ਬਜਟ 2022-23: ਵਿਰੋਧੀ ਧਿਰਾਂ ਵੱਲੋਂ ਬਜਟ ਦੀ ਆਲੋਚਨਾ, ਕਾਂਗਰਸ ਪਾਰਟੀ ਨੇ ਕਿਹਾ ਸਰਕਾਰ ਨੇ ਮੁਲਾਜ਼ਮ ਤੇ ਮੱਧ ਵਰਗ ਨਾਲ ਵਿਸ਼ਵਾਸਘਾਤ ਕੀਤਾ

ਨਵੀਂ ਦਿੱਲੀ, 1 ਫਰਵਰੀ – ਕਾਂਗਰਸ ਪਾਰਟੀ ਨੇ ਕੇਂਦਰ ਵੱਲੋਂ ਸਾਲ 2022-23 ਦੇ ਲਈ ਬਜਟ ਪੇਸ਼ ਕਰਨ ਤੋਂ ਬਾਅਦ ਦੋਸ਼ ਲਾਇਆ ਹੈ ਕਿ ਸਰਕਾਰ ਦੇਸ਼ ਦੇ ਤਨਖ਼ਾਹਦਾਰ ਵਰਗ ਅਤੇ ਮੱਧ ਵਰਗ ਨੂੰ ਰਾਹਤ ਨਾ ਦੇ ਕੇ ਉਨ੍ਹਾਂ ਨਾਲ ‘ਧੋਖਾ’ ਕੀਤਾ ਹੈ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕੀਤਾ, ‘ਭਾਰਤ ਦਾ ਤਨਖ਼ਾਹਦਾਰ ਵਰਗ ਅਤੇ ਮੱਧ ਵਰਗ ਮਹਾਂਮਾਰੀ ਦੇ ਇਸ ਦੌਰ ਵਿੱਚ ਤਨਖ਼ਾਹਾਂ ਵਿੱਚ ਹਰ ਪਾਸਿਓਂ ਕਟੌਤੀ ਅਤੇ ਮਹਿੰਗਾਈ ਵਿੱਚ ਰਾਹਤ ਦੀ ਉਮੀਦ ਕਰ ਰਿਹਾ ਸੀ। ਵਿੱਤ ਮੰਤਰੀ ਅਤੇ ਪ੍ਰਧਾਨ ਮੰਤਰੀ ਨੇ ਆਪਣੇ ਸਿੱਧੇ ਟੈਕਸ ਨਾਲ ਸਬੰਧਤ ਕਦਮਾਂ ਨਾਲ ਇਨ੍ਹਾਂ ਵਰਗਾਂ ਨੂੰ ਇੱਕ ਵਾਰ ਫਿਰ ਨਿਰਾਸ਼ ਕੀਤਾ ਹੈ’।
ਉਨ੍ਹਾਂ ਦੋਸ਼ ਲਾਇਆ ਕਿ ਇਹ ਤਨਖ਼ਾਹਦਾਰ ਵਰਗ ਅਤੇ ਮੱਧ ਵਰਗ ਨਾਲ ਵਿਸ਼ਵਾਸਘਾਤ ਹੈ। ਸੁਰਜੇਵਾਲਾ ਨੇ ਇਹ ਵੀ ਪੁੱਛਿਆ ਕਿ ਕੀ ਸਰਕਾਰ ਨੇ ‘ਕ੍ਰਿਪਟੋ ਕਰੰਸੀ’ ਤੋਂ ਹੋਣ ਵਾਲੀ ਆਮਦਨ ‘ਤੇ ਟੈਕਸ ਲਗਾ ਕੇ ਬਿੱਲ ਲਿਆਏ ਬਿਨਾਂ ‘ਕ੍ਰਿਪਟੋ ਕਰੰਸੀ’ ਨੂੰ ਕਾਨੂੰਨੀ ਰੂਪ ਦਿੱਤਾ ਹੈ? ਕੇਂਦਰ ਵੱਲੋਂ ਪੇਸ਼ ਬਜਟ ਦੀ ਵਿਰੋਧੀ ਧਿਰਾਂ ਨੇ ਆਲੋਚਨਾ ਕੀਤੀ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕੀਤਾ, ‘ਮੋਦੀ ਸਰਕਾਰ ਦੇ ਬਜਟ ‘ਚ ਕੁੱਝ ਵੀ ਨਹੀਂ ਹੈ। ਮੱਧ ਵਰਗ, ਤਨਖ਼ਾਹਦਾਰ ਵਰਗ, ਗ਼ਰੀਬ ਅਤੇ ਸਾਧਨ ਵਿਹੂਣੇ ਵਰਗਾਂ, ਨੌਜਵਾਨਾਂ, ਕਿਸਾਨਾਂ ਲਈ ਕੁੱਝ ਨਹੀਂ ਹੈ।’ ਸੀਪੀਆਈ (ਐੱਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਟਵੀਟ ਕੀਤਾ, ‘ਬਜਟ ਕਿਸ ਲਈ ਹੈ? ਸਭ ਤੋਂ ਅਮੀਰ 10 ਫ਼ੀਸਦੀ ਭਾਰਤੀਆਂ ਕੋਲ ਦੇਸ਼ ਦੀ ਕੁੱਲ ਦੌਲਤ ਦਾ 75 ਫ਼ੀਸਦੀ ਹਿੱਸਾ ਹੈ। ਹੇਠਲੇ 60 ਫ਼ੀਸਦੀ ਲੋਕਾਂ ਕੋਲ ਸਿਰਫ਼ 5 ਫ਼ੀਸਦੀ ਸੰਪਤੀ ਹੈ। ਮਹਾਂਮਾਰੀ ਦੌਰਾਨ ਸਭ ਤੋਂ ਵੱਧ ਮੁਨਾਫ਼ਾ ਕਮਾਉਣ ਵਾਲਿਆਂ ‘ਤੇ ਜ਼ਿਆਦਾ ਟੈਕਸ ਕਿਉਂ ਨਹੀਂ ਲਗਾਇਆ ਗਿਆ?’ ਤ੍ਰਿਣਮੂਲ ਕਾਂਗਰਸ ਦੀ ਮੁੱਖੀ ਮਮਤਾ ਬੈਨਰਜੀ ਨੇ ਟਵੀਟ ਕੀਤਾ, ‘ਬੇਰੁਜ਼ਗਾਰੀ ਅਤੇ ਮਹਿੰਗਾਈ ਨਾਲ ਜੂਝ ਰਹੇ ਆਮ ਲੋਕਾਂ ਲਈ ਬਜਟ ‘ਚ ਕੁੱਝ ਨਹੀਂ ਹੈ’।