ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਅੱਜ ਕਮਿਊਨਿਟੀ ਦੇ 98 ਨਵੇਂ ਕੇਸ ਆਏ

ਵੈਲਿੰਗਟਨ, 7 ਦਸੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਡੈਲਟਾ ਪ੍ਰਕੋਪ ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ ਵੀ 98 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਅੱਜ ਦੇ ਕੇਸ ਆਕਲੈਂਡ, ਨੌਰਥਲੈਂਡ, ਵਾਇਕਾਟੋ, ਬੇਅ ਆਫ਼ ਪਲੇਨਟੀ, ਤਾਰਾਨਾਕੀ ਅਤੇ ਨੈਲਸਨ-ਤਸਮਾਨ ‘ਚ ਆਏ ਹਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਇਨ੍ਹਾਂ ਨਵੇਂ 98 ਕਮਿਊਨਿਟੀ ਕੇਸਾਂ ‘ਚੋਂ ਆਕਲੈਂਡ ‘ਚ 74 ਕੇਸ, 10 ਕੇਸ ਵਾਇਕਾਟੋ ‘ਚ, 8 ਕੇਸ ਬੇਅ ਆਫ਼ ਪਲੇਨਟੀ ‘ਚ, 5 ਕੇਸ ਨੈਲਸਨ-ਤਸਮਾਨ ‘ਚ ਅਤੇ 1 ਕੇਸ ਤਾਰਾਨਾਕੀ ਵਿੱਚ ਹੈ। ਮੰਤਰਾਲੇ ਨੇ ਅੱਜ ਦੁਪਹਿਰ 1 ਵਜੇ ਦੇ ਬਿਆਨ ਵਿੱਚ ਦੱਸਿਆ ਕਿ ਨੌਰਥਲੈਂਡ ਵਿੱਚ 2 ਨਵੇਂ ਕੇਸ ਦਾ ਵੀ ਐਲਾਨ ਕੀਤਾ ਗਿਆ ਹੈ, ਪਰ ਇਹ ਅੰਕੜੇ ਕੱਲ੍ਹ ਦੀ ਰੋਜ਼ਾਨਾ ਗਿਣਤੀ ਵਿੱਚ ਸ਼ਾਮਲ ਕੀਤੇ ਜਾਣਗੇ।
ਅੱਜ ਦੇ ਨਵੇਂ 98 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 9,269 ਹੋ ਗਈ ਹੈ। ਇਸ ਵੇਲੇ ਹਸਪਤਾਲ ਵਿੱਚ 66 ਮਰੀਜ਼ ਹਨ ਅਤੇ ਇਨ੍ਹਾਂ ਵਿੱਚੋਂ 7 ਕੇਸ ਸਖ਼ਤ ਦੇਖਭਾਲ (ICU/HDU) ਵਿੱਚ ਹਨ। ਇਨ੍ਹਾਂ 66 ਮਰੀਜ਼ਾ ਵਿੱਚੋਂ 2 ਵਾਇਕਾਟੋ ਦੇ ਹਸਪਤਾਲ ‘ਚ, 1 ਟੌਰੰਗਾ ‘ਚ, 1 ਨੈਲਸਨ ‘ਚ ਅਤੇ ਬਾਕੀ ਆਕਲੈਂਡ ਦੇ ਹਸਪਤਾਲਾਂ ‘ਚ ਹਨ। ਹਸਪਤਾਲ ‘ਚ ਦਾਖ਼ਲ ਵਿਅਕਤੀਆਂ ਦੀ ਔਸਤ ਉਮਰ 53 ਸਾਲ ਹੈ। ਆਕਲੈਂਡ ਵਿੱਚ ਹੁਣ 3200 ਲੋਕ ਘਰ ਵਿੱਚ ਆਈਸੋਲੇਟ ਹਨ, ਜਿਨ੍ਹਾਂ ਵਿੱਚ 843 ਕੋਵਿਡ ਕੇਸ ਸ਼ਾਮਲ ਹਨ।