ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਅੱਜ ਵੀ ਕਮਿਊਨਿਟੀ ਦੇ 11 ਹੋਰ ਨਵੇਂ ਕੇਸ ਆਏ, ਫਾਈਜ਼ਰ ਦੇ ਹੋਰ ਟਿਕੇ ਦੇਸ਼ ਪੁੱਜੇ

ਵੈਲਿੰਗਟਨ, 10 ਸਤੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ ਵੀ 11 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਕੁੱਲ ਸੰਖਿਆ ਨੂੰ 879 ਤੱਕ ਹੋ ਗਈ ਹੈ। ਮੈਨੇਜਡ ਆਈਸੋਲੇਸ਼ਨ ‘ਚ 6 ਕੇਸ ਅਤੇ 2 ਇਤਿਹਾਸਕ ਮਾਮਲੇ ਵੀ ਹਨ।
ਉਪ ਪ੍ਰਧਾਨ ਮੰਤਰੀ ਗ੍ਰਾਂਟ ਰੌਬਰਟਸਨ ਅਤੇ ਡਾਇਰੈਕਟਰ ਜਨਰਲ ਆਫ਼ ਹੈਲਥ ਡਾ. ਐਸ਼ਲੇ ਬਲੂਮਫੀਲਡ ਨੇ ਮੌਜੂਦਾ ਪ੍ਰਕੋਪ ਬਾਰੇ ਅੱਜ ਦਾ ਅੱਪਡੇਟ ਦਿੱਤੀ। ਇਹ ਅੱਪਡੇਟ ਉਸ ਸਮੇਂ ਆਈ ਜਦੋਂ 250,000 ਫ਼ੌਰੀ ਤੌਰ ‘ਤੇ ਲੋੜੀਂਦੇ ਫਾਈਜ਼ਰ ਟੀਕਿਆਂ ਦੀਆਂ ਖ਼ੁਰਾਕਾਂ ਵਾਲਾ ਜਹਾਜ਼ ਅੱਜ ਸਵੇਰੇ ਸਪੇਨ ਤੋਂ ਆਕਲੈਂਡ ਪਹੁੰਚਿਆ। ਫਾਈਜ਼ਰ ਦੀ ਵਾਧੂ ਸਪਲਾਈ ਸਪੇਨ ਤੋਂ ਵੈਕਸੀਨ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਪ੍ਰਾਪਤ ਕੀਤੀ ਗਈ ਹੈ।
ਡਾ. ਐਸ਼ਲੇ ਬਲੂਮਫੀਲਡ ਨੇ ਕਿਹਾ ਕਿ ਇਸ ਪ੍ਰਕੋਪ ਵਿੱਚ ਹੁਣ 29 ਅਣਲਿੰਕਡ ਮਾਮਲੇ ਜਾਂਚ ਅਧੀਨ ਹਨ, ਜਿਨ੍ਹਾਂ ਵਿੱਚ 6 ਅੱਜ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਕਮਿਊਨਿਟੀ ਵਿੱਚ ਆਏ 11 ਨਵੇਂ ਕੋਵਿਡ ਕੇਸ ਸਾਰੇ ਹੀ ਆਕਲੈਂਡ ਦੇ ਹਨ। ਕਮਿਊਨਿਟੀ ਦੇ 879 ਕੇਸ ਵਿੱਚੋਂ 862 ਆਕਲੈਂਡ ਅਤੇ 17 ਵੈਲਿੰਗਟਨ ਦੇ ਕੇਸ ਹਨ। ਹਸਪਤਾਲ ਵਿੱਚ 27 ਮਰੀਜ਼ ਹਨ ਜਿਨ੍ਹਾਂ ਵਿੱਚੋਂ 4 ਸਖ਼ਤ ਦੇਖਭਾਲ (ICU) ਵਿੱਚ ਵੈਂਟੀਲੇਟਰ ‘ਤੇ ਹਨ। ਉਨ੍ਹਾਂ ਨੇ ਕਿਹਾ ਕਿ ਕੱਲ੍ਹ ਦੇਸ਼ ਭਰ ‘ਚ 14,181 ਟੈੱਸਟ ਕੀਤੇ, ਜਿਨ੍ਹਾਂ ‘ਚ 7000 ਤੋਂ ਵੱਧ ਟੈੱਸਟ ਆਕਲੈਂਡ ਵਿੱਚ ਕੀਤੇ ਗਏ। ਉਨ੍ਹਾਂ ਕਿਹਾ ਕਿ 38,126 ਸੰਪਰਕਾਂ ਵਿੱਚੋਂ 87% ਦੇ ਟੈੱਸਟ ਹੋ ਚੁੱਕੇ ਹਨ।