ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਅੱਜ ਵੀ ਕਮਿਊਨਿਟੀ ਦੇ 11 ਹੋਰ ਨਵੇਂ ਕੇਸ ਆਏ

ਵੈਲਿੰਗਟਨ, 17 ਸਤੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ ਵੀ 11 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ, ਅੱਜ ਦੇ ਇਹ ਸਾਰੇ ਮਾਮਲੇ ਆਕਲੈਂਡ ਦੇ ਹਨ ਅਤੇ ਇਨ੍ਹਾਂ ਵਿੱਚੋਂ 2 ਮਾਮਲੇ ਆਊਟਬ੍ਰੇਕ ਨਾਲ ਅਣਲਿੰਕ ਹਨ। ਜਦੋਂ ਕਿ ਅੱਜ ਮੈਨੇਜਡ ਆਈਸੋਲੇਸ਼ਨ ‘ਚੋਂ 5 ਕੇਸ ਆਏ ਹਨ।
ਪਬਲਿਕ ਹੈਲਥ ਦੀ ਡਾਇਰੈਕਟਰ ਡਾ. ਕੈਰੋਲਿਨ ਮੈਕਲਨੇ ਨੇ ਕਿਹਾ ਕਿ ਅਸੀਂ ਅਣਲਿੰਕ ਕੀਤੇ ਮਾਮਲਿਆਂ ਦੀ ਗਿਣਤੀ ਨੂੰ ਬਿਲਕੁਲ ਹੇਠਾਂ ਕਰ ਦਿੱਤਾ ਹੈ। ਜਿਨ੍ਹਾਂ ਦੀ ਹੁਣ ਕੁੱਲ ਗਿਣਤੀ 8 ਹੋ ਗਈ ਹੈ।
ਇਨ੍ਹਾਂ ਨਵੇਂ ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਕੁੱਲ ਸੰਖਿਆ ਨੂੰ 1007 ਤੱਕ ਹੋ ਗਈ ਹੈ। ਜਦੋਂ ਕਿ ਆਕਲੈਂਡ ‘ਚ 535 ਕੇਸ ਅਤੇ ਵੈਲਿੰਗਟਨ ਵਿੱਚ 15 ਕੇਸ ਰਿਕਵਰ ਹੋਏ ਹਨ। ਹਸਪਤਾਲ ਵਿੱਚ 14 ਮਰੀਜ਼ ਹਨ ਜਿਨ੍ਹਾਂ ਵਿੱਚੋਂ 3 ਸਖ਼ਤ ਦੇਖਭਾਲ (ICU) ਵਿੱਚ ਹਨ। ਕੱਲ੍ਹ ਦੇਸ਼ ਭਰ ‘ਚ 15,419 ਟੈੱਸਟ ਕੀਤੇ ਗਏ।
ਟਰੱਕ ਡਰਾਈਵਰ ਅਤੇ ਉਸ ਦੇ ਇੱਕ ਪਰਿਵਾਰਕ ਮੈਂਬਰ ਜਿਸ ਦਾ ਕੋਵਿਡ -19 ਟੈੱਸਟ ਪਾਜ਼ੇਟਿਵ ਰਿਹਾ ਸੀ, ਉਸ ਨੂੰ ਐਮਆਈਕਿਯੂ ਸਹੂਲਤ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਉਸ ਨੇ ਆਕਲੈਂਡ, ਵਾਇਕਾਟੋ ਅਤੇ ਬੇਅ ਆਫ਼ ਪਲੇਂਟੀ ਵਿੱਚ ਕਈ ਸੁਪਰਮਾਰਕੀਟਾਂ ਦਾ ਦੌਰਾ ਕੀਤਾ ਸੀ।
ਉਪ ਪ੍ਰਧਾਨ ਮੰਤਰੀ ਗ੍ਰਾਂਟ ਰੌਬਰਟਸਨ ਨੇ ਕਿਹਾ ਕਿ 73% ਯੋਗ ਆਬਾਦੀ ਨੇ ਕੋਵਿਡ ਟੀਕੇ ਦੀ ਘੱਟੋ ਘੱਟ ਇੱਕ ਖ਼ੁਰਾਕ ਲੈ ਲਈ ਹੈ। ਉਨ੍ਹਾਂ ਨੇ ਕਿਹਾ ਕਿ ਤਨਖ਼ਾਹ ਸਬਸਿਡੀ ਦਾ ਤੀਜਾ ਗੇੜ ਅੱਜ ਸਵੇਰੇ ਅਰਜ਼ੀਆਂ ਲਈ ਖੋਲ੍ਹਿਆ ਗਿਆ ਹੈ।
ਰੌਬਰਟਸਨ ਨੇ ਕਿਹਾ ਕਿ ਟ੍ਰਾਂਸਟੈਸਮੈਨ ਬੱਬਲ ਦੇ ਸ਼ੁਰੂਆਤੀ 8 ਹਫ਼ਤਿਆਂ ਦੀ ਮੁਅੱਤਲੀ ਅਗਲੇ ਸ਼ੁੱਕਰਵਾਰ ਨੂੰ ਖ਼ਤਮ ਹੋਣ ਵਾਲੀ ਸੀ, ਇਸ ਨੂੰ ਨਵੰਬਰ ਦੇ ਅਖੀਰ ਤੱਕ, ਯਾਨੀ ਹੋਰ 8 ਹਫ਼ਤਿਆਂ ਲਈ ਵਧਾ ਦਿੱਤਾ ਗਿਆ ਹੈ। ਰੌਬਰਟਸਨ ਨੇ ਕਿਹਾ ਕਿ ਆਸਟਰੇਲੀਆ ਦੇ ਲੋਕ ਐਮਆਈਕਿਯੂ ਬੁਕਿੰਗ ਪ੍ਰਣਾਲੀ ਵਿੱਚ ਹਿੱਸਾ ਲੈ ਸਕਦੇ ਹਨ।