ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਅੱਜ ਕਮਿਊਨਿਟੀ ਦੇ 75 ਨਵੇਂ ਕੇਸ ਆਏ

ਵੈਲਿੰਗਟਨ, 1 ਸਤੰਬਰ – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ 75 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਮੌਜੂਦਾ ਆਕਲੈਂਡ ਕਮਿਊਨਿਟੀ ਦੇ ਤਾਜ਼ਾ ਪ੍ਰਕੋਪ ਨਾਲ ਜੁੜੇ ਮਾਮਲਿਆਂ ਦੀ ਕੁੱਲ ਗਿਣਤੀ 687 ਹੋ ਗਈ ਹੈ। ਐਮਆਈਕਿਯੂ ਵਿੱਚੋਂ 1 ਕੇਸ ਆਇਆ ਹੈ।
ਸਿਹਤ ਦੇ ਡਾਇਰੈਕਟਰ ਜਨਰਲ ਐਸ਼ਲੇ ਬਲੂਮਫੀਲਡ ਨੇ ਕਿਹਾ ਕਿ ਕਮਿਊਨਿਟੀ ਦੇ ਆਏ 75 ਨਵੇਂ ਕੇਸ ਵਿੱਚੋਂ 74 ਆਕਲੈਂਡ ਦੇ ਹਨ ਅਤੇ 1 ਨਵਾਂ ਕੇਸ ਵੈਲਿੰਗਟਨ ਵਿੱਚੋਂ ਆਇਆ ਹੈ। ਇਸ ਨਾਲ ਕਮਿਊਨਿਟੀ ਵਿੱਚ ਕੁੱਲ ਗਿਣਤੀ 687 ਹੋ ਗਈ ਹੈ। ਇਸ ਵੇਲੇ 671 ਕੇਸ ਆਕਲੈਂਡ ਵਿੱਚ ਅਤੇ 16 ਕੇਸ ਵੈਲਿੰਗਟਨ ਦੇ ਹਨ।
ਕੋਵਿਡ -19 ਦੇ ਨਾਲ ਸੰਬੰਧਿਤ ਮੌਜੂਦਾ ਕਮਿਊਨਿਟੀ ਕੇਸਾਂ ਵਿੱਚੋਂ ਆਕਲੈਂਡ ਦੇ ਹਸਪਤਾਲ ਵਿੱਚ 32 ਲੋਕ ਹਨ। ਇਨ੍ਹਾਂ ਵਿੱਚੋਂ 8 ਕੇਸ ਆਈਸੀਯੂ ਵਿੱਚ ਹਨ। ਜਦੋਂ ਕਿ 3 ਮਰੀਜ਼ ਵੈਂਟੀਲੇਟਰ ‘ਤੇ ਹਨ। ਹਸਪਤਾਲ ਵਿੱਚ ਦਾਖਲ ਹੋਣ ਵਾਲਿਆਂ ਵਿੱਚੋਂ 5 ਨੌਰਥ ਸ਼ੋਰ ਹਸਪਤਾਲ, 13 ਮਿਡਲਮੋਰ ਹਸਪਤਾਲ ਅਤੇ 14 ਆਕਲੈਂਡ ਸਿਟੀ ਹਸਪਤਾਲ ਵਿੱਚ ਹਨ ਅਤੇ 1 ਕੇਸ ਵੈਲਿੰਗਟਨ ਹਸਪਤਾਲ ਵਿੱਚ ਹੈ।
ਗੌਰਤਲਬ ਹੈ ਕਿ ਅੱਜ ਤੋਂ ਆਕਲੈਂਡ 13 ਸਤੰਬਰ ਦਿਨ ਸੋਮਵਾਰ ਤੱਕ ਘੱਟੋ ਘੱਟ ਦੋ ਹੋਰ ਹਫ਼ਤਿਆਂ ਲਈ ਅਲਰਟ ਲੈਵਲ 4 ਵਿੱਚ ਅਤੇ ਬਾਕੀ ਦੇਸ਼ ਅਲਰਟ ਲੈਵਲ 3 ‘ਤੇ ਚਲਾ ਗਿਆ ਹੈ। ਆਕਲੈਂਡ ਤੋਂ ਬਾਹਰ ਦੇ ਇਲਾਕਿਆਂ ਵਿੱਚ ਇਹ ਅਲਰਟ ਲੈਵਲ 3 ਇੱਕ ਹਫ਼ਤੇ ਲਈ ਲਾਗੂ ਰਹੇਗਾ ਅਤੇ 6 ਸਤੰਬਰ ਨੂੰ ਇਸ ਦੀ ਸਮੀਖਿਆ ਕੀਤੀ ਜਾਏਗੀ। ਜਦੋਂ ਕਿ ਨੌਰਥਲੈਂਡ 2 ਸਤੰਬਰ ਦਿਨ ਵੀਰਵਾਰ ਦੀ ਅੱਧੀ ਰਾਤ 11.59 ਵਜੇ ਤੋਂ ਅਲਰਟ ਲੈਵਲ 3 ‘ਤੇ ਜਾ ਸਕਦਾ ਹੈ।
ਕੋਵਿਡ ਰਿਸਪਾਂਸ ਮੰਤਰੀ ਕ੍ਰਿਸ ਹਿਪਕਿਨਸ ਨੇ ਕਿਹਾ ਕਿ ਨਿਊਜ਼ੀਲੈਂਡ ਵਿੱਚ ਅੱਧੀ ਰਾਤ ਤੱਕ ਫਾਈਜ਼ਰ ਵੈਕਸੀਨ ਦੀਆਂ ਸਾਡੇ ਤਿੰਨ ਲੱਖ ਖ਼ੁਰਾਕਾਂ ਲਗਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ 54% ਯੋਗ ਆਬਾਦੀ ਨੂੰ ਘੱਟੋ ਘੱਟ ਇੱਕ ਖ਼ੁਰਾਕ ਦਿੱਤੀ ਗਈ ਹੈ। ਹਿਪਕਿਨਸ ਨੇ ਕਿਹਾ ਕਿ 65+ ਤੋਂ ਵੱਧ ਉਮਰ ਦੇ 85% ਤੋਂ ਵੱਧ ਲੋਕਾਂ ਨੂੰ ਹੁਣ ਇੱਕ ਖ਼ੁਰਾਕ ਦਿੱਤੀ ਗਈ ਹੈ। ਮਾਓਰੀ ਆਬਾਦੀ ਦੇ ਲਗਭਗ 37% ਲੋਕਾਂ ਨੂੰ ਘੱਟੋ ਘੱਟ ਇੱਕ ਖ਼ੁਰਾਕ ਮਿਲੀ ਹੈ ਅਤੇ 47% ਪੈਸੀਫਿਕਕਾ ਕਮਿਊਨਿਟੀ ਨੂੰ ਮਿਲੀ ਹੈ।