ਅਰਜਨਟੀਨਾ ਦੇ ਮਹਾਨ ਫੁੱਟਬਾਲ ਡੀਏਗੋ ਮੈਰਾਡੋਨਾ ਦਾ ਦੇਹਾਂਤ

ਬਿਊਨਸ ਆਇਰਸ, 26 ਨਵੰਬਰ – 25 ਨਵੰਬਰ ਨੂੰ ਅਰਜਨਟੀਨਾ ਦੇ ਮਹਾਨ ਫੁੱਟਬਾਲ ਖਿਡਾਰੀ ਡੀਏਗੋ ਮੈਰਾਡੋਨਾ ਦਾ 60 ਸਾਲ ਦੀ ਉਮਰ ਵਿੱਚ ਹਾਰਟ ਅਟੈਕ ਨਾਲ ਦੇਹਾਂਤ ਹੋ ਗਿਆ। ਫੁੱਟਬਾਲ ਦੇ ਮਹਾਨ ਖਿਡਾਰੀ ਨੂੰ ਆਪਣੇ ਘਰ ਉੱਤੇ ਹੀ ਹਾਰਟ ਅਟੈਕ ਆਇਆ ਸੀ। ਜ਼ਿਕਰਯੋਗ ਹੈ ਕਿ ਹਾਲੇ ਦੋ ਹਫ਼ਤੇ ਪਹਿਲਾਂ ਹੀ ਉਨ੍ਹਾਂ ਨੂੰ ਬਰੇਨ ਵਿੱਚ ਕਲਾਟ ਦੀ ਵਜ੍ਹਾ ਨਾਲ ਸਰਜਰੀ ਕਰਵਾਉਣੀ ਪਈ ਸੀ, ਉਨ੍ਹਾਂ ਨੂੰ 11 ਨਵੰਬਰ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਸੀ।
ਮੈਰਾਡੋਨਾ ਨੇ ਆਪਣੇ ਫੁੱਟਬਾਲ ਕੈਰੀਅਰ ਦੀ ਸ਼ੁਰੂਆਤ 16 ਸਾਲ ਦੀ ਉਮਰ ਵਿੱਚ ਅਰਜਨਟੀਨਾ ਦੀ ਜੂਨੀਅਰ ਟੀਮ ਦੇ ਨਾਲ ਕੀਤੀ ਸੀ। ਇਸ ਦੇ ਬਾਅਦ ਉਹ ਦੁਨੀਆ ਦੇ ਮਹਾਨ ਫੁੱਟਬਾਲ ਖਿਡਾਰੀਆਂ ਵਿੱਚ ਸ਼ਾਮਿਲ ਹੋ ਗਏ। ਉਨ੍ਹਾਂ ਨੇ ਅਰਜਨਟੀਨਾ ਨੂੰ 1986 ਫੁੱਟਬਾਲ ਵਰਲਡ ਕੱਪ ਜਿਤਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਦਾ ਫੁੱਟਬਾਲ ਕੈਰੀਅਰ ਸ਼ਾਨਦਾਰ ਰਿਹਾ। ਮੈਰਾਡੋਨਾ ਬੋਕਾ ਜੂਨੀਅਰਸ, ਨੇਪੋਲੀ ਅਤੇ ਬਾਰਸੇਲੋਨਾ ਦੇ ਇਲਾਵਾ ਹੋਰ ਕਈ ਕਲੱਬ ਲਈ ਵੀ ਖੇਡੇ ਸਨ। ਮੈਰਾਡੋਨਾ ਨੂੰ ਇੰਗਲੈਂਡ ਦੇ ਖ਼ਿਲਾਫ਼ 1986 ਦੇ ਫੁੱਟਬਾਲ ਵਰਲਡ ਕੱਪ ਟੂਰਨਾਮੈਂਟ ਵਿੱਚ ‘ਹੈਂਡ ਆਫ਼ ਗਾਡ’ ਲਈ ਯਾਦ ਕੀਤਾ ਜਾਂਦਾ ਹੈ। ਮੈਰਾਡੋਨਾ ਦੀ ਮੌਤ ਦੀ ਖ਼ਬਰ ਨਾਲ ਖੇਡ ਜਗਤ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।