ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ ਅੱਜ ਕੋਈ ਨਵਾਂ ਕੇਸ ਨਹੀਂ ਆਇਆ

ਆਕਲੈਂਡ, 31 ਜੁਲਾਈ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ਵਿੱਚ ਕੋਵਿਡ-19 ਦਾ ਅੱਜ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ। ਸਿਹਤ ਮੰਤਰਾਲੇ ਨੇ ਦੱਸਿਆ ਕਿ ਅੱਜ ਕੋਈ ਨਵਾਂ ਕੇਸ ਨਾ ਆਉਣ ਨਾਲ ਦੇਸ਼ ਵਿੱਚ ਐਕਟਿਵ ਕੇਸਾਂ ਦੀ ਗਿਣਤੀ 20 ਉੱਤੇ ਪਹੁੰਚ ਗਈ ਹੈ ਕਿਉਂਕਿ 4 ਕੇਸ ਰਿਕਵਰ ਹੋਏ ਹਨ ਅਤੇ ਕੋਈ ਵੀ ਵਿਅਕਤੀ ਹਸਪਤਾਲ ਵਿੱਚ ਨਹੀਂ ਹੈ। ਕੱਲ੍ਹ 2,476 ਟੈੱਸਟ ਕੀਤੇ ਗਏ, ਜਿਨ੍ਹਾਂ ‘ਚ 2,022 ਟੈੱਸਟ ਕਮਿਊਨਿਟੀ ਵਿੱਚੋਂ ਕੀਤੇ ਗਏ ਅਤੇ 454 ਟੈੱਸਟ ਮੈਨੇਜਡ ਆਈਸੋਲੇਸ਼ਨ ਅਤੇ ਕੁਆਰੰਟੀਨ ਵਿੱਚੋਂ ਵੀ ਕੀਤੇ ਗਏ। ਦੇਸ਼ ਭਰ ਵਿੱਚ ਹੁਣ ਤੱਕ ਕੀਤੇ ਕੁੱਲ ਟੈੱਸਟਾਂ ਦੀ ਗਿਣਤੀ 465,066 ਹੋ ਗਈ ਹੈ। ਵਰਲਡ ਹੈਲਥ ਆਰਗਨਾਈਜ਼ੇਸ਼ਨ (WHO) ਨੂੰ ਰਿਪੋਰਟ ਕੀਤੇ ਗਏ ਕੁੱਲ ਕੰਨਫ਼ਰਮ ਕੇਸਾਂ ਦੀ ਗਿਣਤੀ 1210 ਦੱਸੀ ਗਈ ਹੈ। ਨਿਊਜ਼ੀਲੈਂਡ ਵਿੱਚ ਕਮਿਊਨਿਟੀ ਟਰਾਂਸਮਿਸ਼ਨ ਦੇ ਆਖ਼ਰੀ ਕੇਸ ਦੇ ਸਬੂਤ ਨੂੰ 91 ਦਿਨ ਹੋ ਗਏ ਹਨ। ਕੋਵਿਡ -19 ਦਾ ਕਮਿਊਨਿਟੀ ‘ਚ ਫੈਲਣ ਦਾ ਕੋਈ ਸਬੂਤ ਨਹੀਂ ਮਿਲਿਆ ਹੈ।
ਇਸ ਹਫ਼ਤੇ ਨਿਊਜ਼ੀਲੈਂਡ ਵਿੱਚ ਬਾਡਰ ‘ਤੇ 4 ਨਵੇਂ ਕੇਸ ਸਾਹਮਣੇ ਆਏ, ਜਿਨ੍ਹਾਂ ਵਿੱਚੋਂ 2 ਆਪਣੇ 12ਵੇਂ ਦਿਨ ਦੇ ਰੁਟੀਨ ਟੈੱਸਟ ਵਿੱਚ ਪਾਜ਼ੇਟਿਵ ਆਏ ਜਦੋਂ ਕਿ ਉਸ ਤੋਂ ਪਹਿਲਾਂ ਉਹ ਦੋਵੇਂ ਆਪਣੇ ਤੀਜੇ ਦਿਨ ਦੇ ਰੁਟੀਨ ਟੈੱਸਟ ਵਿੱਚ ਨੈਗੇਟਿਵ ਰਹੇ ਸਨ।
ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਕੁੱਲ ਮਿਲਾ ਕੇ 1560 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਹੀ ਹਨ। ਜਿਨ੍ਹਾਂ ਵਿੱਚੋਂ 1,210 ਕੰਨਫ਼ਰਮ ਤੇ 350 ਪ੍ਰੋਵੈਬਲੀ ਕੇਸ ਹੀ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੁਣ ਵਾਲਿਆਂ ਦੀ ਗਿਣਤੀ ਵੱਧ ਕੇ 1518 ਹੋ ਗਈ ਹੈ, ਕਿਉਂਕਿ 4 ਕੇਸ ਰਿਕਵਰ ਹੋਏ ਹਨ। ਦੇਸ਼ ਵਿੱਚ ਕੋਵਿਡ -19 ਦੇ ਨਵੇਂ ਐਕਟਿਵ ਕੇਸਾਂ ਦੀ ਕੁੱਲ ਗਿਣਤੀ ਹੁਣ 20 ਹੋ ਗਈ ਹੈ ਅਤੇ ਸਾਰੇ ਹੀ ਮੈਨੇਜਡ ਆਈਸੋਲੇਸ਼ਨ ਤੇ ਕੁਆਰੰਟੀਨ ਸਹੂਲਤਾਂ ਵਿੱਚ ਹਨ। ਨਿਊਜ਼ੀਲੈਂਡ ਵਿੱਚ ਕੋਈ ਵੀ ਵਿਅਕਤੀ ਕੋਵਿਡ -19 ਨਾਲ ਹਸਪਤਾਲ ਵਿੱਚ ਦਾਖ਼ਲ ਨਹੀਂ ਹੈ। ਮੌਤਾਂ ਦੀ ਗਿਣਤੀ 22 ਹੀ ਹੈ।