ਤਿਮਾਰੂ ਦੁਖਾਂਤ: ਮਾਂ ਨੂੰ ਤਿੰਨ ਬੱਚਿਆਂ ਦੇ ਕਤਲ ਦੇ ਦੋਸ਼ ਵਿੱਚ ਅਦਾਲਤ ‘ਚ ਪੇਸ਼ ਕੀਤਾ

ਤਿਮਾਰੂ, 18 ਸਤੰਬਰ – ਇੱਥੇ 16 ਸਤੰਬਰ ਦਿਨ ਵੀਰਵਾਰ ਦੀ ਰਾਤ ਨੂੰ ਘਰ ਵਿੱਚ ਮ੍ਰਿਤਕ ਮਿਲੇ ਤਿੰਨ ਬੱਚੀਆਂ ਦੀ ਮਾਂ ਨੂੰ ਉਨ੍ਹਾਂ ਦੇ ਕਤਲ ਦੇ ਦੋਸ਼ ਵਿੱਚ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਲੌਰੇਨ ਐਨੀ ਡਿਕਸਨ (40) ਨੂੰ ਕੱਲ੍ਹ 17 ਸਤੰਬਰ ਦਿਨ ਸ਼ੁੱਕਰਵਾਰ ਦੀ ਰਾਤ ਗ੍ਰਿਫ਼ਤਾਰ ਕੀਤਾ ਅਤੇ ਚਾਰਜ ਕੀਤਾ ਗਿਆ ਸੀ। ਉਸ ਨੂੰ ਅੱਜ ਸਵੇਰੇ ਤਿਮਾਰੂ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਉਸ ‘ਤੇ 6 ਸਾਲ ਦੀ ਲਿਯਾਨ ਡਿਕਸਨ ਅਤੇ ਉਸ ਦੀਆਂ 2 ਸਾਲ ਦੀਆਂ ਦੋ ਜੁੜਵਾ ਭੈਣਾਂ ਮਾਇਆ ਅਤੇ ਕਾਰਲਾ ਦੀ ਹੱਤਿਆ ਦਾ ਦੋਸ਼ ਹੈ। ਅਦਾਲਤੀ ਦਸਤਾਵੇਜ਼ ਕਥਿਤ ਕਤਲ ਬਾਰੇ ਕੋਈ ਹੋਰ ਜਾਣਕਾਰੀ ਨਹੀਂ ਦਿੰਦੇ, ਬਸ ਕਤਲ ਦੇ ਤਿੰਨ ਦੋਸ਼, ਦੋਸ਼ੀ ਦਾ ਨਾਮ ਅਤੇ ਵੇਰਵਾ ਅਤੇ ਕਥਿਤ ਅਪਰਾਧ ਦੀ ਤਾਰੀਖ਼ ਦੱਸਦੇ ਹਨ।
ਡਿਕਸਨ ਨੇ ਸ਼ੁਰੂ ਵਿੱਚ ਨਾਮ ਲੁਕੋਣ (ਸੁਪਰਸੇਸ਼ਨ) ਦੀ ਮੰਗ ਕੀਤੀ ਸੀ, ਪਰ ਖੁੱਲ੍ਹੇ ਨਿਆਂ ਤੇ ਅਤਿ ਜਨਤਕ ਹਿੱਤ ਅਤੇ ਇਸ ਤੱਥ ਦੇ ਅਧਾਰ ਤੇ ਮੀਡੀਆ ਦੁਆਰਾ ਸਖ਼ਤ ਵਿਰੋਧ ਦੇ ਬਾਅਦ ਉਸ ਨੇ ਆਪਣੀ ਬੇਨਤੀ ਵਾਪਸ ਲੈ ਲਈ। ਕੋਵਿਡ -19 ਅਲਰਟ ਲੈਵਲ 2 ਦੀਆਂ ਪਾਬੰਦੀਆਂ ਦੇ ਅਧੀਨ ਜਨਤਕ ਮੈਂਬਰਾਂ, ਸਪੋਰਟ ਲੋਕਾਂ ਸਮੇਤ ਨੂੰ ਇਮਾਰਤ ਵਿੱਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਅਦਾਲਤ ਦੇ ਕਮਰੇ ਵਿੱਚ ਸਿਰਫ਼ ਦੋਸ਼ੀ, ਜੱਜ, ਵਕੀਲ, ਮੀਡੀਆ ਅਤੇ ਪੁਲਿਸ ਸਮੇਤ ਕੇਸ ਦੇ ਇੰਚਾਰਜ ਅਧਿਕਾਰੀ, ਡਿਟੈਕਟਿਵ ਇੰਸਪੈਕਟਰ ਸਕੌਟ ਐਂਡਰਸਨ ਮੌਜੂਦ ਸਨ।
ਜੱਜ ਡੋਮਿਨਿਕ ਦ੍ਰਾਵਿਟਜ਼ਕੀ ਨੇ ਡਿਕਸਨ ਨੂੰ 5 ਅਕਤੂਬਰ ਨੂੰ ਤਿਮਾਰੂ ਵਿਖੇ ਹਾਈ ਕੋਰਟ ਵਿੱਚ ਅਗਲੀ ਪੇਸ਼ੀ ਤੱਕ ਇੱਕ ਸੁਰੱਖਿਅਤ ਫੋਰੈਂਸਿਕ ਮਾਨਸਿਕ ਸਿਹਤ ਯੂਨਿਟ ਦੀ ਹਿਰਾਸਤ ਵਿੱਚ ਰਿਮਾਂਡ ‘ਤੇ ਭੇਜ ਦਿੱਤਾ ਗਿਆ। ਉਸ ਨੂੰ ਮਾਨਸਿਕ ਰੋਗਾਂ ਦੇ ਮੁਲਾਂਕਣ ਲਈ ਹਿਲਮੌਰਟਨ ਹਸਪਤਾਲ, ਕ੍ਰਾਈਸਟਚਰਚ ਭੇਜ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਡਿਕਸਨ, ਉਸ ਦਾ ਪਤੀ ਗ੍ਰਾਹਮ ਅਤੇ ਉਨ੍ਹਾਂ ਦੀਆਂ ਤਿੰਨ ਧੀਆਂ, ਜਿਨ੍ਹਾਂ ‘ਚ ਦੋ ਜੁੜਵਾਂ ਧੀਆਂ ਮਾਇਆ ਅਤੇ ਕਾਰਲਾ ਅਤੇ ਉਨ੍ਹਾਂ ਦੀ ਵੱਡੀ ਧੀ ਲਿਯਾਨ ਪਿਛਲੇ ਮਹੀਨੇ ਨਿਊਜ਼ੀਲੈਂਡ ਪਹੁੰਚੇ ਸਨ ਅਤੇ ਸਿਰਫ਼ ਇੱਕ ਹਫ਼ਤੇ ਲਈ ਹੀ ਤਿਮਾਰੂ ਆਏ ਸਨ।
ਉਨ੍ਹਾਂ ਬੱਚੀਆਂ ਦਾ ਪਿਤਾ ਗ੍ਰਾਹਮ ਡਿਕਸਨ ਇੱਕ ਆਰਥੋਪੈਡਿਕ ਸਰਜਨ ਹਨ ਅਤੇ ਸਾਊਥ ਕੈਂਟਰਬਰੀ ਜ਼ਿਲ੍ਹਾ ਸਿਹਤ ਬੋਰਡ ਵਿੱਚ ਨੌਕਰੀ ਕਰਦਾ ਹੈ। ਮੈਨੇਜਡ ਆਈਸੋਲੇਸ਼ਨ ਵਿੱਚ ਦੋ ਹਫ਼ਤੇ ਬਿਤਾਉਣ ਤੋਂ ਬਾਅਦ ਪਰਿਵਾਰ ਆਪਣੀ ਜ਼ਿੰਦਗੀ ਦਾ ਅਗਲਾ ਅਧਿਆਇ ਸ਼ੁਰੂ ਕਰਨ ਲਈ ਤਿਮਾਰੂ ਪਹੁੰਚਿਆ ਸੀ। ਗ੍ਰਾਹਮ ਡਿਕਸਨ ਕੰਮ ਦੇ ਸਮਾਰੋਹ ਵਿੱਚ ਬਾਹਰ ਗਿਆ ਹੋਇਆ ਸੀ ਅਤੇ ਜਦੋਂ ਘਰ ਆਇਆ ਤਾਂ ਬੱਚੀਆਂ ਨੂੰ ਮ੍ਰਿਤਕ ਪਾਇਆ।
ਕੈਂਟਰਬਰੀ ਦੇ ਉੱਚ ਪੁਲਿਸ ਅਧਿਕਾਰੀ, ਜ਼ਿਲ੍ਹਾ ਕਮਾਂਡਰ ਸੁਪਰਡੈਂਟ ਜੌਨ ਪ੍ਰਾਈਸ ਨੇ ਕਿਹਾ ਕਿ ਪਰਿਵਾਰ ਦੇ ਰਿਸ਼ਤੇਦਾਰ ਵਿਦੇਸ਼ ਵਿੱਚ ਹਨ ਅਤੇ ਉਨ੍ਹਾਂ ਦਾ ਨਿਊਜ਼ੀਲੈਂਡ ਵਿੱਚ ਉਨ੍ਹਾਂ ਦੇ ਦੋਸਤਾਂ ਦਾ ਇੱਕ ਛੋਟਾ ਜਿਹਾ ਨੈੱਟਵਰਕ ਹੈ।