‘ਬਿੱਗ ਬੌਸ’ ਜੇਤੂ ਅਦਾਕਾਰ ਸਿਧਾਰਥ ਸ਼ੁਕਲਾ ਦਾ ਦੇਹਾਂਤ

ਮੁੰਬਈ, 2 ਸਤੰਬਰ – ਟੈਲੀਵਿਜ਼ਨ ਤੇ ਫ਼ਿਲਮੀ ਅਦਾਕਾਰ ਸਿਧਾਰਥ ਸ਼ੁਕਲਾ (40) ਦਾ ਅੱਜ ਦੇਹਾਂਤ ਹੋ ਗਿਆ। ਅਦਾਕਾਰ ਸਿਧਾਰਥ ਨੇ ਲੰਬਾ ਸਮਾਂ ਚੱਲੇ ਟੀਵੀ ਸ਼ੋਅ ‘ਬਾਲਿਕਾ ਵਧੂ’ ਤੋਂ ਪ੍ਰਸਿੱਧੀ ਹਾਸਲ ਕੀਤੀ ਸੀ। ਉਨ੍ਹਾਂ ਨੇ ‘ਬਿੱਗ ਬੌਸ 13’ ਦਾ ਖ਼ਿਤਾਬ ਆਪਣੇ ਨਾਂ ਕੀਤਾ।
ਜ਼ਿਕਰਯੋਗ ਹੈ ਕਿ ਸ਼ੁਕਲਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਬਤੌਰ ਮਾਡਲ ਕੀਤੀ ਸੀ। ਮਗਰੋਂ ਉਨ੍ਹਾਂ ਟੈਲੀਵਿਜ਼ਨ ਸ਼ੋਅ ‘ਬਾਬੁਲ ਕਾ ਆਂਗਨ ਛੂਟੇ ਨਾ’ ਵਿੱਚ ਮੁੱਖ ਕਿਰਦਾਰ ਨਿਭਾਇਆ। ਇਸ ਤੋਂ ਬਾਅਦ ਉਹ ‘ਜਾਨੇ ਪਹਿਚਾਨੇ ਸੇ….ਯੇਹ ਅਜਨਬੀ’ ਤੇ ‘ਲਵੂ ਯੂ ਜ਼ਿੰਦਗੀ’ ਵਿੱਚ ਕੰਮ ਕੀਤਾ ਪਰ ਪ੍ਰਸਿੱਧੀ ਉਨ੍ਹਾਂ ਨੂੰ ‘ਬਾਲਿਕਾ ਵਧੂ’ ਤੋਂ ਮਿਲੀ। ਇਸ ਤੋਂ ਇਲਾਵਾ ਉਨ੍ਹਾਂ ਕਈ ਰਿਐਲਿਟੀ ਸ਼ੋਅਜ਼ ਵਿੱਚ ਵੀ ਕੰਮ ਕੀਤਾ। ਅਦਾਕਾਰ ਸਿਧਾਰਥ ਸ਼ੁਕਲਾ ਦੇ ਦੇਹਾਂਤ ਦੀ ਖ਼ਬਰ ਨਾਲ ਬਾਲੀਵੁੱਡ ਵਿੱਚ ਸੋਗ ਦੀ ਲਹਿਰ ਫੈਲ ਗਈ ਅਤੇ ਕਈ ਅਦਾਕਾਰ ਤੇ ਅਦਾਕਾਰਾਵਾਂ ਨੇ ਦੁੱਖ ਵਿਅਕਤ ਕੀਤਾ ਹੈ।