ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ ਅੱਜ 1 ਨਵਾਂ ਕੇਸ ਆਇਆ

ਵੈਲਿੰਗਟਨ, 6 ਜੁਲਾਈ – ਨਿਊਜ਼ੀਲੈਂਡ ਵਿੱਚ ਕੋਵਿਡ -19 ਦਾ 1 ਨਵਾਂ ਕੇਸ ਸਾਹਮਣੇ ਆਇਆ ਹੈ। ਇਹ ਕੇਸ 20 ਸਾਲਾਂ ਦੇ ਇੱਕ ਵਿਅਕਤੀ ਦਾ ਹੈ ਜੋ 4 ਜੁਲਾਈ ਨੂੰ ਦੋਹਾ ਅਤੇ ਸਿਡਨੀ ਰਾਹੀਂ ਲੰਡਨ ਤੋਂ ਨਿਊਜ਼ੀਲੈਂਡ ਆਇਆ ਸੀ। ਸਿਹਤ ਮੰਤਰਾਲੇ ਨੇ ਅੱਜ ਸੋਮਵਾਰ ਨੂੰ ਪੁਸ਼ਟੀ ਕੀਤੀ ਕਿ ਆਕਲੈਂਡ ਹਵਾਈ ਅੱਡੇ ਉੱਤੇ ਪਹੁੰਚਣ ‘ਤੇ ਉਸ ਨੂੰ ਸਿੱਧੇ ਕੁਆਰੰਟੀਨ ਸਹੂਲਤ ਲਈ ਲਿਜਾਇਆ ਗਿਆ ਕਿਉਂਕਿ ਉਹ ਕੋਵਿਡ -19 ਦੇ ਲੱਛਣ ਦਿਖਾ ਰਿਹਾ ਸੀ। ਪਬਲਿਕ ਹੈਲਥ ਯੂਨਿਟ ਨੇ ਵਧੇਰੇ ਵੇਰਵਿਆਂ ਦਾ ਪਤਾ ਲਗਾਉਣ ਲਈ ਉਸ ਤੋਂ ਪੁੱਛਗਿੱਛ ਕਰ ਰਹੀ ਹੈ।
ਇਸ ਕੇਸ ਨੂੰ ਮਿਲਾ ਕੇ ਦੇਸ਼ ਵਿੱਚ ਕੁੱਲ 22 ਕੇਸ ਹੋ ਗਏ ਹਨ ਅਤੇ ਸਾਰੇ ਐਕਟਿਵ ਕੇਸ ਮੈਨੇਜਡ ਕੁਆਰੰਟੀਨ ਸਹੂਲਤਾਂ ਵਿੱਚ ਹਨ ਅਤੇ ਸਾਰੇ ਹੀ ਵਿਦੇਸ਼ ਤੋਂ ਦੇਸ਼ ਪਰਤੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਕਮਿਊਨਿਟੀ ਟਰਾਂਸਮਿਸ਼ਨ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ। ਕੋਵਿਡ -19 ਦੇ ਨਾਲ 1 ਵਿਅਕਤੀ ਆਕਲੈਂਡ ਸਿਟੀ ਹਸਪਤਾਲ ਵਿੱਚ ਸਥਿਰ ਹਾਲਤ ‘ਚ ਹੈ। ਦੇਸ਼ ਵਿੱਚ ਹਾਲੇ ਕੋਈ ਹੋਰ ਰਿਕਵਰੀ ਨਹੀਂ ਹੋਈ ਹੈ।
ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਕੁੱਲ ਮਿਲਾ ਕੇ 1534 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਹਨ। ਜਿਨ੍ਹਾਂ ਵਿੱਚੋਂ 1,184 ਕੰਨਫ਼ਰਮ ਕੇਸ ਹੀ ਹਨ। ਕੋਰੋਨਾਵਾਇਰਸ ਤੋਂ ਹੁਣ ਤੱਕ 1490 ਰਿਕਵਰ ਹੋਏ ਹਨ ਅਤੇ ਮੌਤਾਂ ਦੀ ਗਿਣਤੀ 22 ਹੀ ਹੈ। ਮਹਾਂਮਾਰੀ ਦੇ ਦੌਰਾਨ ਪਛਾਣੇ ਗਏ 16 ਮਹੱਤਵਪੂਰਨ ਕਲੱਸਟਰ ਹੁਣ ਸਾਰੇ ਬੰਦ ਹੋ ਗਏ ਹਨ। ਮੰਤਰਾਲੇ ਨੇ ਕਿਹਾ ਕਿ ਆਖ਼ਰੀ ਕਲੱਸਟਰ ਜੋ ਕਿ ਸੈਂਟ ਮਾਰਗ੍ਰੇਟ ਅਤੇ ਰੈਸਟ ਹੋਮ ਨਾਲ ਜੁੜਿਆ ਸੀ, ਹੁਣ ਉਹ ਬੰਦ ਹੋ ਗਿਆ ਹੈ। ਕੱਲ੍ਹ ਦੇਸ਼ ਵਿੱਚ 1,057 ਟੈੱਸਟ ਪੂਰੇ ਕੀਤੇ, ਜਿਨ੍ਹਾਂ ਦੀ ਹੁਣ ਤੱਕ ਪੂਰੀ ਕੀਤੀ ਗਈ ਟੈੱਸਟਾਂ ਦੀ ਗਿਣਤੀ 415,283 ਹੋ ਗਈ ਹੈ।