ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਅੱਜ ਵੀ ਕਮਿਊਨਿਟੀ ਦੇ 23 ਹੋਰ ਨਵੇਂ ਕੇਸ ਆਏ, ਆਕਲੈਂਡ ਲੈਵਲ 3 ‘ਤੇ ਆਇਆ

ਵੈਲਿੰਗਟਨ, 22 ਸਤੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ 23 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਅੱਜ ਅੱਧੀ ਰਾਤ 11.59 ਵਜੇ ਤੋਂ ਆਕਲੈਂਡ ਦੋ ਹਫ਼ਤੇ ਲਈ ਅਲਰਟ ਲੈਵਲ 3 ‘ਤੇ ਆ ਗਿਆ ਹੈ, ਜਿਸ ਨਾਲ ਆਕਲੈਂਡ ਦਾ ਪੰਜ ਹਫ਼ਤਿਆਂ ਦਾ ਅਲਰਟ ਲੈਵਲ 4 ਲੌਕਡਾਉਨ ਖ਼ਤਮ ਹੋ ਗਿਆ। ਜਦੋਂ ਕਿ ਦੇਸ਼ ਦਾ ਬਾਕੀ ਹਿੱਸਾ ਲੈਵਲ 2 ਵਿੱਚ ਹੈ। ਅੱਜ ਮੈਨੇਜਡ ਆਈਸੋਲੇਸ਼ਨ ‘ਚੋਂ 1 ਕੇਸ ਆਇਆ ਹੈ।
ਡਾਇਰੈਕਟਰ ਜਨਰਲ ਆਫ਼ ਹੈਲਥ ਡਾ. ਐਸ਼ਲੇ ਬਲੂਮਫੀਲਡ ਨੇ ਕਿਹਾ ਕਿ ਅੱਜ ਦੇ 23 ਨਵੇਂ ਕੇਸਾਂ ਵਿੱਚੋਂ 22 ਕੇਸ ਲਿੰਕਡ ਹਨ ਜਦੋਂ ਕਿ 1 ਕੇਸ ਅਣਲਿੰਕ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਇਨ੍ਹਾਂ 23 ਨਵੇਂ ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਕੁੱਲ ਸੰਖਿਆ ਨੂੰ 1108 ਤੱਕ ਹੋ ਗਈ ਹੈ। ਹਸਪਤਾਲ ਵਿੱਚ 13 ਮਰੀਜ਼ ਹਨ ਜਿਨ੍ਹਾਂ ਵਿੱਚੋਂ 2 ਸਖ਼ਤ ਦੇਖਭਾਲ (ICU) ਵਿੱਚ ਹਨ। ਜਦੋਂ ਕਿ ਆਕਲੈਂਡ ਵਿੱਚ 818 ਕੇਸ ਅਤੇ ਵੈਲਿੰਗਟਨ ਦੇ ਸਾਰੇ 17 ਕੇਸ ਰਿਕਵਰ ਹੋ ਗਏ ਹਨ।
ਡਾ. ਬਲੂਮਫੀਲਡ ਨੇ ਆਕਲੈਂਡ ਦੇ ਕਲੋਵਰ ਪਾਰਕ ਦੇ ਸਾਰੇ ਵਸਨੀਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਟੈੱਸਟ ਕਰਵਾਉਣ, ਭਾਵੇਂ ਉਨ੍ਹਾਂ ਨੂੰ ਲੱਛਣ ਨਾ ਵੀ ਹੋਣ। ਇੱਥੇ 126 ਲੋਕੇਸ਼ਨ ਆਫ਼ ਇੰਟਰੈਸਟ ਵਾਲੀਆਂ ਥਾਵਾਂ ਹਨ। ਉਨ੍ਹਾਂ ਨੇ ਕਿਹਾ ਕਿ ਉੱਤਰੀ ਹੌਰਾਕੀ ਖੇਤਰ ਵੀ ਹੁਣ ਖੇਤਰ ਦੇ ਸਕਾਰਾਤਮਿਕ ਟੈਸਟਿੰਗ ਨਤੀਜਿਆਂ ਦੇ ਅਧਾਰ ‘ਤੇ ਲੈਵਲ 3 ਦੀਆਂ ਪਾਬੰਦੀਆਂ ਵਿੱਚ ਤਬਦੀਲ ਹੋ ਗਿਆ ਹੈ।
ਜਦੋਂ ਕਿ ਕੋਵਿਡ ਰਿਸਪੋਂਸ ਮਨਿਸਟਰ ਕ੍ਰਿਸ ਹਿਪਕਿਨਸ ਨੇ ਖ਼ੁਲਾਸਾ ਕੀਤਾ ਕਿ 80% ਯੋਗ ਆਕਲੈਂਡਰਾਂ ਨੂੰ ਟੀਕਾ ਲਗਾਇਆ ਗਿਆ ਹੈ। ਕੱਲ੍ਹ ਦੇਸ਼ ਭਰ ਵਿੱਚ 53,000 ਟੀਕੇ ਦੀਆਂ ਖ਼ੁਰਾਕਾਂ ਦਿੱਤੀਆਂ ਗਈਆਂ। 80% ਯੋਗ ਬੱਚਿਆਂ ਨੂੰ ਦੂਜੀ ਖ਼ੁਰਾਕ ਦਿੱਤੀ ਗਈ ਹੈ। ਪੈਸੀਫਿਕ ਲੋਕਾਂ ਨੇ 67% ਆਪਣੀ ਪਹਿਲੀ ਖ਼ੁਰਾਕ ਅਤੇ ਲਗਭਗ 30% ਨੂੰ ਉਨ੍ਹਾਂ ਦੀ ਦੂਜੀ ਖ਼ੁਰਾਕ ਦਿੱਤੀ ਗਈ ਹੈ। 40 ਤੋਂ 60 ਸਾਲ ਦੀ ਉਮਰ ਦੇ ਲੋਕਾਂ ਨੇ 80% ਇੱਕ ਖ਼ੁਰਾਕ ਲਈ ਜਦੋਂ ਕਿ 44% ਨੇ ਦੂਜੀ ਖ਼ੁਰਾਕ ਲਈ ਹੈ।
ਉਨ੍ਹਾਂ ਕਿਹਾ ਕਿ ਅਗਲੀ MIQ ਰੀਲੀਜ਼ 28 ਸਤੰਬਰ ਸ਼ਾਮ 6 ਵਜੇ NZT ਸਮੇਂ ‘ਤੇ ਹੋਵੇਗੀ, ਲਾਬੀ ਸ਼ਾਮ 5 ਵਜੇ ਖੁੱਲ੍ਹੇਗੀ। ਇਸ ਤੋਂ ਬਾਅਦ ਹੋਰ ਰਿਲੀਜ਼ ਹੋਣਗੀਆਂ। ਹਿਪਕਿਨਸ ਨੇ ਕਿਹਾ ਕਿ ਉਹ ਸਾਰੇ ਕਮਰਿਆਂ ਨੂੰ ਇੱਕੋ ਸਮੇਂ ਜਾਰੀ ਨਹੀਂ ਕਰ ਰਹੇ ਹਨ।