ਕੋਵਿਡ -19 ਓਮੀਕਰੋਨ ਆਊਟਬ੍ਰੇਕ: ਕਮਿਊਨਿਟੀ ਦੇ ਅੱਜ 142 ਨਵੇਂ ਕੇਸ, ਸਰਕਾਰ ਨੇ ਬੂਸਟਰ ਗੈਪ ਨੂੰ ਘਟਾ ਕੇ 3 ਮਹੀਨੇ ਕੀਤਾ

ਵੈਲਿੰਗਟਨ, 2 ਫਰਵਰੀ (ਕੂਕ ਪੰਜਾਬੀ ਸਮਾਚਾਰ) – ਅੱਜ ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ 142 ਹੋਰ ਨਵੇਂ ਕਮਿਊਨਿਟੀ ਕੇਸ ਆਏ ਹਨ। ਅੱਜ ਬਾਰਡਰ ਤੋਂ 54 ਨਵੇਂ ਕੇਸ ਆਏ ਹਨ।
ਸਰਕਾਰ ਵੱਲੋਂ ਹੁਣ ਬੂਸਟਰ ਲਗਵਾਉਣ ਦੇ ਸਮੇਂ ਨੂੰ 4 ਮਹੀਨੇ ਦੀ ਵਜਾਏ ਇੱਕ ਮਹੀਨਾ ਘੱਟਾ ਕੇ 3 ਮਹੀਨੇ ਕੀਤਾ ਜਾ ਰਿਹਾ ਹੈ, ਕਿਉਂਕਿ ਸਰਕਾਰ ਓਮੀਕਰੋਨ ਦੇ ਖ਼ਤਰੇ ਨੂੰ ਘੱਟ ਕਰਨਾ ਚਾਹੁੰਦੀ ਹੈ। ਇਹ ਨਿਯਮ 4 ਫਰਵਰੀ ਦਿਨ ਸ਼ੁੱਕਰਵਾਰ ਤੋਂ ਲਾਗੂ ਹੋ ਜਾਏਗਾ, ਜਿਸ ਵਿੱਚ 18 ਸਾਲ ਤੋਂ ਵੱਧ ਉਮਰ ਦੇ ਨਿਊਜ਼ੀਲੈਂਡ ਇਸ ਦਾ ਲਾਹਾ ਲੈ ਸਕਣਗੇ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਨਵੇਂ 142 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 12,274 ਹੋ ਗਈ ਹੈ। ਇਨ੍ਹਾਂ 142 ਕੇਸਾਂ ਵਿੱਚੋਂ ਆਕਲੈਂਡ ‘ਚ 103 ਕੇਸ, 2 ਕੇਸ ਲੇਕਸ ‘ਚ, 11 ਕੇਸ ਨੌਰਥਲੈਂਡ ‘ਚ, 5 ਕੇਸ ਬੇਅ ਆਫ਼ ਪਲੇਨਟੀ ‘ਚ, 12 ਕੇਸ ਵਾਇਕਾਟੋ ‘ਚ, 3 ਕੇਸ ਕੈਂਟਰਬਰੀ ‘ਚ, 1 ਕੇਸ ਹਾਕਸ ਬੇਅ ‘ਚ, 3 ਕੇਸ ਤਾਰਾਨਾਕੀ ‘ਚ ਅਤੇ 2 ਕੇਸ ਨੈਲਸਨ ਮਾਰਲਬਰੋ ਵਿੱਚ ਹੈ।
ਵਾਇਰਸ ਨਾਲ ਹਸਪਤਾਲ ਵਿੱਚ 6 ਲੋਕ ਹਨ। ਜਿਨ੍ਹਾਂ ਵਿੱਚੋਂ 1 ਕੇਸ ਨੌਰਥ ਸ਼ੋਰ, 1 ਕੇਸ ਆਕਲੈਂਡ ਸਿਟੀ ਹਸਪਤਾਲ, 3 ਮਿਡਲਮੋਰ ਅਤੇ 1 ਵਾਇਕਾਟੋ ਵਿੱਚ ਹੈ। 0 ਕੇਸ ਇੰਟੈਂਸਿਵ ਕੇਅਰ ਯੂਨਿਟਾਂ ਵਿੱਚ ਹੈ। ਹਸਪਤਾਲ ਵਿੱਚ ਦਾਖਲ ਲੋਕਾਂ ਦੀ ਔਸਤ ਉਮਰ 57 ਸਾਲ ਹੈ।
ਕੱਲ੍ਹ ਦੇਸ਼ ਭਰ ਵਿੱਚ 20,138 ਟੈੱਸਟ ਕੀਤੇ ਗਏ, ਜਿਨ੍ਹਾਂ ਵਿੱਚ ਆਕਲੈਂਡ ਦੇ 8,081 ਟੈੱਸਟ ਸ਼ਾਮਲ ਹਨ। ਮੰਤਰਾਲੇ ਨੇ ਦੱਸਿਆ ਕਿ ਕੱਲ੍ਹ 38,332 ਬੂਸਟਰ ਟੀਕੇ ਲਗਾਏ ਗਏ, ਜਿਸ ਨਾਲ ਹੁਣ ਤੱਕ ਕੁੱਲ 1,362,811 ਲਗਾਏ ਗਏ ਹਨ। ਨਾਲ ਹੀ, ਕੱਲ੍ਹ 5 ਤੋਂ 11 ਸਾਲ ਉਮਰ ਦੇ 8,636 ਟੀਕੇ ਲਗਾਏ ਗਏ, ਜਿਸ ਨਾਲ ਇਨ੍ਹਾਂ ਦੀ ਕੁੱਲ ਗਿਣਤੀ 177,964 ਹੋ ਗਈ ਹੈ। ਮੰਤਰਾਲੇ ਨੇ ਕਿਹਾ ਕਿ ਦੇਸ਼ ਦੇ ਲੋਕੀ ਜਲਦੀ ਤੋਂ ਜਲਦੀ ਬੂਸਟਰ ਡੋਜ਼ ਲਗਵਾਉਣ ਕਿਉਂਕਿ ਬੂਸਟਰ ਤੁਹਾਡੇ ਬਹੁਤ ਬਿਮਾਰ ਹੋਣ ਅਤੇ ਹਸਪਤਾਲ ਵਿੱਚ ਭਰਤੀ ਹੋਣ ਦੀ ਸੰਭਾਵਨਾ ਨੂੰ ਘਟਾਉਂਦੇ ਹਨ।
ਸਰਕਾਰ ਨੇ ਬੂਸਟਰ ਗੈਪ ਦਾ ਸਮਾਂ ਘੱਟਾ ਕੇ ਤਿੰਨ ਮਹੀਨੇ ਕੀਤਾ
ਲੋਕ ਹੁਣ ਚਾਰ ਮਹੀਨਿਆਂ ਦੀ ਉਡੀਕ ਕਰਨ ਦੀ ਬਜਾਏ ਆਪਣੇ ਦੂਜੇ ਸ਼ਾਟ ਤੋਂ ਤਿੰਨ ਮਹੀਨਿਆਂ ਬਾਅਦ ਆਪਣੇ ਬੂਸਟਰ ਟੀਕੇ ਲਗਵਾ ਸਕਦੇ ਹਨ, ਕਿਉਂਕਿ ਸਰਕਾਰ ਓਮੀਕਰੋਨ ਦੇ ਖ਼ਤਰੇ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਨ ਵਿੱਚ ਲੱਗੀ ਹੈ।
ਕੋਵਿਡ -19 ਜਵਾਬ ਮੰਤਰੀ ਕ੍ਰਿਸ ਹਿਪਕਿਨਜ਼ ਨੇ ਕਿਹਾ ਕਿ ਨਵਾਂ ਤਿੰਨ ਮਹੀਨਿਆਂ ਦਾ ਅੰਤਰਾਲ ਇਸ 4 ਫਰਵਰੀ ਦਿਨ ਸ਼ੁੱਕਰਵਾਰ ਤੋਂ ਲਾਗੂ ਹੋਵੇਗਾ। ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਇੱਕ ਪ੍ਰੈੱਸ ਕਾਨਫ਼ਰੰਸ ਵਿੱਚ ਸਿਹਤ ਦੇ ਡਾਇਰੈਕਟਰ ਜਨਰਲ ਡਾ. ਐਸ਼ਲੇ ਬਲੂਮਫੀਲਡ ਨਾਲ ਇਸ ਕਦਮ ਦਾ ਐਲਾਨ ਕੀਤਾ। ਬੂਸਟਰ ਦੇ ਅੰਤਰ ਨੂੰ ਘਟਾਉਣ ਦਾ ਮਤਲਬ ਹੋਵੇਗਾ ਕਿ 18 ਸਾਲ ਤੋਂ ਵੱਧ ਉਮਰ ਦੇ 10 ਲੱਖ ਹੋਰ ਨਿਊਜ਼ੀਲੈਂਡਰ ਯੋਗ ਹੋਣਗੇ। ਅਜਿਹਾ ਸਿਹਤ ਦੇ ਡਾਇਰੈਕਟਰ ਜਨਰਲ ਅਤੇ ਕੋਵਿਡ -19 ਵੈਕਸੀਨ ਤਕਨੀਕੀ ਸਲਾਹਕਾਰ ਸਮੂਹ ਦੀ ਸਲਾਹ ਤੋਂ ਬਾਅਦ ਕੀਤਾ ਗਿਆ ਹੈ।