ਕੋਵਿਡ -19 ਓਮੀਕਰੋਨ ਆਊਟਬ੍ਰੇਕ: ਨਿਊਜ਼ੀਲੈਂਡ ਕੱਲ੍ਹ ਅੱਧੀ ਰਾਤ ਨੂੰ ਓਮੀਕਰੋਨ ਰਿਸਪੋਂਸ ਦੇ ‘ਫ਼ੇਜ਼ 2’ ਵਿੱਚ ਚਲਾ ਜਾਏਗਾ – ਪ੍ਰਧਾਨ ਮੰਤਰੀ ਆਰਡਰਨ

ਵੈਲਿੰਗਟਨ, 14 ਫਰਵਰੀ (ਕੂਕ ਪੰਜਾਬੀ ਸਮਾਚਾਰ) – ਅੱਜ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਕਿਹਾ ਕਿ ਨਿਊਜ਼ੀਲੈਂਡ ਕੱਲ੍ਹ 15 ਫਰਵਰੀ ਦੀ ਅੱਧੀ ਰਾਤ 11.59 ਵਜੇ ਤੋਂ ਸਾਡੇ ਓਮੀਕਰੋਨ ਰਿਸਪੋਂਸ ਦੇ ‘ਫ਼ੇਜ਼ 2’ ਵਿੱਚ ਚਲਾ ਜਾਵੇਗਾ। ਉਨ੍ਹਾਂ ਕਿਹਾ ਜਿਵੇਂ ਕਿ ਨਿਊਜ਼ੀਲੈਂਡ ਓਮੀਕਰੋਨ ਰਿਸਪੋਂਸ ਦੇ ਦੂਜੇ ਪੜਾਓ ਵਿੱਚ ਦਾਖਲ ਹੋਵੇਗਾ। ਇਹ ਐਲਾਨ ਅੱਜ ਕਮਿਊਨਿਟੀ ਵਿੱਚ 981 ਨਵੇਂ ਕੋਵਿਡ -19 ਕੇਸਾਂ ਦੇ ਸਾਹਮਣੇ ਆਉਣ ਤੋਂ ਬਾਅਦ ਆਇਆ ਹੈ। ਕੋਵਿਡ ਮਹਾਂਮਾਰੀ ਪ੍ਰਕੋਪ ਦੇ ਲਈ ਸਰਕਾਰ ਦੀ ਤਿੰਨ-ਪੜਾਵੀ ਯੋਜਨਾ ਦੇ ਤਹਿਤ, ਇਹ ਉਮੀਦ ਕੀਤੀ ਜਾਂਦੀ ਸੀ ਕਿ ਇੱਕ ਵਾਰ 1,000 ਕੇਸਾਂ ਦੇ ਸਿਖਰ ‘ਤੇ ਪਹੁੰਚਣ ਉੱਤੇ ‘ਫ਼ੇਜ਼ 2’ ਸ਼ੁਰੂ ਹੋ ਜਾਵੇਗਾ।
‘ਫ਼ੇਜ਼ 2’ ਦਾ ਕੀ ਅਰਥ ਹੈ :
ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਫ਼ੇਜ਼ 2’ ਦੇ ਤਹਿਤ ਸੈਲਫ਼-ਆਈਸੋਲੇਸ਼ਨ ਦੀਆਂ ਲੋੜਾਂ ਛੋਟੀਆਂ ਹਨ। ਨਜ਼ਦੀਕੀ ਸੰਪਰਕਾਂ ਲਈ ਸੈਲਫ਼-ਆਈਸੋਲੇਸ਼ਨ ਹੋਣ ਦੀ ਮਿਆਦ 10 ਦਿਨਾਂ ਤੋਂ ਘਟ ਕੇ 7 ਦਿਨਾਂ ਦੀ ਹੋ ਜਾਏਗੀ। ਉਨ੍ਹਾਂ ਕਿਹਾ ਇਹ ਬਦਲਾਅ ਜੋ ਅਸੀਂ ਕਰ ਰਹੇ ਹਾਂ, ਉਹ ਚੰਗੇ ਸਹਾਇਕ ਸਬੂਤਾਂ ‘ਤੇ ਆਧਾਰਿਤ ਹਨ। ਉਨ੍ਹਾਂ ਨੇ ਕਿਹਾ ਕਿ ਪਾਜ਼ੇਟਿਵ ਟੈੱਸਟ ਕਰਨ ਵਾਲੇ 90% ਘਰੇਲੂ ਸੰਪਰਕ ਲੰਬੇ ਸਮੇਂ ਦੀ ਬਜਾਏ ਪਹਿਲੇ 10 ਦਿਨਾਂ ਵਿੱਚ ਪਾਜ਼ੇਟਿਵ ਟੈੱਸਟ ਕਰਨਗੇ। ਦੂਜਾ ਪੜਾਓ ਨਜ਼ਦੀਕੀ ਸੰਪਰਕ ਛੋਟ ਸਕੀਮ ਨੂੰ ਸਰਗਰਮ ਕਰੇਗਾ।
ਪ੍ਰਧਾਨ ਮੰਤਰੀ ਆਰਡਰਨ ਨੇ ਕਿਹਾ ਕਿ ਲੱਛਣ ਰਹਿਤ, ਟੀਕਾਕਰਣ ਵਾਲੇ ਨਜ਼ਦੀਕੀ ਸੰਪਰਕ ਸੈਲਫ਼-ਆਈਸੋਲੇਸ਼ਨ ਹੋਣ ਦੀ ਬਜਾਏ ਕੰਮ ‘ਤੇ ਜਾ ਸਕਦੇ ਹਨ। ਜ਼ਰੂਰੀ ਕਾਰਜਬਲ ਸਕੀਮ ਲਈ ਸਾਈਨ ਅੱਪ ਕਰਨ ਵਾਲੇ ਕਾਰੋਬਾਰ ਕੁੱਝ ਮੁਫ਼ਤ ਰੈਪਿਡ ਐਂਟੀਜੇਨ ਟੈੱਸਟਾਂ ਲਈ ਯੋਗ ਹੋਣਗੇ। ਜਦੋਂ ਕਿ ਬਹੁਤ ਸਾਰੇ ਕੇਸਾਂ ਦਾ ਅਜੇ ਵੀ ਵਧੇਰੇ ਜਾਣੇ-ਪਛਾਣੇ ਪੀਸੀਆਰ ਟੈੱਸਟ ਦੁਆਰਾ ਨਿਧਾਨ ਕੀਤਾ ਜਾਵੇਗਾ, ਰੈਪਿਡ ਟੈੱਸਟ ਵਧੇਰੇ ਵਿਆਪਕ ਤੌਰ ‘ਤੇ ਵਰਤੇ ਜਾਣਗੇ।
ਇਹ ਪੁੱਛੇ ਜਾਣ ‘ਤੇ ਕਿ ਕੀ ਲੋਕਾਂ ਨੂੰ ਲੌਕਡਾਉਨ ਮਾਨਸਿਕਤਾ ਅਪਣਾਉਣੀ ਚਾਹੀਦੀ ਹੈ, ਤਾਂ ਸਿਹਤ ਦੇ ਡਾਇਰੈਕਟਰ ਜਨਰਲ ਐਸ਼ਲੇ ਬਲੂਮਫੀਲਡ ਨੇ ਕਿਹਾ ਕਿ ਮੌਜੂਦਾ ਮਹਾਂਮਾਰੀ ਪ੍ਰਤੀਕ੍ਰਿਆ ਸੈਟਿੰਗਾਂ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਤਿਆਰ ਕੀਤੀਆਂ ਗਈਆਂ ਹਨ ਅਤੇ ਜੋ ਇਸ ਤਰ੍ਹਾਂ ਲੋਕਾਂ ਨੂੰ ਆਮ ਕਾਰੋਬਾਰ ਕਰਨ ਦਿੰਦੀ ਹੈ। ਬਲੂਮਫੀਲਡ ਨੇ ਕਿਹਾ ਕਿ ਪਹਿਲਾਂ ਜਿੰਨਾ ਆਈਸੋਲੇਟ ਕਰਨ ਦੀ ਕੋਈ ਲੋੜ ਨਹੀਂ ਹੈ, ਉਨ੍ਹਾਂ ਨੇ ਟੀਕਾਕਰਣ ਦੀਆਂ ਉੱਚ ਦਰਾਂ ਲਈ ਦੇਸ਼ ਦੀ ਜਨਤਾ ਦਾ ਧੰਨਵਾਦ ਵੀ ਕੀਤਾ।
ਬਲੂਮਫੀਲਡ ਨੂੰ ਰੈਪਿਡ ਟੈੱਸਟ ਖ਼ਰੀਦਦਾਰੀ ਲਈ ਸਮਾਂ ਸੀਮਾ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਨੇ ਕਿਹਾ ਕਿ ਫਰਵਰੀ ਦੇ ਅਖੀਰ ਵਿੱਚ ਵੱਡੀ ਗਿਣਤੀ ਵਿੱਚ ਰੈਪਿਡ ਟੈੱਸਟਾਂ ਦੇ ਆਉਣ ਦੀ ਉਮੀਦ ਹੈ।
ਪ੍ਰਧਾਨ ਮੰਤਰੀ ਆਰਡਰਨ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਹਰ ਉਹ ਵਿਅਕਤੀ ਜਿਸ ਨੂੰ ਰੈਪਿਡ ਟੈੱਸਟ ਦੀ ਜ਼ਰੂਰਤ ਹੈ ਉਹ ਇੱਕ ਪ੍ਰਾਪਤ ਕਰ ਸਕਦਾ ਹੈ। ਜਿਵੇਂ ਕਿ ਓਮੀਕਰੋਨ ਦੇ ਕੇਸ ਵੱਧ ਦੇ ਹਨ, ਉਸੇ ਤਰ੍ਹਾਂ ਹਸਪਤਾਲ ਵਿੱਚ ਦਾਖ਼ਲਾ ਵੀ ਹੋਵੇਗਾ।