ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਅੱਜ ਕਮਿਊਨਿਟੀ ਦੇ 55 ਨਵੇਂ ਕੇਸ ਆਏ, ਓਮਿਕਰੋਨ ਦੇ 5 ਹੋਰ ਇੰਟਰਨੈਸ਼ਨਲ ਯਾਤਰੀ ਪਾਜ਼ੇਟਿਵ

ਵੈਲਿੰਗਟਨ, 19 ਦਸੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਡੈਲਟਾ ਪ੍ਰਕੋਪ ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ ਵੀ 55 ਹੋਰ ਨਵੇਂ ਕੇਸ ਸਾਹਮਣੇ ਆਏ। ਮੈਨੇਜਡ ਆਈਸੋਲੇਸ਼ਨ ‘ਚ ਓਮਿਕਰੋਨ ਦੇ 5 ਨਵੇਂ ਕੇਸ ਆਏ ਹਨ। ਸਿਹਤ ਮੰਤਰਾਲੇ ਨੇ ਅੱਜ ਦੁਪਹਿਰ ਨੂੰ ਇੱਕ ਲਿਖਤੀ ਬਿਆਨ ‘ਚ ਅੱਪਡੇਟ ਦਿੱਤੀ। ਇਸ ਨਾਲ ਨਿਊਜ਼ੀਲੈਂਡ ਵਿੱਚ ਓਮਿਕਰੋਨ ਵੇਰੀਐਂਟ ਨਾਲ ਹੁਣ ਤੱਕ ਕੁੱਲ ਕੇਸਾਂ ਦੀ ਗਿਣਤੀ 13 ਹੋ ਗਈ ਹੈ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਇਨ੍ਹਾਂ ਡੈਲਟਾ ਦੇ ਨਵੇਂ 55 ਕਮਿਊਨਿਟੀ ਕੇਸਾਂ ‘ਚੋਂ ਆਕਲੈਂਡ ‘ਚ 41 ਕੇਸ, 4 ਕੇਸ ਵਾਇਕਾਟੋ ‘ਚ, 7 ਕੇਸ ਤਾਰਾਨਾਕੀ ‘ਚ ਅਤੇ 3 ਕੇਸ ਬੇਅ ਆਫ਼ ਪਲੇਨਟੀ ਵਿੱਚ ਹੈ।
ਅੱਜ ਦੇ ਨਵੇਂ 55 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 10,232 ਹੋ ਗਈ ਹੈ। ਇਸ ਵੇਲੇ ਹਸਪਤਾਲ ਵਿੱਚ 56 ਮਰੀਜ਼ ਹਨ। ਆਕਲੈਂਡ ਦੇ ਵੱਖ-ਵੱਖ ਹਸਪਤਾਲਾਂ ਵਿੱਚ 51 ਕੇਸ, 2 ਮਰੀਜ਼ ਵਾਇਕਾਟੋ ‘ਚ ਅਤੇ 3 ਟੌਰੰਗਾ ਹਸਪਤਾਲ ਵਿੱਚ ਹਨ। 6 ਕੇਸ ਸਖ਼ਤ ਇੰਟੈਂਸਿਵ ਕੇਅਰ (ICU/HDU) ਵਿੱਚ ਹਨ। ਹਸਪਤਾਲ ਵਿੱਚ ਦਾਖ਼ਲ ਮਰੀਜ਼ਾਂ ਦੀ ਔਸਤ ਉਮਰ 53 ਸਾਲ ਹੈ।
ਸਿਹਤ ਮੰਤਰਾਲੇ ਨੇ ਅੱਜ ਦੁਪਹਿਰ ਦੇ ਅੱਪਡੇਟ ਵਿੱਚ ਕਿਹਾ ਕਿ ਪੂਰੇ ਜੀਨੋਮ ਸਿਕਯੂਐਂਸਿੰਗ ਨੇ ਇੰਟਰਨੈਸ਼ਨਲ ਆਮਦ ਵਿੱਚ ਓਮਿਕਰੋਨ ਦੇ 5 ਹੋਰ ਕੇਸਾਂ ਦਾ ਪਤਾ ਲਗਾਇਆ ਹੈ, ਜਿਸ ਨਾਲ ਨਿਊਜ਼ੀਲੈਂਡ ਦੇ ਕੁੱਲ ਕੇਸਾਂ ਦੀ ਗਿਣਤੀ 13 ਹੋ ਗਈ ਹੈ। ਇਨ੍ਹਾਂ ਵਿੱਚੋਂ 4 ਕੇਸ ਮੈਨੇਜਡ ਆਈਸੋਲੇਸ਼ਨ ‘ਚ ਹਨ, ਜਦੋਂ ਕਿ 1 ਹੁਣ ਠੀਕ ਹੋ ਗਿਆ ਹੈ ਅਤੇ ਉਸ ਨੂੰ ਛੁੱਟੀ ਦੇ ਦਿੱਤੀ ਗਈ ਹੈ।
ਮੰਤਰਾਲੇ ਨੇ ਕਿਹਾ ਕਿ ਠੀਕ ਹੋਇਆ ਕੇਸ 7 ਦਸੰਬਰ ਨੂੰ ਲੰਡਨ ਤੋਂ ਸਿੰਗਾਪੁਰ ਰਾਹੀਂ ਆਇਆ ਸੀ। ਇਸ ਕੇਸ ਦਾ 0/1 ਦਿਨ ਕੋਵਿਡ -19 ਲਈ ਪਾਜ਼ੇਟਿਵ ਟੈੱਸਟ ਕੀਤਾ ਗਿਆ ਸੀ ਅਤੇ ਇਸ ਦਾ MIQ ਵਿੱਚ ਨੇੜਿਓਂ ਪ੍ਰਬੰਧਨ ਕੀਤਾ ਗਿਆ ਸੀ। ਉਹ ਲਾਗ ਦੇ ਦੌਰਾਨ ਕਦੇ ਵੀ ਕਮਿਊਨਿਟੀ ਵਿੱਚ ਨਹੀਂ ਗਿਆ ਸੀ। ਓਮਿਕਰੋਨ ਕੇਸਾਂ ਵਾਲੀਆਂ ਉਡਾਣਾਂ ਦੇ ਯਾਤਰੀਆਂ ਨੂੰ ਸੈੱਲਫ਼ ਆਈਸੋਲੇਸ਼ਨ ‘ਚ ਆਖ਼ਰੀ ਤਿੰਨ ਦਿਨ ਬਿਤਾਉਣ ਦੀ ਬਜਾਏ MIQ ਸਹੂਲਤ ਵਿੱਚ ਸਾਰੇ 10 ਦਿਨ ਪੂਰੇ ਕਰਨੇ ਹੋਣਗੇ।