ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ ਅੱਜ 14 ਨਵੇਂ ਕੇਸ ਸਾਹਮਣੇ ਆਏ, ਜਿਨ੍ਹਾਂ ‘ਚੋਂ 13 ਕਮਿਊਨਿਟੀ ਅਤੇ 1 ਕੇਸ ਮੈਨੇਜਡ ਆਈਸੋਲੇਸ਼ਨ ਨਾਲ ਸੰਬੰਧਿਤ

ਵੈਲਿੰਗਟਨ, 13 ਅਗਸਤ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਅੱਜ ਕੋਵਿਡ-19 ਦੇ 14 ਨਵੇਂ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ‘ਚੋਂ 13 ਕਮਿਊਨਿਟੀ ਟਰਾਂਸਮਿਸ਼ਨ ਨਾਲ ਸੰਬੰਧਿਤ ਹਨ ਅਤੇ 1 ਕੇਸ ਵਿਦੇਸ਼ ਤੋਂ ਮੁੜੇ ਤੇ ਮੈਨੇਜਡ ਆਈਸੋਲੇਸ਼ਨ ਵਿੱਚ ਰਹਿ ਰਹੇ ਯਾਤਰੀ ਨਾਲ ਸੰਬੰਧਿਤ ਹੈ।
ਇਨ੍ਹਾਂ 13 ਨਵੇਂ ਆਏ ਕੇਸਾਂ ਦਾ ਸਿੱਧਾ ਸੰਬੰਧ ਸਾਊਥ ਆਕਲੈਂਡ ਦੇ ਇੱਕੋ ਪਰਿਵਾਰ ਦੁਆਰਾ ਆਏ ਕਮਿਊਨਿਟੀ ਟਰਾਂਸਮਿਸ਼ਨ ਦੇ ਨਵੇਂ 4 ਕੇਸਾਂ ਨਾਲ ਹੈ, ਜਿਨ੍ਹਾਂ ਦੀ 11 ਅਗਸਤ ਦਿਨ ਮੰਗਲਵਾਰ ਨੂੰ ਪਹਿਲਾਂ ਪੁਸ਼ਟੀ ਕੀਤੀ ਗਈ ਸੀ। ਕਮਿਊਨਿਟੀ ਟਰਾਂਸਮਿਸ਼ਨ ਨਾਲ ਸੰਬੰਧਿਤ ਸਾਰੇ 13 ਕੇਸ ਕੁਆਰੰਟੀਨ ਵਿੱਚ ਜਾਣਗੇ। ਗੌਰਤਲਬ ਹੈ ਕਿ ਕਮਿਊਨਿਟੀ ਟਰਾਂਸਮਿਸ਼ਨ ਦੇ ਇਨ੍ਹਾਂ ਨਵੇਂ ਆਏ ਮਾਮਲਿਆਂ ਵਿੱਚ ਬੱਚੇ ਵੀ ਸ਼ਾਮਲ ਹਨ, ਜਿਨ੍ਹਾਂ ਵਿੱਚ ਇੱਕ ਲੜਕੀ 1-4 ਸਾਲ ਦੀ ਹੈ ਜਦੋਂ ਕਿ ਦੂਜਾ ਲੜਕਾ 5-9 ਸਾਲ ਦਾ ਹੈ। ਇੱਕ ਹੋਰ 10-14 ਸਾਲ ਦੀ ਲੜਕੀ ਹੈ ਜਿਸ ਦਾ ਪਾਜ਼ੇਟਿਵ ਟੈੱਸਟ ਆਇਆ ਹੈ, ਜਦੋਂ ਕਿ ਇੱਕ ਨੌਜਵਾਨ ਲੜਕਾ ਜੋ 15-15 ਸਾਲ ਦੀ ਉਮਰ ਦਾ ਹੈ ਜੋ ਨਵੇਂ ਆਏ ਮਾਮਲਿਆਂ ਵਿੱਚ ਸ਼ਾਮਿਲ ਹੈ।
ਸਿਹਤ ਵਿਭਾਗ ਦੇ ਡਾਇਰੈਕਟਰ ਜਨਰਲ ਐਸ਼ਲੇ ਬਲੂਮਫੀਲਡ ਦਾ ਕਹਿਣਾ ਹੈ ਕਿ ਪੁਸ਼ਟੀ ਕੀਤੇ ਗਏ ਕੇਸਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਕੁਆਰੰਟੀਨ ਹੋਣ ਦੀ ਜ਼ਰੂਰਤ ਪੈ ਸਕਦੀ ਹੈ, ਕਿਉਂਕਿ ਇਹ ਪਰਿਵਾਰਕ ਮੈਂਬਰਾਂ ਦਰਮਿਆਨ ਫੈਲਣ ਨੂੰ ਰੋਕਣ ਵਿੱਚ ਮਦਦ ਕਰੇਗਾ ਅਤੇ ਮਿਲਣ ਆਉਣ ਵਾਲੇ ਲੋਕਾਂ ਤੋਂ ਕਮਿਊਨਿਟੀ ਵਿੱਚ ਫੈਲਣ ਨੂੰ ਵੀ ਸੀਮਤ ਕਰੇਗਾ।
ਉਨ੍ਹਾਂ ਕਿਹਾ ਕਿ ਮੈਨੇਜਡ ਆਈਸੋਲੇਸ਼ਨ ਸਹੂਲਤ ਵਿੱਚ ਵੀ 1 ਨਵਾਂ ਕੇਸ ਵੀ ਹੈ, 30 ਸਾਲਾਂ ਦੀ ਇੱਕ ਮਹਿਲਾ ਦਾ ਹੈ ਜੋ 8 ਅਗਸਤ ਨੂੰ ਫਿਲੀਪੀਨਜ਼ ਤੋਂ ਆਈ ਸੀ ਅਤੇ ਜੋ ਮੈਨੇਜਡ ਆਈਸੋਲੇਸ਼ਨ ਸਹੂਲਤ ਵਿੱਚ ਰਹਿੰਦੇ ਹੋਏ ਤੀਜੇ ਦਿਨ ਦੇ ਟੈੱਸਟ ‘ਚ ਉਹ ਪਾਜ਼ੇਟਿਵ ਆਈ।
ਦੇਸ਼ ਵਿੱਚ 11 ਅਗਸਤ ਦਿਨ ਮੰਗਲਵਾਰ ਨੂੰ ਆਏ ਕਮਿਊਨਿਟੀ ਵਿਚਲੇ 4 ਕੇਸਾਂ ਤੋਂ ਬਾਅਦ ਤੇ ਹੁਣ ਅੱਜ ਆਏ 13 ਕੇਸਾਂ ਨੂੰ ਮਿਲਾ ਕੇ ਕਮਿਊਨਿਟੀ ਦੇ ਵਿੱਚ 17 ਐਕਟਿਵ ਹਨ, ਜਦੋਂ ਕਿ 19 ਹੋਰ ਸਰਗਰਮ ਮਾਮਲੇ ਮੈਨੇਜਡ ਆਈਸੋਲੇਸ਼ਨ ਦੇ ਸਿੱਧੇ ਸਰਹੱਦ ਨਾਲ ਜੁੜੇ ਹੋਏ ਹਨ। ਦੇਸ਼ ਵਿੱਚ ਹੁਣ ਨਵੇਂ ਐਕਟਿਵ ਕੇਸਾਂ ਦੀ ਗਿਣਤੀ 36 ਹੋ ਗਈ ਹੈ।
ਬਲੂਮਫੀਲਡ ਨੇ ਕਿਹਾ ਕਿ ਸਾਰੇ ਨਵੇਂ ਕੇਸ ਆਪਸ ਵਿੱਚ ਜੁੜੇ ਹੋਣ ਦੇ ਬਾਵਜੂਦ, ਉਨ੍ਹਾਂ ਨੂੰ ਕਲੱਸਟਰ ਮੰਨਿਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਹੋਰ ਕੇਸਾਂ ਦੇ ਆਉਣ ਦੀ “ਪੂਰੀ ਉਮੀਦ” ਹੈ।
ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਕੁੱਲ ਮਿਲਾ ਕੇ 1589 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਹੀ ਹਨ। ਜਿਨ੍ਹਾਂ ਵਿੱਚੋਂ 1,238 ਕੰਨਫ਼ਰਮ ਤੇ 351 ਪ੍ਰੋਵੈਬਲੀ ਕੇਸ ਹੀ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ ਵੱਧ ਕੇ 1531 ਹੀ ਹੈ। ਦੇਸ਼ ਵਿੱਚ ਕੋਵਿਡ -19 ਦੇ ਨਵੇਂ ਐਕਟਿਵ ਕੇਸਾਂ ਦੀ ਕੁੱਲ ਗਿਣਤੀ ਹੁਣ 36 ਹੋ ਗਈ ਹੈ। ਨਿਊਜ਼ੀਲੈਂਡ ਵਿੱਚ ਕੋਈ ਵੀ ਵਿਅਕਤੀ ਕੋਵਿਡ -19 ਨਾਲ ਹਸਪਤਾਲ ਵਿੱਚ ਦਾਖ਼ਲ ਨਹੀਂ ਹੈ। ਮੌਤਾਂ ਦੀ ਗਿਣਤੀ 22 ਹੀ ਹੈ।