ਪੰਜਾਬ ਵਿਧਾਨ ਸਭਾ ਚੋਣਾਂ 2022: ਭਾਜਪਾ ਵੱਲੋਂ ਕੈਪਟਨ ਨਾਲ ਗੱਠਜੋੜ ਦਾ ਐਲਾਨ

ਨਵੀਂ ਦਿੱਲੀ, 17 ਦਸੰਬਰ – ਪੰਜਾਬ ਵਿਧਾਨ ਸਭਾ ਦੀਆਂ 2022 ‘ਚ ਹੋਣ ਵਾਲੀਆਂ ਚੋਣਾਂ ਵੇਖ ਦੇ ਹੋਏ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਚੋਣਾਂ ਲਈ ਭਾਜਪਾ ਨਾਲ ਗੱਠਜੋੜ ਦਾ ਰਸਮੀ ਤੌਰ ‘ਤੇ ਐਲਾਨ ਕਰ ਦਿੱਤਾ, ਜਿਸ ਦੀਆਂ ਕਿਆਸ ਅਰਾਈਆਂ ਪਿਛਲੇ ਮਹੀਨੇ ਉਨ੍ਹਾਂ ਦੇ ਕਾਂਗਰਸ ਛੱਡਣ ਤੋਂ ਬਾਅਦ ਤੋਂ ਲਾਈਆਂ ਜਾ ਰਹੀਆਂ ਸਨ।
ਕੈਪਟਨ ਵੱਲੋਂ ਇਹ ਐਲਾਨ ਦਿੱਲੀ ‘ਚ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਹੋਈ ਤਕਰੀਬਨ ਇਕ ਘੰਟੇ ਦੀ ਤਫ਼ਸੀਲੀ ਮੀਟਿੰਗ ਤੋਂ ਬਾਅਦ ਕੀਤਾ ਗਿਆ । ਦੋਵਾਂ ਪਾਰਟੀਆਂ ਦਰਮਿਆਨ ਇਹ ਫ਼ੈਸਲਾ ਤਕਰੀਬਨ 7 ਗੇੜਾਂ ਦੀ ਗੱਲਬਾਤ ਤੋਂ ਬਾਅਦ ਸ਼ੁੱਕਰਵਾਰ ਨੂੰ ਭਾਜਪਾ ਪੰਜਾਬ ਮਾਮਲਿਆਂ ਦੇ ਇੰਚਾਰਜ ਸ਼ੇਖਾਵਤ ਨਾਲ ਹੋਈ ਮੀਟਿੰਗ ‘ਚ ਲਿਆ ਗਿਆ। ਕੈਪਟਨ ਵੱਲੋਂ ਆਪਣੀ ਨਵੀਂ ਪਾਰਟੀ ‘ਪੰਜਾਬ ਲੋਕ ਕਾਂਗਰਸ’ ਅਤੇ ਭਾਜਪਾ ਦੇ ਗੱਠਜੋੜ ਦਾ ਐਲਾਨ ਟਵਿਟਰ ‘ਤੇ ਪਾਈ ਇਕ ਤਸਵੀਰ ਰਾਹੀਂ ਕੀਤਾ ਗਿਆ। ਕੈਪਟਨ ਅਤੇ ਸ਼ੇਖਾਵਤ ਦੀ ਗਲਵੱਕੜੀ ਪਾਈ ਇਸ ਤਸਵੀਰ ਦੇ ਨਾਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਇਕ ਸੰਦੇਸ਼ ‘ਚ ਇਹ ਵੀ ਲਿਖਿਆ ਕਿ ਭਾਜਪਾ ਨਾਲ ਸਾਡਾ (ਕੈਪਟਨ ਦਾ) ਗੱਠਜੋੜ ਪੱਕਾ ਹੈ। ਹਾਲਾਂਕਿ, ਸੀਟਾਂ ਦੀ ਵੰਡ ਨੂੰ ਲੈ ਕੇ ਅਜੇ ਵਿਚਾਰ ਚਰਚਾ ਜਾਰੀ ਹੈ। ਹਲਕਿਆਂ ਮੁਤਾਬਿਕ ਦਹਾਕਿਆਂ ਤੱਕ ਪੰਜਾਬ ‘ਚ ਸ਼੍ਰੋਮਣੀ ਅਕਾਲੀ ਦਲ ਦੀ ਜੂਨੀਅਰ ਗੱਠਜੋੜ ਭਾਈਵਾਲ ਬਣ ਕੇ ਰਹੀ ਭਾਜਪਾ ਇਸ ਵਾਰ ਸੀਨੀਅਰ ਭਾਈਵਾਲ ਬਣਨਾ ਚਾਹੁੰਦੀ ਹੈ। ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ‘ਚੋਂ ਭਾਜਪਾ 70 ਸੀਟਾਂ ‘ਤੇ ਚੋਣ ਲੜਨ ਦੀ ਚਾਹਵਾਨ ਹੈ, ਜਦੋਂ ਕਿ ਕੈਪਟਨ ਦੀ ਪਾਰਟੀ ਨੂੰ 35 ਸੀਟਾਂ ਤੋਂ ਚੋਣ ਲੜਾਈ ਜਾ ਸਕਦੀ ਹੈ। ਬਾਕੀ ਦੀਆਂ 12 ਸੀਟਾਂ ਗੱਠਜੋੜ ਦੇ ਤੀਜੇ ਭਾਈਵਾਲ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਨੂੰ ਦਿੱਤੀਆਂ ਜਾਣਗੀਆਂ। ਹਲਕਿਆਂ ਮੁਤਾਬਿਕ ਸ਼ਹਿਰੀ ਖੇਤਰਾਂ ‘ਚ ਮਜ਼ਬੂਤ ਭਾਜਪਾ ਆਪਣਾ ਮੁੱਖ ਧਿਆਨ ਇਨ੍ਹਾਂ ਇਲਾਕਿਆਂ ‘ਤੇ ਹੀ ਕੇਂਦਰਿਤ ਰੱਖੇਗੀ, ਜਦੋਂ ਕਿ ਪੰਜਾਬ ਲੋਕ ਕਾਂਗਰਸ ਨੂੰ ਦਿਹਾਤੀ ਇਲਾਕੇ ‘ਚ ਵਧੇਰੇ ਸੀਟਾਂ ਦਿੱਤੀਆਂ ਜਾਣਗੀਆਂ। ਕੈਪਟਨ ਦੇ ਕਿਸਾਨ ਆਗੂਆਂ ਨਾਲ ਨੇੜਲੇ ਸੰਬੰਧਾਂ ਨੂੰ ਧਿਆਨ ‘ਚ ਰੱਖ ਕੇ ਵੀ ਇਹ ਫ਼ੈਸਲਾ ਲਿਆ ਗਿਆ ਹੈ। 2017 ‘ਚ ਵੀ ਕੈਪਟਨ ਨੂੰ ਦਿਹਾਤੀ ਹਲਕਿਆਂ ‘ਚੋਂ ਭਰਵਾਂ ਹੁੰਗਾਰਾ ਮਿਲਿਆ ਸੀ । ਕੈਪਟਨ ਨੇ ਸੀਟਾਂ ਦੀ ਵੰਡ ਨੂੰ ਲੈ ਕੇ ਕੋਈ ਖ਼ਾਸ ਖ਼ੁਲਾਸਾ ਨਾ ਕਰਦਿਆਂ ਸਿਰਫ਼ ਇਹ ਹੀ ਕਿਹਾ ਕਿ ਸੀਟਾਂ ਦੀ ਵੰਡ ਦਾ ਆਧਾਰ ਜਿੱਤਣ ਦੀ ਸਮਰੱਥਾ ਹੋਵੇਗੀ, ਜਿੱਥੇ ਜਿਸ ਪਾਰਟੀ ਦੀ ਸਥਿਤੀ ਮਜ਼ਬੂਤ ਹੋਵੇਗੀ, ਉੱਥੇ ਉਸ ਪਾਰਟੀ ਨੂੰ ਸੀਟ ਮਿਲੇਗੀ, ਜਦੋਂ ਕਿ ਗਜੇਂਦਰ ਸ਼ੇਖਾਵਤ ਨੇ ਸੀਟਾਂ ਦੀ ਵੰਡ ਨੂੰ ਲੈ ਕੇ ਪੁੱਛੇ ਸਵਾਲਾਂ ਨੂੰ ਇਹ ਕਹਿ ਕੇ ਟਾਲ ਦਿੱਤਾ ਕਿ ਸੀਟਾਂ ਦੀ ਵੰਡ ਬਾਰੇ ਸਹੀ ਸਮੇਂ ‘ਤੇ ਸੂਚਿਤ ਕੀਤਾ ਜਾਵੇਗਾ। ਉਨ੍ਹਾਂ ਕੈਪਟਨ ਵੱਲੋਂ ਕੀਤੇ ਗੱਠਜੋੜ ਦੇ ਐਲਾਨ ‘ਤੇ ਆਪਣੀ ਮੋਹਰ ਲਾਉਂਦਿਆਂ ਕਿਹਾ ਕਿ ਹੁਣ ਇਹ ਕਹਿ ਸਕਦੇ ਹਾਂ ਕਿ ਭਾਜਪਾ ਕੈਪਟਨ ਦੀ ਪਾਰਟੀ ਦੇ ਨਾਲ ਮਿਲ ਕੇ ਚੋਣਾਂ ਲੜੇਗੀ। ਹਲਕਿਆਂ ਮੁਤਾਬਿਕ ਚੋਣ ਕਮਿਸ਼ਨ ਵੱਲੋਂ ਸੂਬੇ ਦਾ ਦੌਰਾ ਕਰਨ ਤੋਂ ਬਾਅਦ ਹੁਣ ਕਿਆਸ ਲਾਏ ਜਾ ਰਹੇ ਹਨ ਕਿ ਸੂਬੇ ‘ਚ ਆਦਰਸ਼ ਚੋਣ ਜ਼ਾਬਤਾ ਜਨਵਰੀ ਦੇ ਪਹਿਲੇ ਜਾਂ ਦੂਜੇ ਹਫ਼ਤੇ ‘ਚ ਲਗਾਇਆ ਜਾ ਸਕਦਾ ਹੈ। ਇਨ੍ਹਾਂ ਸੰਕੇਤਾਂ ਨੂੰ ਧਿਆਨ ‘ਚ ਰੱਖਦਿਆਂ ਹਰ ਪਾਰਟੀ ਆਪੋ ਆਪਣੀ ਸਥਿਤੀ ਸਪਸ਼ਟ ਕਰਨ ‘ਚ ਮਸਰੂਫ਼ ਹੈ, ਜਿਸ ਨੂੰ ਵੇਖਦਿਆਂ ਭਾਜਪਾ ਅਤੇ ਕੈਪਟਨ ਨੇ ਸਮੇਂ ਸਿਰ ਐਲਾਨ ਕਰਨ ਦਾ ਫ਼ੈਸਲਾ ਕੀਤਾ ਤਾਂ ਜੋ ਆਪੋ-ਆਪਣੀ ਸਮਰੱਥਾ ਵਾਲੇ ਚੋਣ ਹਲਕਿਆਂ ‘ਚ ਪੂਰੀ ਮਜ਼ਬੂਤੀ ਨਾਲ ਉੱਤਰਿਆ ਜਾ ਸਕੇ।
ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਨਵਜੋਤ ਸਿੱਧੂ ਨਾਲ ਚੱਲ ਖਿੱਚੋਤਾਣ ਮਗਰੋਂ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਕੁੱਝ ਦਿਨਾਂ ਮਗਰੋਂ ਉਨ੍ਹਾਂ ਕਾਂਗਰਸ ਛੱਡ ਕੇ ਆਪਣੀ ਪਾਰਟੀ ਬਣਾ ਲਈ ਸੀ।