ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ ਅੱਜ 8 ਹੋਰ ਨਵੇਂ ਕੇਸ ਮੈਨੇਜਡ ਆਈਸੋਲੇਸ਼ਨ ‘ਚੋਂ ਸਾਹਮਣੇ ਆਏ

ਵੈਲਿੰਗਟਨ, 25 ਨਵੰਬਰ (ਕੂਕ ਪੰਜਾਬੀ ਸਮਾਚਾਰ) – ਕੋਵਿਡ -19 ਦੇ ਨਿਊਜ਼ੀਲੈਂਡ ‘ਚ ਅੱਜ 8 ਹੋਰ ਨਵੇਂ ਕੇਸ ਮੈਨੇਜਡ ਆਈਸੋਲੇਸ਼ਨ ਵਿੱਚੋਂ ਸਾਹਮਣੇ ਆਏ ਹਨ। ਜਦੋਂ ਕਿ ਅੱਜ ਵੀ ਕਮਿਊਨਿਟੀ ਵਿੱਚੋਂ ਕੋਈ ਕੇਸ ਨਹੀਂ ਆਇਆ ਹੈ।
ਸਿਹਤ ਮੰਤਰਾਲੇ ਨੇ ਕਿਹਾ ਅੱਜ ਦੇ 8 ਨਵੇਂ ਮਾਮਲਿਆਂ ਵਿੱਚੋਂ 1 ਵਿਅਕਤੀ 19 ਨਵੰਬਰ ਨੂੰ ਫਿਨਲੈਂਡ ਤੋਂ ਸਵੀਡਨ ਅਤੇ ਕਤਰ ਦੇ ਰਸਤੇ ਆਇਆ ਅਤੇ ਉਸ ਦਾ ਮੈਨੇਜਡ ਆਈਸੋਲੇਸ਼ਨ ਵਿੱਚ ਰਹਿੰਦੇ ਲਗਭਗ ਤੀਜੇ ਦਿਨ ਦਾ ਟੈੱਸਟ ਪਾਜ਼ੇਟਿਵ ਆਇਆ। 1 ਹੋਰ ਕੇਸ 19 ਨਵੰਬਰ ਨੂੰ ਹਾਂਗ ਕਾਂਗ ਦੇ ਰਸਤੇ ਕੈਨੇਡਾ ਤੋਂ ਆਇਆ ਸੀ ਅਤੇ ਮੈਨੇਜਡ ਆਈਸੋਲੇਸ਼ਨ ਵਿੱਚ ਰਹਿਣ ਦੇ ਤੀਜੇ ਦਿਨ ਦੇ ਆਸ-ਪਾਸ ਉਸ ਦਾ ਟੈੱਸਟ ਪਾਜ਼ੇਟਿਵ ਆਇਆ। ਇਹ ਦੋਵੇਂ ਆਕਲੈਂਡ ਦੀ ਕੁਆਰੰਟੀਨ ਸਹੂਲਤ ਵਿੱਚ ਹਨ। 1 ਹੋਰ ਕੇਸ ਅਮਰੀਕਾ ਤੋਂ 19 ਨਵੰਬਰ ਨੂੰ ਆਇਆ ਸੀ ਅਤੇ ਉਸ ਦਾ ਮੈਨੇਜਡ ਆਈਸੋਲੇਸ਼ਨ ਵਿੱਚ ਰਹਿੰਦੇ ਤੀਜੇ ਦਿਨ ਦੇ ਲਗਭਗ ਪਾਜ਼ੇਟਿਵ ਟੈੱਸਟ ਆਇਆ, ਉਹ ਕ੍ਰਾਈਸਟਚਰਚ ਵਿਖੇ ਕੁਆਰੰਟੀਨ ਸਹੂਲਤ ਵਿੱਚ ਹੈ। ਕਦੋਂ ਕਿ 5 ਲੋਕ ਇੱਕੋ ਪਰਿਵਾਰ ਦੇ ਮੈਂਬਰ ਹਨ ਜੋ 19 ਨਵੰਬਰ ਨੂੰ ਮੈਕਸੀਕੋ ਤੋਂ ਅਮਰੀਕਾ ਦੇ ਰਸਤੇ ਤੋਂ ਨਿਊਜ਼ੀਲੈਂਡ ਪਹੁੰਚੇ ਸਨ ਅਤੇ ਸਾਰਿਆਂ ਨੇ ਮੈਨੇਜਡ ਆਈਸੋਲੇਸ਼ਨ ਵਿੱਚ ਰਹਿਣ ਦੇ 3 ਦਿਨ ਦੇ ਆਸ-ਪਾਸ ਪਾਜ਼ੇਟਿਵ ਟੈੱਸਟ ਦਿੱਤਾ।
ਸਿਹਤ ਮੰਤਰਾਲੇ ਨੇ ਕਿਹਾ ਕਿ ਏਅਰ ਨਿਊਜ਼ੀਲੈਂਡ ਫਲਾਈਟ ਦਾ ਇੱਕ ਕਰੂ ਮੈਂਬਰ ਜਿਸ ਦਾ ਕੋਰੋਨਾਵਾਇਰਸ ਟੈੱਸਟ ਪਾਜ਼ੇਟਿਵ ਆਇਆ ਸੀ, ਉਹ ਵੀ ਦੇਸ਼ ਪਰਤ ਆਇਆ ਹੈ ਅਤੇ ਉਸ ਦਾ ਟੈੱਸਟ ਮੁੜ ਪਾਜ਼ੇਟਿਵ ਰਿਹਾ।
ਅੱਜ ਸਵੇਰੇ ਆਕਲੈਂਡ ਰਿਜਨਲ ਪਬਲਿਕ ਹੈਲਥ ਸਰਵਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਕਰੂ ਮੈਂਬਰ ਨੇ 1 ਪੈਟਰੋਲ ਸਟੇਸ਼ਨ, 2 ਆਕਲੈਂਡ ਸੁਪਰ ਮਾਰਕੀਟਸ, 1 ਪੇਂਟ ਸ਼ਾਪ, 1 ਫਾਰਮੇਸੀ ਅਤੇ 1 ਪੈੱਟ ਸ਼ਾਪ ਦਾ ਦੌਰਾ ਕੀਤਾ। ਜਿਸ ਵਿੱਚ ਵਿਅਕਤੀ ਨੇ ਸ਼ੁੱਕਰਵਾਰ, 20 ਨਵੰਬਰ ਨੂੰ ਮੈਂਗਰੀ ਦੇ ਬੀਪੀ ਕਨੈੱਕਟ, ਰੇਸੀਨ ਮਾਊਂਟ ਰੋਸਕਿਲ ਅਤੇ ਪਾਪਾਟੋਏਟੋਏ ਵਿੱਚ ਕਾਊਂਟਡਾਊਨ ਅਤੇ ਨਿਊ ਵਰਲਡ ਦਾ ਦੌਰਾ ਕੀਤਾ। ਉਸ ਨੇ ਸ਼ਨੀਵਾਰ, 21 ਨਵੰਬਰ ਨੂੰ ਫਾਰਮੇਸੀ ਕਾਊਂਟਡਾਊਨ ਗ੍ਰੀਨਲੇਨ ਅਤੇ ਐਨੀਮੇਟਸ ਮੈਨੂਕਾਓ ਵਿਖੇ ਦਾ ਦੌਰਾ ਵੀ ਕੀਤਾ। ਰਿਜਨਲ ਪਬਲਿਕ ਹੈਲਥ ਸਰਵਿਸ ਵੱਲੋਂ ਪਿਛਲੇ ਹਫ਼ਤੇ ਦੇ ਅੰਤ ਵਿੱਚ ਆਕਲੈਂਡ ਦੀਆਂ ਦੁਕਾਨਾਂ ‘ਤੇ ਜਾਣ ਵਾਲੇ ਖ਼ਰੀਦਦਾਰਾਂ ਨੂੰ ਲੱਛਣਾਂ ‘ਤੇ ਨਜ਼ਰ ਰੱਖਣ ਦੀ ਤਾਕੀਦ ਕੀਤੀ ਗਈ ਹੈ। ਸ਼ਾਪਸ ਉੱਤੇ ਜਾਣ ਵਾਲਿਆਂ ਨੂੰ ਲੱਛਣਾਂ ਉੱਤੇ ਨਜ਼ਰ ਰੱਖਣ ਲਈ ਕਿਹਾ ਹੈ, ਜੇ ਲੱਛਣ ਵਧਦੇ ਹਨ ਤਾਂ ਟੈੱਸਟ ਕਰਵਾਉਣ ਦੀ ਸਲਾਹ ਦਿੱਤੀ ਹੈ।
ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਨਵੇਂ ਐਕਟਿਵ ਕੇਸਾਂ ਦੀ ਗਿਣਤੀ 59 ਹੋ ਗਈ ਹੈ। ਦੇਸ਼ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 2040 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਹਨ, ਜਿਨ੍ਹਾਂ ਵਿੱਚੋਂ 1,683 ਕੰਨਫ਼ਰਮ ਤੇ 357 ਪ੍ਰੋਵੈਬਲੀ ਕੇਸ ਹੀ ਹਨ। ਅੱਜ ਦੇ 8 ਕੇਸ ਮਿਲਾ ਕੇ ਬਾਡਰ ਤੋਂ ਆਏ ਨਵੇਂ ਕੇਸਾਂ ਦੀ ਗਿਣਤੀ 356 ਹੋ ਗਈ ਹੈ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 1956 ਹੋ ਗਈ ਹੈ, ਕੱਲ੍ਹ 2 ਕੇਸ ਰਿਕਵਰ ਹੋਇਆ ਹੈ। ਨਿਊਜ਼ੀਲੈਂਡ ਵਿੱਚ ਕੋਵਿਡ -19 ਨਾਲ ਹਸਪਤਾਲ ਵਿੱਚ ਕੋਈ ਦਾਖ਼ਲ ਨਹੀਂ ਹੈ। ਦੇਸ਼ ‘ਚ ਕੋਵਿਡ -19 ਨਾਲ ਮੌਤਾਂ ਦੀ ਗਿਣਤੀ 25 ਹੀ ਹੈ।