ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਅੱਜ ਵੀ ਕਮਿਊਨਿਟੀ ਦੇ 23 ਹੋਰ ਨਵੇਂ ਕੇਸ ਆਏ

ਵੈਲਿੰਗਟਨ, 11 ਸਤੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ ਵੀ 23 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਜਦੋਂ ਕਿ ਮੈਨੇਜਡ ਆਈਸੋਲੇਸ਼ਨ ‘ਚੋਂ 1 ਕੇਸ ਆਇਆ ਹੈ। ਜ਼ਿਕਰਯੋਗ ਹੈ ਕਿ ਅੱਜ ਦੇ ਆਏ 23 ਨਵੇਂ ਕੇਸਾਂ ਨੇ ਕੱਲ੍ਹ ਦੇ ਆਏ ਕੇਸਾਂ ਦੇ ਮੁਕਾਬਲੇ ਦੁੱਗਣੇ ਤੋਂ ਇੱਕ ਵੱਧ ਨਾਲ ਵਾਪਸੀ ਕੀਤੀ ਹੈ, ਜਦੋਂ ਕਿ ਅੱਜ ਕੇਸ ਹੋਰ ਘਟਣ ਦੀ ਆਸ ਸੀ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਇਨ੍ਹਾਂ 23 ਨਵੇਂ ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਕੁੱਲ ਸੰਖਿਆ ਨੂੰ 902 ਤੱਕ ਹੋ ਗਈ ਹੈ। ਕਮਿਊਨਿਟੀ ਦੇ 902 ਕੇਸਾਂ ਵਿੱਚੋਂ 885 ਆਕਲੈਂਡ ਅਤੇ 17 ਵੈਲਿੰਗਟਨ ਦੇ ਕੇਸ ਹਨ। ਆਕਲੈਂਡ ਵਿੱਚ 279 ਅਤੇ ਵੈਲਿੰਗਟਨ ਵਿੱਚ 10 ਕੇਸ ਰਿਕਵਰ ਹੋਏ ਹਨ। ਹਸਪਤਾਲ ਵਿੱਚ 19 ਮਰੀਜ਼ ਹਨ ਜਿਨ੍ਹਾਂ ਵਿੱਚੋਂ 4 ਸਖ਼ਤ ਦੇਖਭਾਲ (ICU) ਵਿੱਚ ਵੈਂਟੀਲੇਟਰ ‘ਤੇ ਹਨ। ਹਸਪਤਾਲ ਵਿੱਚ ਦਾਖਲ ਹੋਣ ਵਾਲਿਆਂ ਵਿੱਚੋਂ 4 ਨੌਰਥ ਸ਼ੋਰ ਹਸਪਤਾਲ, 7 ਮਿਡਲਮੋਰ ਹਸਪਤਾਲ ਅਤੇ 8 ਆਕਲੈਂਡ ਸਿਟੀ ਹਸਪਤਾਲ ਵਿੱਚ ਹਨ।
ਅੱਜ ਦੇ 14 ਕੇਸ ਮਹਾਂਮਾਰੀ ਵਿਗਿਆਨਿਕ ਤੌਰ ‘ਤੇ ਪ੍ਰਕੋਪ ਨਾਲ ਜੁੜੇ ਹੋਏ ਹਨ, ਜਦੋਂ ਕਿ ਬਾਕੀ ਦੇ 9 ਕੇਸ ਅਜੇ ਜੋੜਿਆ ਜਾਣਾ ਬਾਕੀ ਹੈ। ਕੁੱਲ ਮਿਲਾ ਕੇ, ਇਸ ਵੇਲੇ 36 ਅਣਲਿੰਕ ਕੀਤੇ ਕੇਸ ਹਨ। ਪਿਛਲੇ ਸਾਲ ਮਹਾਂਮਾਰੀ ਦੇ ਸ਼ੁਰੂ ਹੋਣ ਤੋਂ ਬਾਅਦ ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ 3,534 ਕੇਸਾਂ ਦੀ ਪੁਸ਼ਟੀ ਹੋਈ ਹੈ। ਹੁਣ ਤੱਕ ਦੇਸ਼ ਵਿੱਚ ਕੋਵਿਡ ਨਾਲ 27 ਮੌਤਾਂ ਹੋਈਆਂ ਹਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਕੱਲ੍ਹ ਦੇਸ਼ ਭਰ ‘ਚ 15,241 ਟੈੱਸਟ ਕੀਤੇ, ਜਿਨ੍ਹਾਂ ‘ਚ 7,196 ਤੋਂ ਵੱਧ ਟੈੱਸਟ ਆਕਲੈਂਡ ਵਿੱਚ ਕੀਤੇ ਗਏ। ਉਨ੍ਹਾਂ ਕਿਹਾ ਕਿ 38,126 ਸੰਪਰਕਾਂ ਵਿੱਚੋਂ 87% ਦੇ ਟੈੱਸਟ ਹੋ ਚੁੱਕੇ ਹਨ। ਪਛਾਣੇ ਗਏ 38,142 ਸੰਪਰਕਾਂ ਵਿੱਚੋਂ 87% ਨੂੰ ਸੰਪਰਕ ਟਰੇਸਰਾਂ ਦੁਆਰਾ ਇੱਕ ਕਾਲ ਪ੍ਰਾਪਤ ਹੋਈ ਹੈ, ਸਿਰਫ਼ 5,000 ਤੋਂ ਘੱਟ ਲੋਕਾਂ ਨਾਲ ਸੰਪਰਕ ਕੀਤਾ ਜਾਣਾ ਬਾਕੀ ਹੈ। ਕੱਲ੍ਹ ਕੋਵਿਡ -19 ਟੀਕੇ ਦੀਆਂ 64,775 ਖ਼ੁਰਾਕਾਂ ਦਿੱਤੀਆਂ ਗਈਆਂ।
ਮੈਨੇਜਡ ਆਈਸੋਲੇਸ਼ਨ ਦਾ ਤਾਜ਼ਾ ਕੇਸ ਸਿੰਗਾਪੁਰ ਤੋਂ ਯਾਤਰਾ ਕਰਕੇ 6 ਸਤੰਬਰ ਨੂੰ ਨਿਊਜ਼ੀਲੈਂਡ ਆਇਆ ਸੀ ਅਤੇ ਉਸ ਦਾ ਤੀਜੇ ਦਿਨ ਦਾ ਟੈੱਸਟ ਪਾਜ਼ੇਟਿਵ ਆਇਆ ਅਤੇ ਉਹ ਆਕਲੈਂਡ ਦੀ ਸਹੂਲਤ ਵਿੱਚ ਆਈਸੋਲੇਟ ਹੈ।
ਜ਼ਿਕਰਯੋਗ ਹੈ ਕਿ ਕੱਲ੍ਹ, ਡਾਇਰੈਕਟਰ ਜਨਰਲ ਆਫ਼ ਹੈਲਥ ਡਾ. ਐਸ਼ਲੇ ਬਲੂਮਫੀਲਡ ਨੇ ਆਕਲੈਂਡਰਸ ਨੂੰ ਅਪੀਲ ਕੀਤੀ ਕਿ ਉਹ ਇਸ ਵੀਕਐਂਡ ਵਿੱਚ ਟੈੱਸਟ ਕਰਵਾਉਣ ਜੇਕਰ ਉਨ੍ਹਾਂ ਵਿੱਚ ਕੋਵਿਡ -19 ਦੇ ਲੱਛਣ ਹਨ ਤਾਂ ਜੋ 13 ਸਤੰਬਰ ਦਿਨ ਸੋਮਵਾਰ ਨੂੰ ਆਕਲੈਂਡ ਨੂੰ ਸੰਭਾਵਿਤ ਅਲਰਟ ਲੈਵਲ 3 ‘ਤੇ ਲਿਜਾਣ ਦੇ ਸਰਕਾਰ ਦੇ ਫ਼ੈਸਲੇ ਨੂੰ ਸਹੀ ਢੰਗ ਨਾਲ ਸੂਚਿਤ ਕੀਤਾ ਜਾ ਸਕੇ।
ਪਰ ਹੁਣ ਸਵਾਲ ਇਹ ਹੈ ਕਿ ਕੀ ਆਕਲੈਂਡ ਅਗਲੇ ਬੁੱਧਵਾਰ ਤੋਂ ਲੈਵਲ 3 ‘ਤੇ ਜਾ ਸਕਦਾ ਹੈ, ਜਦੋਂ ਕਿ ਬਾਕੀ ਦੇਸ਼ ਦੇ ਹਿੱਸਾ ਲਈ ਵੀ ਇਹ ਵੱਡਾ ਸਵਾਲ ਹੈ ਕਿ ਕੀ ਇਹ ਲੈਵਲ 1 ‘ਤੇ ਹੋ ਸਕਦਾ ਹੈ ? ਜਾਂ ਕੀ ਆਕਲੈਂਡ ਲੈਵਲ 4 ‘ਤੇ ਹੀ ਰਹਿਣਾ ਚਾਹੀਦਾ ਹੈ।