ਯੂਬਾ ਸਿਟੀ, ਕੈਲੀਫੋਰਨੀਆ ਵਿੱਚ ਵਿਸ਼ਾਲ ਨਗਰ ਕੀਰਤਨ ਦੌਰਾਨ ਸੰਗਤਾਂ ਦਾ ਭਾਰੀ ਇਕੱਠ

ਕੀਰਤਨ ਦਰਬਾਰ ‘ਚ ਉੱਚਕੋਟੀ ਦੇ ਰਾਗੀਆਂ ਢਾਡੀਆਂ ਨੇ ਕੀਤੀ ਸ਼ਮੂਲੀਅਤ, ਅਮਰੀਕੀ ਉੱਚ ਅਧਿਕਾਰੀਆਂ ਦਾ ਵੀ ਕੀਤਾ ਗਿਆ ਸਨਮਾਨ
ਸੈਕਰਾਮੈਂਟੋ (ਕੈਲੀਫੋਰਨੀਆ), 8 ਨਵੰਬਰ (ਹੁਸਨ ਲੜੋਆ ਬੰਗਾ) –
ਵਿਸ਼ਵ ਪੱਧਰੀ ਚਰਚਿਤ ਯੂਬਾ ਸਿਟੀ, ਕੈਲੀਫੋਰਨੀਆ ਦਾ ਨਗਰ ਕੀਰਤਨ ਜੋ ਗੁਰਤਾ ਗੱਦੀ ਨੂੰ ਸਮਰਪਿਤ ਹੁੰਦਾ ਹੈ ਦੇ ਸਬੰਧ ‘ਚ ਕਈ ਹਫ਼ਤਿਆਂ ਤੋਂ ਚੱਲ ਰਹੇ ਧਾਰਮਿਕ ਦਿਵਾਨਾਂ ਦੀ ਵਿਸ਼ਾਲ ਸੰਗਤਾਂ ਦੀ ਹਾਜ਼ਰੀ ‘ਚ ਅੱਜ ਸਮਾਪਤੀ ਹੋ ਗਈ।
ਕੋਵਿਡ ਮਹਾਂਮਾਰੀ ਦੀ ਮਾਰ ਝੱਲ ਰਹੇ ਅਮਰੀਕਾ ਦੇ ਸਿੱਖ ਭਾਈਚਾਰੇ ਦਾ ਦੋ ਸਾਲ ਬਾਅਦ ਯੂਬਾ ਸਿਟੀ ਦਾ ਇਹ ਨਗਰ ਕੀਰਤਨ ਤੇ ਪਹਿਲਾ ਵੱਡਾ ਸਮਾਗਮ ਸੀ। ਇਸ ਵਿਸ਼ਾਲ ਨਗਰ ਕੀਰਤਨ ‘ਚ ਐਤਕਾਂ ਵੀ ਸੰਗਤਾਂ ਦੀਆਂ ਭਾਰੀ ਰੌਣਕਾਂ ਜੁੜੀਆਂ, ਇਸ ਨਗਰ ਕੀਰਤਨ ਲਈ ਸਥਾਨਕ ਸੰਗਤਾਂ ਕਰੀਬ ਇੱਕ ਮਹੀਨੇ ਤੋਂ ਲੰਗਰਾਂ, ਸਾਜੋ ਸਮਾਨ, ਸਜਾਵਟ ਤੇ ਫਲੋਟਾਂ ਦੀਆਂ ਤਿਆਰੀਆਂ ‘ਚ ਰੁੱਝੇ ਰਹਿੰਦੇ ਹਨ। ਐਤਕਾਂ ਵੀ ਕਈ ਹਫ਼ਤਿਆਂ ਤੋਂ ਵੱਖ ਵੱਖ ਧਾਰਮਿਕ ਦਿਵਾਨ ਸਜਾਏ ਗਏ ਸਨ ਜਿਸ ਵਿੱਚ ਐਤਕਾਂ ਭਾਈ ਹਰਜਿੰਦਰ ਸਿੰਘ ਸ੍ਰੀ ਨਗਰ ਵਾਲੇ, ਭਾਈ ਪ੍ਰਿਤਪਾਲ ਸਿੰਘ, ਭਾਈ ਤੇਜਿੰਦਰ ਸਿੰਘ, ਭਾਈ ਡਿੰਪਲ ਸਿੰਘ, ਭਾਈ ਆਤਮਜੋਤ ਸਿੰਘ, ਭਾਈ ਅਮਰਜੀਤ ਸਿੰਘ ਤਾਨ ਤੇ ਹਜ਼ੂਰੀ ਰਾਗੀ ਭਾਈ ਬਿਕਰਮਜੀਤ ਸਿੰਘ, ਭਾਈ ਬਲਜੀਤ ਸਿੰਘ ਆਦਿ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ।
ਨਗਰ ਕੀਰਤਨ ਦੇ ਪਹਿਲੀ ਰਾਤ ਵੱਖ ਵੱਖ ਬੁਲਾਰਿਆਂ ਨੇ ਆਪਣੀਆਂ ਤਕਰੀਰਾਂ ਵਿੱਚ ਭਾਰਤ ਵਿੱਚ ਸਿੱਖਾਂ ਨਾਲ ਹੋ ਰਹੀਆਂ ਬੇਇਨਸਾਫ਼ੀਆਂ ਤੇ ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਦੌਰਾਨ ਹੋਈਆਂ ਕਿਸਾਨਾਂ ਦੀਆਂ ਮੌਤਾਂ ਤੇ ਭਾਰਤ ਸਰਕਾਰ ਦੀ ਤਿੱਖੀ ਅਲੋਚਨਾ ਕੀਤੀ। ਰਾਤਾਂ ਦੇ ਸਮਾਗਮਾਂ ਤੇ ਸਵੇਰੇ ਦੇ ਸਮਾਗਮਾਂ ਦੌਰਾਨ ਸਿੱਖ ਆਗੂਆਂ ਤੇ ਅਮਰੀਕੀ ਉੱਚ ਅਧਿਕਾਰੀਆਂ ਜਿਨ੍ਹਾਂ ‘ਚ ਮੇਅਰ, ਡਿਪਟੀ ਮੇਅਰ, ਸ਼ੈਰਫ ਡਿਪਾਰਟਮੈਂਟ ਤੇ ਸਿਆਸੀ ਲੀਡਰਾਂ ਨੂੰ ਪਲੈਕਾਂ ਤੇ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਉੱਘੇ ਬਿਜ਼ਨਸਮੈਨ ਸਰਬਜੀਤ ਥਿਆੜਾ ਵੱਲੋਂ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਲਈ ਦੋ ਲੱਖ ਇਕਵੰਜਾ ਹਜ਼ਾਰ ਡਾਲਰ ਦਾਨ ਵਜੋਂ ਦਿੱਤਾ ਗਿਆ। ਸਮਾਗਮਾਂ ਦੌਰਾਨ ਨਿਸ਼ਾਨ ਸਾਹਿਬ ਦੇ ਚੋਲ੍ਹੇ ਬਦਲੇ ਗਏ, ਅੰਮ੍ਰਿਤ ਸੰਚਾਰ ਹੋਇਆ ਤੇ ਆਤਿਸ਼ਬਾਜ਼ੀ ਕੀਤੀ ਗਈ। ਪੰਜਾਂ ਪਿਆਰਿਆਂ ਦੀ ਰਹਿਨੁਮਾਈ ‘ਚ ਕੱਢੇ ਗਏ 42ਵੇਂ ਨਗਰ ਕੀਰਤਨ ਉੱਤੇ ਹੈਲੀਕਾਪਟਰ ਨਾਲ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਨਗਰ ਕੀਰਤਨ ਵਿੱਚ ਸ਼ਾਮਿਲ ਹੋਣ ਵਾਲੇ ਮੁੱਖ ਫਲੋਟਾਂ ਵਿੱਚ ਮੁੱਖ ਵੱਡੇ ਸੁੰਦਰ ਫਲੋਟ ਤੋਂ ਇਲਾਵਾ, ਦਰਬਾਰ ਸਾਹਿਬ ਦਾ ਮਾਡਲ, ਕਿਸਾਨਾਂ ਤੇ ਖੇਤੀ ਸਬੰਧੀ, ਸਿੱਖ ਰੈਫਰੈਂਡਮ, ਗੁਰਦੁਆਰਾ ਬਰਾਡਸ਼ਾਅ, ਗੁਰਦੁਆਰਾ ਸਟਾਕਟਨ, ਅਕਾਲੀ ਦਲ ਅੰਮ੍ਰਿਤਸਰ, ਸਿੰਘ ਸ਼ਹੀਦਾਂ ਵਾਰੇ ਆਦਿ ਫਲੋਟਾਂ ਨਾਲ ਸੰਗਤਾਂ ਨੇ ਸ਼ਮੂਲੀਅਤ ਕੀਤੀ। ਦੂਸਰੇ ਪਾਸੇ ਪੁਲੀਸ ਵਿਭਾਗ ਵੱਲੋਂ ਥੋਕ ਵਿੱਚ ਸੰਗਤਾਂ ਦੀਆਂ ਕਾਰਾਂ ਨੂੰ ਟਿਕਟਾਂ ਦਿੱਤੀਆਂ ਤੇ ਲੱਖਾਂ ਡਾਲਰਾਂ ਦਾ ਸੰਗਤਾਂ ਨੂੰ ਚੂਨਾ ਲਾਇਆ। ਸਰਬੱਤ ਖਾਲਸਾ ਦਸਤਾਰ ਕਲੱਬ ਦੇ ਫਲੋਟ ਤੇ ਗੁਰਬਾਣੀ ਦੀ ਜਗਾ ਗ਼ਲਤ ਗੀਤ ਚੱਲਣ ਤੇ ਸੰਗਤਾਂ ਨੇ ਇਤਰਾਜ਼ ਕੀਤਾ। ਪ੍ਰਬੰਧਕਾ ਵੱਲੋਂ ਪੰਜਾਬੀ ਮੀਡੀਏ ਦੇ ਇੱਕ ਹਿੱਸੇ ਨੂੰ ਖ਼ੁਸ਼ ਕਰਨ ‘ਤੇ ਬਾਕੀ ਮੀਡੀਆ ਕਰਮੀਆਂ ਨੇ ਇਤਰਾਜ਼ ਜਿਤਾਇਆ। ਕੋਰੋਨਾ ਤੋਂ ਬਾਅਦ ਐਤਕਾਂ ਫਲੋਟਾਂ ਤੇ ਸੰਗਤਾਂ ਵਿੱਚ ਕਮੀ ਦਾ ਹੋਣਾ ਸੁਭਾਵਕ ਹੀ ਸੀ। ਐਤਕਾਂ ਵੀ ਭਾਰੀ ਗਿਣਤੀ ‘ਚ ਬਾਹਰਲੇ ਭਾਈਚਾਰੇ ਦੇ ਲੋਕਾਂ ਨੇ ਵੀ ਸ਼ਮੂਲੀਅਤ ਕੀਤੀ।