ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ ਅੱਜ ਕੋਈ ਨਵਾਂ ਕੇਸ ਨਹੀਂ

ਵੈਲਿੰਗਟਨ, 12 ਮਈ – ਨਿਊਜ਼ੀਲੈਂਡ ਵਿੱਚ ਕੋਵਿਡ -19 ਦਾ ਅੱਜ ਕੋਈ ਨਵਾਂ ਕੇਸ ਨਹੀਂ ਹੈ ਕਿਉਂਕਿ ਦੇਸ਼ ਦੇ ਕਾਰੋਬਾਰ ਅਲਰਟ ਲੈਵਲ 2 ਦੇ ਤਹਿਤ ਵੀਰਵਾਰ ਤੋਂ ਮੁੜ ਖੁੱਲ੍ਹਣ ਲੱਗੇ ਹਨ।
ਡਾਇਰੈਕਟਰ ਜਨਰਲ ਆਫ਼ ਹੈਲਥ ਐਸ਼ਲੇ ਬਲੂਮਫੀਲਡ ਨੇ ਅੱਜ ਕਿਹਾ ਕਿ ਕੋਵਿਡ -19 ਦੇ ਕੁੱਲ 1497 ਮਾਮਲੇ ਸਾਹਮਣੇ ਆਏ ਹਨ ਅਤੇ 93% ਮਰੀਜ਼ ਹੁਣ ਠੀਕ ਹੋ ਗਏ ਹਨ। ਕੋਰੋਨਾ ਨਾਲ ਕੋਈ ਨਵੀਂ ਮੌਤ ਨਹੀਂ ਹੋਈ ਹੈ। ਕੱਲ੍ਹ ਕੁੱਲ 2893 ਕੋਵਿਡ -19 ਦੇ ਟੈੱਸਟ ਲਏ ਗਏ ਸਨ।
ਬਲੂਮਫੀਲਡ ਨੇ ਕਿਹਾ ਕਿ ਲੋਕੀ ਲੈਵਲ 2 ਦੇ ਅਧੀਨ ਮੁੜ ਹਸਪਤਾਲ ਵਿੱਚ ਆਉਣ ਦੇ ਯੋਗ ਹੋ ਸਕਣਗੇ। ਉੱਚ ਜੋਖ਼ਮ ਵਾਲੇ ਖੇਤਰਾਂ ਜਿਵੇਂ ਕਿ ਐਮਰਜੈਂਸੀ ਵਿਭਾਗ ਅਤੇ ਇੰਟੈਂਸਿਵ ਕੇਅਰ ਵਿੱਚ ਸਿਰਫ਼ ਇਕ ਵਾਰ ਆਉਣ ਦੀ ਆਗਿਆ ਹੋਵੇਗੀ।
ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਇਸੇ ਹਫ਼ਤੇ ਬੁੱਧਵਾਰ ਰਾਤੀ 11.59 ਵਜੇ ਲੈਵਲ 2 ‘ਤੇ ਜਾ ਰਿਹਾ ਹੈ। ਵੀਰਵਾਰ ਨੂੰ ਸਿਨੇਮਾ ਘਰ, ਰਿਟੇਲ, ਖੇਡ ਦੇ ਮੈਦਾਨ ਅਤੇ ਜਿੰਮ ਫਿਜ਼ੀਕਲ ਡਿਸਟੈਂਸਿੰਗ ਅਤੇ ਸਖ਼ਤ ਸਫ਼ਾਈ ਉਪਾਵਾਂ ਨਾਲ ਦੁਬਾਰਾ ਖੁੱਲ੍ਹ ਰਹੇ ਹਨ। ਦੇਸ਼ ਦੇ ਅੰਦਰ-ਅੰਦਰ ਯਾਤਰਾ ਵੀ ਦੁਬਾਰਾ ਸ਼ੁਰੂ ਹੋਵੇਗੀ। ਸਕੂਲ 18 ਮਈ ਦਿਨ ਸੋਮਵਾਰ ਤੋਂ ਦੁਬਾਰਾ ਖੁੱਲ੍ਹਣਗੇ। ਜਦੋਂ 21 ਮਈ ਦਿਨ ਵੀਰਵਾਰ ਨੂੰ ਬਾਰ ਤਿੰਨ ‘S’ ਦੇ ਸਥਾਨ ਨਾਲ ਦੁਬਾਰਾ ਖੁੱਲ੍ਹ ਸਕਦੇ ਹਨ।
ਨਿਊਜ਼ੀਲੈਂਡ ਦੇ ਕੰਨਫ਼ਰਮ ਅਤੇ ਪ੍ਰੋਵੈਬਲੀ ਕੋਵਿਡ -19 ਕੇਸਾਂ ਦੀ ਕੁੱਲ ਗਿਣਤੀ 1497 ਹੈ। ਜਿਨ੍ਹਾਂ ਵਿਚੋਂ 1,146 ਕੰਨਫ਼ਰਮ ਕੀਤੇ ਕੇਸ ਹਨ ਅਤੇ 351 ਪ੍ਰੋਵੈਬਲੀ ਕੇਸ ਹਨ। ਮੈਡੀਕਲ ਸਟੇਟਸ ਅਨੁਸਾਰ 78 ਐਕਟਿਵ ਕੇਸ ਹਨ ਅਤੇ ਕੋਵਿਡ -19 ਤੋਂ 1398 ਵਿਅਕਤੀ ਰਿਕਵਰ ਹੋਏ ਹਨ। ਹਸਪਤਾਲ ਵਿੱਚ 2 ਲੋਕ ਹਨ। ਕੋਵਿਡ -19 ਨਾਲ ਦੇਸ਼ ਵਿੱਚ 21 ਮੌਤਾਂ ਹੋਈਆ ਹਨ, ਹੋਰ ਕੋਈ ਵਾਧੂ ਮੌਤ ਰਿਪੋਰਟ ਨਹੀਂ ਹੋਈ ਹੈ।
ਜ਼ਿਕਰਯੋਗ ਹੈ ਕਿ ਦੁਨੀਆ ਦੀਆਂ 217 ਟੈਰੇਟਰੀ ਵਿੱਚ ਕੋਰੋਨਾਵਾਇਰਸ ਤੋਂ ਪੀੜਤ 4,260,396 ਦੇ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਕੋਰੋਨਾ ਨਾਲ ਮੌਤਾਂ ਦੀ ਗਿਣਤੀ 289,248 ਉੱਤੇ ਪਹੁੰਚ ਗਈ ਹੈ ਅਤੇ ਰਿਕਵਰ ਹੋਣ ਵਾਲਿਆਂ ਦੀ ਗਿਣਤੀ 1,794,932 ਹੈ।