ਕੋਵਿਡ -19 ਡੈਲਟਾ ਆਊਟਬ੍ਰੇਕ: ਆਕਲੈਂਡ ਦਾ ਅੱਜ ਰਾਤੀ ਅਲਰਟ ਲੈਵਲ ਬਦਲਣ ਤੋਂ ਪਹਿਲਾਂ ਕਮਿਊਨਿਟੀ ਦੇ 125 ਹੋਰ ਨਵੇਂ ਕੇਸ ਆਏ

ਵੈਲਿੰਗਟਨ, 9 ਨਵੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਡੈਲਟਾ ਪ੍ਰਕੋਪ ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ 125 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਜ਼ਿਕਰਯੋਗ ਹੈ ਕਿ ਆਕਲੈਂਡ ਅੱਜ ਰਾਤ 11.59 ਵਜੇ ਤੋਂ ਅਲਰਟ ਲੈਵਲ 3 ਦੀਆਂ ਪਾਬੰਦੀਆਂ ਦੇ ‘ਪੜਾਅ 2’ ਦੇ ਵਿੱਚ ਚਲਾ ਜਾਏਗਾ। ਇਸ ਨਾਲ ਆਕਲੈਂਡ ਵਿੱਚ ਦੁਕਾਨਾਂ ਅਤੇ ਜਨਤਕ ਸਹੂਲਤਾਂ ਦੁਬਾਰਾ ਖੋਲ੍ਹ ਜਾਣਗੀਆਂ ਅਤੇ ਘਰ ਤੋਂ ਬਾਹਰੀ 25 ਲੋਕਾਂ ਦਾ ਇਕੱਠਾਂ ਕੀਤਾ ਜਾ ਸਕੇਗਾ।
ਸਿਹਤ ਮੰਤਰਾਲੇ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਅੱਜ ਦੇ ਇਨ੍ਹਾਂ ਨਵੇਂ 125 ਕੇਸਾਂ ‘ਚ ਆਕਲੈਂਡ ‘ਚੋਂ 117 ਕੇਸ, ਵਾਇਕਾਟੋ ‘ਚੋਂ 2 ਕੇਸ ਅਤੇ ਨੌਰਥਲੈਂਡ ਤੋਂ 6 ਕੇਸ ਆਏ ਹਨ। ਹਸਪਤਾਲ ਵਿੱਚ ਕੋਵਿਡ ਦੇ ਅੱਧੇ (40) ਤੋਂ ਵੱਧ ਮਰੀਜ਼ ਬਿਨਾ ਟੀਕਾਕਰਣ ਦੇ ਹਨ ਜਾਂ ਯੋਗ ਨਹੀਂ ਹਨ, 25 ਲੋਕਾਂ ਦਾ ਅੰਸ਼ਿਕ ਤੌਰ ‘ਤੇ ਟੀਕਾ ਲਗਾਇਆ ਗਿਆ ਹੈ ਅਤੇ 10 ਕੇਸ ਨੂੰ ਪੂਰੀ ਤਰ੍ਹਾਂ ਨਾਲ ਟੀਕਾ ਲਗਾਇਆ ਗਿਆ ਹੈ। ਬਾਕੀ 4 ਕੇਸ ਅਗਿਆਤ ਹਨ।
ਮੰਤਰਾਲੇ ਨੇ ਕਿਹਾ ਕਿ ਆਕਲੈਂਡ ਦੇ ਉਪਨਗਰ ਸਭ ਤੋਂ ਵੱਧ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਅਣਪਛਾਤੇ ਕੇਸਾਂ ਦਾ ਖ਼ਤਰਾ ਵਧੇਰੇ ਹੈ, ਜਿਸ ਵਿੱਚ ਰਾਨੂਈ, ਸਨੀਵੇਲ, ਕੇਲਸਟਨ, ਬਰਕਡੇਲ, ਮੈਨੂਰੇਵਾ ਅਤੇ ਮੈਂਗਰੀ ਸ਼ਾਮਲ ਹਨ।
ਅੱਜ ਦੇ ਇਨ੍ਹਾਂ 125 ਕੇਸਾਂ ਵਿੱਚੋਂ 66 ਕੇਸ ਮਹਾਂਮਾਰੀ ਵਿਗਿਆਨ ਨਾਲ ਲਿੰਕ ਹਨ, ਜਦੋਂ ਕਿ 59 ਕੇਸ ਅਣਲਿੰਕ ਹਨ। ਪਿਛਲੇ 14 ਦਿਨਾਂ ਤੋਂ 659 ਕੇਸ ਅਣਲਿੰਕ ਹਨ।
ਅੱਜ ਦੇ ਨਵੇਂ ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 4,468 ਹੋ ਗਈ ਹੈ। ਹਸਪਤਾਲ ਵਿੱਚ 79 ਮਰੀਜ਼ ਹਨ, ਸਾਰੇ ਹੀ ਆਕਲੈਂਡ ਵਿੱਚ ਦਾਖ਼ਲ ਹਨ। ਆਕਲੈਂਡ ਵਿੱਚ ਪਬਲਿਕ ਹੈਲਥ ਸਟਾਫ਼ 2,353 ਲੋਕਾਂ ਦੀ ਸਹਾਇਤਾ ਕਰ ਰਿਹਾ ਹੈ ਕਿਉਂਕਿ ਉਹ ਘਰ ਵਿੱਚ ਆਈਸੋਲੇਟ ਹਨ, ਇਸ ਵਿੱਚ 934 ਘਰਾਂ ਵਿੱਚ 1199 ਕੇਸ ਸ਼ਾਮਲ ਹਨ।
ਅੱਜ ਰਾਤ 11.59 ਵਜੇ ਤੋਂ ਆਕਲੈਂਡ ਦੇ ਰਿਟੇਲ ਵਿਕ੍ਰੇਤਾਵਾਂ ਨੂੰ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਵਿੱਚ ਪਹਿਲੀ ਵਾਰ ਆਪਣੇ ਦਰਵਾਜ਼ੇ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇਗੀ ਅਤੇ ਬਾਹਰੀ ਇਕੱਠਾਂ ਨੂੰ ਮਲਟੀਪਲ ਬੱਬਲਾਂ ਤੋਂ 25 ਲੋਕਾਂ ਤੱਕ ਵਧਾਇਆ ਜਾ ਸਕਦਾ ਹੈ।