ਕੋਰੋਨਾਵਾਇਰਸ: ਨਿਊਜ਼ੀਲੈਂਡ ਬੁੱਧਵਾਰ ਮਿਡ-ਨਾਈਟ ਤੋਂ ਲੈਵਲ 2 ‘ਤੇ ਜਾਏਗਾ

ਆਕਲੈਂਡ 11 ਮਈ (ਹਰਜਿੰਦਰ ਸਿੰਘ ਬਸਿਆਲਾ) – ਨਿਊਜ਼ੀਲੈਂਡ ਦੇ ਵਿੱਚ ਪਿਛਲੇ ਦੋ ਹਫ਼ਤਿਆਂ ਤੋਂ ਸਰਕਾਰ ਅਤੇ ਲੋਕਾਂ ਦੇ ਸਹਿਯੋਗ ਨਾਲ ‘ਕੋਰੋਨਾ ਤਾਲਾਬੰਦੀ’ ਦੌਰਾਨ ਕੋਰੋਨਾਵਾਇਰਸ ਨੂੰ ਬ੍ਰੇਕਾਂ ਲਗ ਗਈਆਂ ਹਨ ਅਤੇ ਹੁਣ ਵੀਰਵਾਰ ਤੋਂ ਇਹ ਤਾਲਾਬੰਦੀ ਦਾ ਪੱਧਰ ‘ਲੈਵਲ 3’ ਤੋਂ ‘ਲੈਵਲ 3’ ‘ਤੇ ਆ ਜਾਵੇਗਾ। ਇਸ ਗੱਲ ਦਾ ਐਲਾਨ ਅੱਜ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਕਰ ਦਿੱਤਾ ਹੈ। ਵੀਰਵਾਰ ਤੋਂ ਸ਼ਾਪਿੰਗ ਮਾਲ, ਕੈਫ਼ੇ ਅਤੇ ਰੈਸਟੋਰੈਂਟ ਖੁੱਲ੍ਹ ਜਾਣਗੇ ਜਦੋਂ ਕਿ ਅਗਲੇ ਸੋਮਵਾਰ ਯਾਨੀ 18 ਮਈ ਤੋਂ ਸਕੂਲ ਖੁੱਲ੍ਹ ਜਾਣਗੇ। ਬਾਰਾਂ ਦੇ ਵਿੱਚ ਰੌਣਕ 10 ਦਿਨਾਂ ਬਾਅਦ ਯਾਨੀ ਕਿ 21 ਮਈ ਨੂੰ ਪਰਤਣੀ ਹੈ। ਲੈਵਲ 3 ਬੁੱਧਵਾਰ ਰਾਤ 12 ਵਜੇ ਖ਼ਤਮ ਹੋ ਜਾਵੇਗਾ। ਦੇਸ਼ ਦੀਆਂ ਸੀਮਾਵਾਂ ਲੰਬੇ ਸਮੇਂ ਲਈ ਅਜੇ ਬੰਦ ਰਹਿਣਗੀਆਂ ਜਿਸ ਦੇ ਤਹਿਤ ਵਿਦੇਸ਼ੀ ਲੋਕ ਅਜੇ ਆਮ ਦੀ ਤਰ੍ਹਾਂ ਇੱਥੇ ਨਹੀਂ ਆ ਸਕਣਗੇ। ਦੇਸ਼ ਅੰਦਰ ਇੱਕ ਦੂਜੇ ਥਾਂ ਜਾਣ ਦੀ ਖੁੱਲ੍ਹ ਹੋਵੇਗੀ। ਭਾਰਤੀ ਲੋਕ ਵੀ ਆਪਣੇ ਰਿਸ਼ਤੇਦਾਰਾਂ ਅਤੇ ਨਾਨਕੇ ਦਾਦਕੇ ਜਾ ਸਕਣਗੇ। ਖਿਡਾਰੀ ਖੇਡ ਮੈਦਾਨ ਦੇ ਵਿੱਚ ਖੇਡ ਸਕਣਗੇ ਪਰ ਇੱਥੇ ਲੋਕਾਂ ਦੇ 10 ਤੋਂ ਜ਼ਿਆਦਾ ਇੱਕੋ ਥਾਂ ‘ਤੇ ਇਕੱਠੇ ਹੋਣ ‘ਤੇ ਪਾਬੰਦੀ ਹੋਵੇਗੀ। 2 ਹਫ਼ਤਿਆਂ ਬਾਅਦ ਲੈਵਲ 2 ਉੱਤੇ ਵਿਚਾਰ ਕੀਤੀ ਜਾਵੇਗੀ ਅਤੇ ਲੋਕਾਂ ਦੇ ਇਕੱਠੇ ਹੋਣ ਦੀ ਗਿਣਤੀ ਵਧਾਈ ਜਾ ਸਕਦੀ ਹੈ। ਮਾਸਕ ਪਹਿਨਣੇ ਜ਼ਰੂਰੀ ਨਹੀਂ ਹੋਣਗੇ ਪਰ ਲੋਕਾਂ ਦੀ ਮਰਜ਼ੀ ਹੋਵੇਗੀ। ਨਿਊਜ਼ੀਲੈਂਡ ਦੀਆਂ ਜੇਲ੍ਹਾਂ ਵਿੱਚ ਅਜੇ ਕੋਈ ਵੀ ਕੇਸ ਪਾਜੇਟਿਵ ਨਹੀਂ ਹੈ।