ਪ੍ਰਧਾਨ ਮੰਤਰੀ ਮੋਦੀ ਨੇ ਬਰਿਕਸ ਦੇ ਸਾਲਾਨਾ ਸਿਖਰ ਸੰਮੇਲਨ ਦੀ ਆਨਲਾਈਨ ਪ੍ਰਧਾਨਗੀ ਕੀਤੀ

ਨਵੀਂ ਦਿੱਲੀ, 9 ਸਤੰਬਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੰਜ ਦੇਸ਼ਾਂ ਦੇ ਸਮੂਹ ਬਰਿਕਸ ਸਾਲਾਨਾ ਸਿਖਰ ਸੰਮੇਲਨ ਦੀ ਆਨਲਾਈਨ ਪ੍ਰਧਾਨਗੀ ਕੀਤੀ। ਇਸ ਵਿੱਚ ਬ੍ਰਾਜ਼ੀਲ, ਰੂਸ, ਚੀਨ, ਭਾਰਤ ਤੇ ਦੱਖਣੀ ਅਫ਼ਰੀਕਾ ਸ਼ਾਮਿਲ ਹਨ। ਇਸ ਸਿਖਰ ਸੰਮੇਲਨ ਵਿੱਚ ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਈਰ ਬੋਲਸੋਨਾਰੋ, ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਤੇ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਵੀ ਹਾਜ਼ਰ ਸਨ। ਸਿਖਰ ਸੰਮੇਲਨ ਵਿੱਚ ਅਫ਼ਗ਼ਾਨਿਸਤਾਨ ਸੰਕਟ, ਕੋਰੋਨਾ ਮਹਾਂਮਾਰੀ ਤੋਂ ਲੈ ਕੇ ਆਪਸੀ ਸਹਿਯੋਗ ਅਤੇ ਤਾਲਮੇਲ ਵਧਾਉਣ ਤੱਕ ਕਈ ਮਸਲੀਆਂ ਉੱਤੇ ਗੱਲਬਾਤ ਹੋਈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪਿਛਲੇ ਡੇਢ ਦਹਾਕਿਆਂ ਵਿੱਚ ਬਰਿਕਸ ਨੇ ਵੱਡੀਆਂ ਉਪਲਬਧੀਆਂ ਹਾਸਲ ਕੀਤੀਆਂ ਹਨ ਤੇ ਇਹ ਸਮੂਹ ਦੁਨੀਆ ਦੀਆਂ ਉੱਭਰਦੀਆਂ ਅਰਥਵਿਵਸਥਾਵਾਂ ਦੇ ਲਈ ਇਕ ਪ੍ਰਭਾਵਸ਼ਾਲੀ ਆਵਾਜ਼ ਬਣ ਗਿਆ ਉੱਭਰਿਆ ਹੈ। ਉਨ੍ਹਾਂ ਕਿਹਾ ਕਿ ਬਰਿਕਸ ਨੇ ਅਤਿਵਾਦ ਨਾਲ ਟਾਕਰੇ ਲਈ ਵੀ ਸਾਂਝੀ ਯੋਜਨਾ ਅਪਣਾਈ ਹੈ। ਉਨ੍ਹਾਂ ਨੇ ਅਗਲੇ 15 ਸਾਲਾਂ ਵਿੱਚ ਇਸ ਸਮੂਹ ਨੂੰ ਹੋਰ ਵੀ ਮਜ਼ਬੂਤ ਕਰਨ ਦਾ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਬਰਿਕਸ ਦੇ ਇਸ 15ਵੇਂ ਸਥਾਪਨਾ ਦਿਵਸ ‘ਤੇ ਇਸ ਅਹਿਮ ਗਰੁੱਪ ਦੇ ਸਿਖਰ ਸੰਮੇਲਨ ਦੀ ਪ੍ਰਧਾਨਗੀ ਕਰਨਾ ਭਾਰਤ ਲਈ ਮਾਣ ਵਾਲੀ ਗੱਲ ਹੈ।
ਸ੍ਰੀ ਮੋਦੀ ਨੇ ਕਿਹਾ ਕਿ ਵਿਕਾਸਸ਼ੀਲ ਦੇਸ਼ਾਂ ਦੀਆਂ ਲੋੜਾਂ ਵੱਲ ਧਿਆਨ ਕੇਂਦਰਿਤ ਕਰਨ ਦੇ ਲਈ ਇਹ ਮੰਚ ਲਾਭਕਾਰੀ ਸਿੱਧ ਹੋਇਆ ਹੈ। ਬਰਿਕਸ ਵੱਲੋਂ ਜਾਰੀ ਸਾਂਝੇ ਬਿਆਨ ਵਿੱਚ ਭਾਵੇਂ ਤਾਲਿਬਾਨ ਦਾ ਨਾਂ ਨਹੀਂ ਲਿਆ ਗਿਆ ਪਰ ਅਤਿਵਾਦ ਦੇ ਹਰ ਰੂਪ ਦੀ ਨਿੰਦਾ ਕੀਤੀ ਗਈ ਅਤੇ ਦਹਿਸ਼ਤਗਰਦੀ ਦੇ ਟਾਕਰੇ ਲਈ ਅਤਿਵਾਦੀਆਂ ਦੀ ਵਿੱਤੀ ਸਹਾਇਤਾ ਕਰਨ ਵਾਲੇ ਨੈੱਟਵਰਕ ਤੇ ਉਨ੍ਹਾਂ ਨੂੰ ਪਨਾਹ ਦੇਣ ਵਾਲਿਆਂ ਖ਼ਿਲਾਫ਼ ਕਾਰਵਾਈ ਲਈ ਵਚਨਬੱਧਤਾ ਦੁਹਰਾਈ ਗਈ। ਇਸ ਵਾਰ ਬਰਿਕਸ ਦੇ ਸਿਖਰ ਸੰਮੇਲਨ ਦਾ ਵਿਸ਼ਾ ‘ਅੰਤਰ-ਬਰਿਕਸ ਨਿਰੰਤਰਤਾ, ਇੱਕਜੁੱਟਤਾ ਤੇ ਸਹਿਮਤੀ ਲਈ ਸਹਿਯੋਗ’ ਹੈ। ਸ੍ਰੀ ਮੋਦੀ ਨੇ ਕਿਹਾ ਕਿ ਕੋਵਿਡ-19 ਦੇ ਬਾਵਜੂਦ ਬਰਿਕਸ ਦੀਆਂ 150 ਤੋਂ ਵੱਧ ਮੀਟਿੰਗਾਂ ਅਤੇ ਪ੍ਰੋਗਰਾਮ ਕਰਵਾਏ ਗਏ ਹਨ ਜਿਨ੍ਹਾਂ ਵਿੱਚੋਂ 20 ਤੋਂ ਵੱਧ ਮੰਤਰੀ ਪੱਧਰ ਦੇ ਸਮਾਗਮ ਸਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੂਸਰੀ ਵਾਰ ਬਰਿਕਸ ਦੇ ਸਿਖਰ ਸੰਮੇਲਨ ਦੀ ਪ੍ਰਧਾਨਗੀ ਕੀਤੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ 2016 ਵਿੱਚ ਗੋਆ ਸਿਖਰ ਸੰਮੇਲਨ ਦੀ ਪ੍ਰਧਾਨਗੀ ਕੀਤੀ ਸੀ।