ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਅੱਜ ਕਮਿਊਨਿਟੀ ਦੇ 49 ਨਵੇਂ ਕੇਸ ਆਏ, ਨੌਰਥਲੈਂਡ ਅੱਜ ਰਾਤ ਲੈਵਲ 3 ‘ਤੇ ਜਾਏਗਾ

ਵੈਲਿੰਗਟਨ, 2 ਸਤੰਬਰ – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ 49 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਮੌਜੂਦਾ ਆਕਲੈਂਡ ਕਮਿਊਨਿਟੀ ਦੇ ਤਾਜ਼ਾ ਪ੍ਰਕੋਪ ਨਾਲ ਜੁੜੇ ਮਾਮਲਿਆਂ ਦੀ ਕੁੱਲ ਗਿਣਤੀ 736 ਹੋ ਗਈ ਹੈ। ਐਮਆਈਕਿਯੂ ਵਿੱਚੋਂ 4 ਕੇਸ ਆਇਆ ਹੈ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਪੁਸ਼ਟੀ ਕੀਤੀ ਹੈ ਕਿ ਨੌਰਥਲੈਂਡ ਅੱਜ ਰਾਤ 11.59 ਵਜੇ ਅਲਰਟ ਲੈਵਲ 3 ‘ਤੇ ਜਾਏਗਾ। ਆਰਡਰਨ ਨੇ ਕਿਹਾ ਕਿ ਉਨ੍ਹਾਂ ਨੂੰ ਇੰਨ-ਹਾਊਸ ਟਰਾਂਸਮਿਸ਼ਨ ਦੇ ਮਾਮਲਿਆਂ ਨੂੰ ਵੇਖਣਾ ਜਾਰੀ ਰੱਖਣ ਦੀ ਉਮੀਦ ਸੀ ਪਰ ਲੌਕਡਾਉਨ ਇਸ ਨੂੰ ਅੱਗੇ ਫੈਲਣ ਤੋਂ ਰੋਕਣ ਵਿੱਚ ਸਹਾਇਤਾ ਕਰ ਰਹੀ ਹੈ।
ਸਿਹਤ ਦੇ ਡਾਇਰੈਕਟਰ ਜਨਰਲ ਐਸ਼ਲੇ ਬਲੂਮਫੀਲਡ ਨੇ ਕਿਹਾ ਕਿ ਕਮਿਊਨਿਟੀ ਦੇ ਆਏ 49 ਨਵੇਂ ਕੇਸ ਵਿੱਚੋਂ ਸਾਰੇ ਹੀ ਆਕਲੈਂਡ ਦੇ ਹਨ। ਇਨ੍ਹਾਂ ਨਵੇਂ ਕੇਸਾਂ ਨਾਲ ਕਮਿਊਨਿਟੀ ਵਿੱਚ ਕੁੱਲ ਗਿਣਤੀ 736 ਹੋ ਗਈ ਹੈ, ਜਿਨ੍ਹਾਂ ਵਿੱਚੋਂ 11 ਰਿਕਵਰ ਹੋਏ ਹਨ। ਇਸ ਵੇਲੇ 720 ਕੇਸ ਆਕਲੈਂਡ ਵਿੱਚ ਅਤੇ 16 ਕੇਸ ਵੈਲਿੰਗਟਨ ਦੇ ਹਨ।
ਕੋਵਿਡ -19 ਦੇ ਨਾਲ ਸੰਬੰਧਿਤ ਮੌਜੂਦਾ ਕਮਿਊਨਿਟੀ ਕੇਸਾਂ ਵਿੱਚੋਂ ਆਕਲੈਂਡ ਦੇ ਹਸਪਤਾਲ ਵਿੱਚ 42 ਲੋਕ ਹਨ। ਇਨ੍ਹਾਂ ਵਿੱਚੋਂ 6 ਕੇਸ ਆਈਸੀਯੂ ਵਿੱਚ ਹਨ ਅਤੇ 3 ਮਰੀਜ਼ ਵੈਂਟੀਲੇਟਰ ਉੱਤੇ ਹਨ। ਬਲੂਮਫੀਲਡ ਨੇ ਕਿਹਾ ਕਿ ਆਈਸੀਯੂ ਵਿੱਚ ਸਭ ਤੋਂ ਛੋਟੀ ਉਮਰ ਦਾ ਵਿਅਕਤੀ ਸਿਰਫ਼ 18 ਸਾਲ ਦਾ ਹੈ, ਜਦੋਂ ਕਿ ਸਾਰੇ ਮਾਮਲੇ ਸਥਿਰ ਹਾਲਾਤ ਵਿੱਚ ਹਨ। ਹਸਪਤਾਲ ਵਿੱਚ ਦਾਖਲ ਹੋਣ ਵਾਲਿਆਂ ਵਿੱਚੋਂ 8 ਨੌਰਥ ਸ਼ੋਰ ਹਸਪਤਾਲ, 19 ਮਿਡਲਮੋਰ ਹਸਪਤਾਲ ਅਤੇ 15 ਆਕਲੈਂਡ ਸਿਟੀ ਹਸਪਤਾਲ ਵਿੱਚ ਹਨ।