ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਅੱਜ ਕਮਿਊਨਿਟੀ ਦੇ 28 ਨਵੇਂ ਕੇਸ ਆਏ

ਵੈਲਿੰਗਟਨ, 3 ਸਤੰਬਰ – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ 28 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਪਬਲਿਕ ਹੈਲਥ ਦੀ ਡਾਇਰੈਕਟਰ ਕੈਰੋਲੀਨ ਮੈਕਲਨੇ ਨੇ ਪੁਸ਼ਟੀ ਕੀਤੀ ਹੈ ਕਿ ਇਨ੍ਹਾਂ ਨਵੇਂ ਕੇਸਾਂ ‘ਚੋਂ 27 ਕੇਸ ਆਕਲੈਂਡ ਅਤੇ 1 ਕੇਸ ਵੈਲਿੰਗਟਨ ਵਿੱਚ ਆਇਆ ਹੈ। ਇਸ ਨਾਲ ਇਸ ਪ੍ਰਕੋਪ ਦੇ ਕੇਸਾਂ ਦੀ ਕੁੱਲ ਸੰਖਿਆ 764 ਹੋ ਗਈ ਹੈ। ਮੈਕਲਨੇ ਨੇ ਕਿਹਾ ਕਿ ਅਨਲਿੰਕ ਕੀਤੇ ਕੇਸ 65 ਤੋਂ ਘਟ ਕੇ 31 ਰਹਿ ਗਏ ਹਨ।
ਸਿਹਤ ਦੇ ਡਾਇਰੈਕਟਰ ਜਨਰਲ ਐਸ਼ਲੇ ਬਲੂਮਫੀਲਡ ਨੇ ਕਿਹਾ ਕਿ ਕਮਿਊਨਿਟੀ ਦੇ ਆਏ 49 ਨਵੇਂ ਕੇਸ ਵਿੱਚੋਂ ਸਾਰੇ ਹੀ ਆਕਲੈਂਡ ਦੇ ਹਨ। ਇਨ੍ਹਾਂ ਨਵੇਂ ਕੇਸਾਂ ਨਾਲ ਕਮਿਊਨਿਟੀ ਵਿੱਚ ਕੁੱਲ ਗਿਣਤੀ 736 ਹੋ ਗਈ ਹੈ, ਜਿਨ੍ਹਾਂ ਵਿੱਚੋਂ 11 ਰਿਕਵਰ ਹੋਏ ਹਨ। ਇਸ ਵੇਲੇ 720 ਕੇਸ ਆਕਲੈਂਡ ਵਿੱਚ ਅਤੇ 16 ਕੇਸ ਵੈਲਿੰਗਟਨ ਦੇ ਹਨ।
ਕੋਵਿਡ -19 ਦੇ ਨਾਲ ਸੰਬੰਧਿਤ ਮੌਜੂਦਾ ਕਮਿਊਨਿਟੀ ਕੇਸਾਂ ਵਿੱਚੋਂ ਆਕਲੈਂਡ ਦੇ ਹਸਪਤਾਲ ਵਿੱਚ 43 ਲੋਕ ਹਨ। ਇਨ੍ਹਾਂ ਵਿੱਚੋਂ 9 ਕੇਸ ਆਈਸੀਯੂ ਵਿੱਚ ਹਨ। ਕੁੱਲ 31,668 ਜਾਂ ਸੰਪਰਕ ਦੇ 84% ਦਾ ਸੰਪਰਕ ਟਰੇਸਰਾਂ ਦੁਆਰਾ ਕੀਤਾ ਗਿਆ। ਜਦੋਂ ਕਿ ਕੱਲ੍ਹ ਕੋਵਿਡ -19 ਟੀਕੇ ਦੀਆਂ 89,073 ਖ਼ੁਰਾਕਾਂ ਦਿੱਤੀਆਂ ਗਈਆਂ, ਇਨ੍ਹਾਂ ਵਿੱਚੋਂ 64,000 ਤੋਂ ਵੱਧ ਪਹਿਲੀ ਖ਼ੁਰਾਕਾਂ ਵਾਲੇ ਸਨ। ਟੀਕਾਕਰਣ ਕੇਂਦਰਾਂ ਵਿੱਚ ਬਹੁਤ ਸਾਰੇ ਲੋਕ ਸਿੱਧੇ ਹੀ ਆ ਰਹੇ ਹਨ, ਪਰ ਮੈਕਲਨੇ ਨੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਉਹ ਅਜਿਹਾ ਕਰ ਰਹੇ ਹਨ ਤਾਂ ਉਹ ਆਪਣੀ ਬੁਕਿੰਗ ਰੱਦ ਕਰਵਾਉਣ। ਉਨ੍ਹਾਂ ਨੇ ਕਿਹਾ ਕਿ ਕੱਲ੍ਹ ਤਕਰੀਬਨ 31,000 ਟੈੱਸਟ ਕੀਤੇ ਗਏ ਅਤੇ ਪਿਛਲੇ 24 ਘੰਟਿਆਂ ਦੌਰਾਨ ਕੁੱਲ 12,796 ਚੈਕਿੰਗ ਕੀਤੀ ਗਈ।