ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਅੱਜ ਕਮਿਊਨਿਟੀ ਦੇ 49 ਨਵੇਂ ਕੇਸ ਆਏ

ਵੈਲਿੰਗਟਨ, 31 ਅਗਸਤ – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ 53 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਮੌਜੂਦਾ ਆਕਲੈਂਡ ਕਮਿਊਨਿਟੀ ਦੇ ਤਾਜ਼ਾ ਪ੍ਰਕੋਪ ਨਾਲ ਜੁੜੇ ਮਾਮਲਿਆਂ ਦੀ ਕੁੱਲ ਗਿਣਤੀ 611 ਹੋ ਗਈ ਹੈ। ਸਿਹਤ ਦੇ ਡਾਇਰੈਕਟਰ ਜਨਰਲ ਐਸ਼ਲੇ ਬਲੂਮਫੀਲਡ ਦਾ ਕਹਿਣਾ ਹੈ ਕਿ ਆਕਲੈਂਡ ਵਿੱਚ ਪਾਜ਼ੇਟਿਵ ਕੇਸਾਂ ਵਿੱਚੋਂ 6 ਕੇਸ 1 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਹਨ।
ਉਨ੍ਹਾਂ ਕਿਹਾ ਕਮਿਊਨਿਟੀ ਵਿੱਚ ਅੱਜ ਆਏ 49 ਨਵੇਂ ਕੇਸ ਸਾਰੇ ਹੀ ਆਕਲੈਂਡ ਵਿੱਚੋਂ ਹਨ ਅਤੇ ਇਹ 6 ਦਿਨਾਂ ਵਿੱਚ ਸਭ ਤੋਂ ਘੱਟ ਹਨ। ਇਸ ਨਾਲ ਕਮਿਊਨਿਟੀ ਵਿੱਚ ਕੁੱਲ ਗਿਣਤੀ 611 ਹੋ ਗਈ ਹੈ। ਇਸ ਵੇਲੇ 596 ਕੇਸ ਆਕਲੈਂਡ ਵਿੱਚ ਅਤੇ 15 ਕੇਸ ਵੈਲਿੰਗਟਨ ਦੇ ਹਨ।
ਕੋਵਿਡ -19 ਦੇ ਨਾਲ ਸੰਬੰਧਿਤ ਮੌਜੂਦਾ ਕਮਿਊਨਿਟੀ ਕੇਸਾਂ ਵਿੱਚੋਂ ਹਸਪਤਾਲ ਵਿੱਚ 33 ਲੋਕ ਹਨ। ਇਨ੍ਹਾਂ ਵਿੱਚੋਂ 32 ਕੇਸ ਸਥਿਰ ਹਾਲਤ ‘ਚ ਵਾਰਡ ਦੇ ਵਿੱਚ ਹੈ ਅਤੇ 8 ਕੇਸ ਆਈਸੀਯੂ ਵਿੱਚ ਹਨ। ਜਦੋਂ ਕਿ 2 ਮਰੀਜ਼ ਵੈਂਟੀਲੇਟਰ ‘ਤੇ ਹਨ।
ਗੌਰਤਲਬ ਹੈ ਕਿ ਅੱਜ ਰਾਤ 11.59 ਵਜੇ ਤੋਂ ਆਕਲੈਂਡ 13 ਸਤੰਬਰ ਦਿਨ ਸੋਮਵਾਰ ਤੱਕ ਘੱਟੋ ਘੱਟ ਦੋ ਹੋਰ ਹਫ਼ਤਿਆਂ ਲਈ ਅਲਰਟ ਲੈਵਲ 4 ਵਿੱਚ ਰਹੇਗਾ ਅਤੇ ਬਾਕੀ ਦੇਸ਼ ਅਲਰਟ ਲੈਵਲ 3 ‘ਤੇ ਚਲਾ ਜਾਵੇਗਾ। ਇਹ ਅਲਰਟ ਲੈਵਲ 3 ਇੱਕ ਹਫ਼ਤੇ ਲਈ ਲਾਗੂ ਰਹੇਗਾ ਅਤੇ 6 ਸਤੰਬਰ ਨੂੰ ਇਸ ਦੀ ਸਮੀਖਿਆ ਕੀਤੀ ਜਾਏਗੀ। ਜਦੋਂ ਕਿ ਨੌਰਥਲੈਂਡ ਦੇ ਗੰਦੇ ਪਾਣੀ ਦੇ ਟੈੱਸਟ, ਜੋ ਕਿ 2 ਸਤੰਬਰ ਦਿਨ ਵੀਰਵਾਰ ਨੂੰ ਹੋਣ ਵਾਲੇ ਹਨ ਦੇ ਨਤੀਜੇ ਸਹੀ ਰਹਿੰਦੇ ਹਨ ਤਾਂ ਨੌਰਥਲੈਂਡ 2 ਸਤੰਬਰ ਦਿਨ ਵੀਰਵਾਰ ਦੀ ਅੱਧੀ ਰਾਤ 11.59 ਵਜੇ ਤੋਂ ਅਲਰਟ ਲੈਵਲ 3 ‘ਤੇ ਜਾ ਸਕਦਾ ਹੈ।