ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਅੱਜ ਕਮਿਊਨਿਟੀ ਦੇ 76 ਨਵੇਂ ਕੇਸ ਆਏ, ਓਮਿਕਰੋਨ ਦੇ 3 ਹੋਰ ਯਾਤਰੀ ਪਾਜ਼ੇਟਿਵ

ਵੈਲਿੰਗਟਨ, 17 ਦਸੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਡੈਲਟਾ ਪ੍ਰਕੋਪ ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ ਵੀ 76 ਹੋਰ ਨਵੇਂ ਕੇਸ ਸਾਹਮਣੇ ਆਏ ਹਨ।
ਇਨ੍ਹਾਂ ਵਿੱਚ 3 ਅਜਿਹੇ ਕੇਸ ਹਨ ਜੋ ਨਿਊਜ਼ੀਲੈਂਡ ਦੇ ਪਹਿਲੇ ਓਮਿਕਰੋਨ ਕੇਸ ਦੇ ਰੂਪ ਵਿੱਚ ਉਸੇ ਫਲਾਈਟ ਵਿੱਚ ਸਨ। ਜਿਸ ਬਾਰੇ ਸਿਹਤ ਮੰਤਰਾਲੇ ਵੱਲੋਂ ਕੱਲ੍ਹ ਰੋਜ਼ਾਨਾ ਦੀ ਅੱਪਡੇਟ ਤੋਂ ਬਾਅਦ ਸ਼ਾਮੀ ਦੱਸਿਆ ਗਿਆ ਸੀ। ਡਾਇਰੈਕਟਰ ਜਨਰਲ ਆਫ਼ ਹੈਲਥ ਡਾ. ਐਸ਼ਲੇ ਬਲੂਮਫੀਲਡ ਨੇ ਕੱਲ੍ਹ ਕਿਹਾ ਸੀ ਕਿ ਨਿਊਜ਼ੀਲੈਂਡ ਵਿੱਚ ਓਮਿਕਰੋਨ ਕੋਵਿਡ -19 ਵੇਰੀਐਂਟ ਦਾ ਪਹਿਲਾ ਕੇਸ ਪਾਇਆ ਗਿਆ। ਉਨ੍ਹਾਂ ਕਿਹਾ ਕਿ ਓਮਿਕਰੋਨ ਕੇਸ ਕ੍ਰਾਈਸਟਚਰਚ ਵਿੱਚ ਮੈਨੇਜਡ ਆਈਸੋਲੇਸ਼ਨ ਵਿੱਚ ਪਾਇਆ ਗਿਆ ਹੈ। ਇਹ ਵਿਅਕਤੀ ਜਰਮਨੀ ਤੋਂ ਦੁਬਈ ਦੇ ਰਸਤੇ ਨਿਊਜ਼ੀਲੈਂਡ ਆਇਆ ਸੀ। ਇਸ ਵਿਅਕਤੀ ਦਾ ਪਹਿਲੇ ਦਿਨ ਟੈੱਸਟ ਕੀਤਾ ਗਿਆ ਸੀ। ਦੂਜੇ ਦਿਨ ਪਾਜ਼ੇਟਿਵ ਟੈੱਸਟ ਦਾ ਨਤੀਜਾ ਦਰਜ ਕੀਤਾ ਗਿਆ ਸੀ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਇਨ੍ਹਾਂ ਨਵੇਂ 76 ਕਮਿਊਨਿਟੀ ਕੇਸਾਂ ‘ਚੋਂ ਆਕਲੈਂਡ ‘ਚ 47 ਕੇਸ, 15 ਕੇਸ ਵਾਇਕਾਟੋ ‘ਚ, 10 ਕੇਸ ਬੇਅ ਆਫ਼ ਪਲੇਨਟੀ ‘ਚ, 3 ਕੇਸ ਤਾਰਾਨਾਕੀ ‘ਚ ਅਤੇ 1 ਕੇਸ ਲੇਕਸ ਡਿਸਟ੍ਰਿਕਟ ਵਿੱਚ ਹੈ।
ਅੱਜ ਦੇ ਨਵੇਂ 76 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 10,138 ਹੋ ਗਈ ਹੈ। ਆਕਲੈਂਡ ਦੇ ਵੱਖ-ਵੱਖ ਹਸਪਤਾਲਾਂ ਵਿੱਚ 46 ਕੇਸ ਹਨ, 2 ਮਰੀਜ਼ ਵਾਇਕਾਟੋ ‘ਚ, 2 ਟੌਰੰਗਾ ‘ਚ ਅਤੇ 1 ਮਰੀਜ਼ ਕ੍ਰਾਈਸਟਚਰਚ ਹਸਪਤਾਲ ਵਿੱਚ ਹੈ। 5 ਕੇਸ ਸਖ਼ਤ ਇੰਟੈਂਸਿਵ ਕੇਅਰ (ICU/HDU) ਵਿੱਚ ਹਨ। ਹਸਪਤਾਲ ਵਿੱਚ ਦਾਖ਼ਲ ਮਰੀਜ਼ਾਂ ਦੀ ਔਸਤ ਉਮਰ 53 ਸਾਲ ਹੈ। ਕਮਿਊਨਿਟੀ ਕੇਸਾਂ ਦੀ 7 ਦਿਨਾਂ ਦੀ ਰੋਲਿੰਗ ਔਸਤ 82 ਹੈ।