸਤੀਫੇ ਦਿੱਤੇ

ਨਵੀਂ ਦਿੱਲੀ, 28 ਫਰਵਰੀ – ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਜੇਲ੍ਹ ਵਿੱਚ ਬੰਦ ਦਿੱਲੀ ਵਿੱਚ ਕੇਜਰੀਵਾਲ ਸਰਕਾਰ ਦੇ ਦੋ ਮੰਤਰੀਆਂ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਸਤੇਂਦਰ ਜੈਨ ਨੇ ਅੱਜ ਕੈਬਨਿਟ ਤੋਂ ਅਸਤੀਫੇ ਦੇ ਦਿੱਤੇ ਹਨ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੋਹਾਂ ਮੰਤਰੀਆਂ ਦੇ ਅਸਤੀਫੇ ਮਨਜ਼ੂਰ ਕਰ ਲਏ ਹਨ। ਇਨ੍ਹਾਂ ਦੋਹਾਂ ਮੰਤਰੀਆਂ ’ਤੇ ਭ੍ਰਿਸ਼ਟਾਚਾਰ ਦੇ ਦੋੋਸ਼ ਲੱਗੇ ਹਨ। ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਆਬਕਾਰੀ ਨੀਤੀ ਵਿੱਚ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਸੀਬੀਆਈ ਨੇ ਐਤਵਾਰ ਸ਼ਾਮ ਨੂੰ ਗ੍ਰਿਫ਼ਤਾਰ ਕੀਤਾ ਸੀ ਜਦੋਂ ਕਿ ਕਾਲੇ ਧਨ ਨੂੰ ਸਫੈਦ ਕਰਨ (ਮਨੀ ਲਾਂਡਰਿੰਗ) ਮਾਮਲੇ ਵਿੱਚ ਸਤੇਂਦਰ ਜੈਨ ਤਿਹਾੜ ਜੇਲ੍ਹ ਵਿੱਚ ਬੰਦ ਹਨ।
ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਸਲਾਖਾਂ ਪਿੱਛੇ ਬੰਦ ਦਿੱਲੀ ਸਰਕਾਰ ਦੇ ਦੋ ਮੰਤਰੀਆਂ ਮਨੀਸ਼ ਸਿਸੋਦੀਆ ਅਤੇ ਕੌਮੀ ਰਾਜਧਾਨੀ ਵਿੱਚ ਚੰਗੀ ਸਿੱਖਿਆ ਤੇ ਸਿਹਤ ਸਹੂਲਤਾਂ ਦੇ ਏਜੰਡੇ ਨੂੰ ਲਾਗੂ ਕਰਨ ਵਿੱਚ ਇਨ੍ਹਾਂ ਦੋਵਾਂ ਆਗੂਆਂ ਦੀ ਅਹਿਮ ਭੂਮਿਕਾ ਸੀ। ਰਾਜਕੁਮਾਰ ਆਨੰਦ ਨੂੰ ਸਿੱਖਿਆ ਤੇ ਸਿਹਤ ਜਦੋਂਕਿ ਕੈਲਾਸ਼ ਗਹਿਲੋਤ ਨੂੰ ਵਿੱਤ ਮੰਤਰਾਲਾ ਦਿੱਤਾ ਗਿਆ ਹੈ। ਸਿਸੋਦੀਆ ਨੂੰ ਆਬਕਾਰੀ ਨੀਤੀ ਕੇਸ ਵਿੱਚ ਐਤਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਦੋਂਕਿ ਈਡੀ ਨੇ ਜੈਨ ਨੂੰ ਪਿਛਲੇ ਸਾਲ ਮਈ ਵਿੱਚ ਮਨੀ ਲਾਂਡਰਿੰਗ ਕੇਸ ’ਚ ਗ੍ਰਿਫ਼ਤਾਰ ਕੀਤਾ ਸੀ। ਜੈਨ ਇਸ ਵੇਲੇ ਤਿਹਾੜ ਜੇਲ੍ਹ ’ਚ ਬੰਦ ਹਨ। ਸਿਸੋਦੀਆ ਕੋਲ ਦਿੱਲੀ ਸਰਕਾਰ ਦੇ ਸਿਹਤ, ਵਿੱਤ, ਸਿੱਖਿਆ ਤੇ ਗ੍ਰਹਿ ਸਣੇ 33 ਵਿਭਾਗਾਂ ’ਚੋਂ 18 ਦਾ ਚਾਰਜ ਸੀ। ਪਿਛਲੇ ਸਾਲ ਮਈ ਵਿੱਚ ਗ੍ਰਿਫਤਾਰੀ ਤੋਂ ਬਾਅਦ ਵੀ ਜੈਨ ਦਿੱਲੀ ਸਰਕਾਰ ਵਿੱਚ ਮੰਤਰੀ ਬਣੇ ਹੋਏ ਸਨ, ਪਰ ਉਨ੍ਹਾਂ ਕੋਲ ਕੋਈ ਪੋਰਟਫੋਲੀਓ ਨਹੀਂ ਸੀ।
ਸਿਸੋਦੀਆ ਨੇ ਅਸਤੀਫ਼ੇ ਵਿੱਚ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਖਿਲਾਫ਼ ਕਈ ਐੱਫਆਈਆਰਜ਼ ਦਰਜ ਕੀਤੀਆਂ ਗਈਆਂ ਹਨ ਤੇ ਅਗਲੇ ਦਿਨਾਂ ਵਿੱਚ ਅਜਿਹੀਆਂ ਕਈ ਹੋਰ ਦਰਜ ਕੀਤੀਆਂ ਜਾਣਗੀਆਂ। ਉਨ੍ਹਾਂ ਨੇ ਆਪਣੀ ਗ੍ਰਿਫ਼ਤਾਰੀ ਨੂੰ ਸਾਜ਼ਿਸ਼ ਕਰਾਰ ਦਿੱਤਾ।