ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਕਮਿਊਨਿਟੀ ਦੇ ਅੱਜ ਵੀ 55 ਹੋਰ ਨਵੇਂ ਕੇਸ ਆਏ, ਨੌਰਥਲੈਂਡ ਤੇ ਵਾਇਕਾਟੋ ਸੋਮਵਾਰ ਤੱਕ ਲੈਵਲ 3 ‘ਚ ਰਹਿਣਗੇ

ਵੈਲਿੰਗਟਨ, 13 ਅਕਤੂਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ ਵੀ 55 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਜਦੋਂ ਕਿ ਨੌਰਥਲੈਂਡ ਅਤੇ ਵਾਇਕਾਟੋ ਅਗਲੇ ਪੰਜ ਦਿਨਾਂ ਲਈ ਅਲਰਟ ਲੈਵਲ 3 ‘ਚ ਰਹਿਣਗੇ। ਆਕਲੈਂਡ ਅਗਲੇ ਮੰਗਲਵਾਰ ਤੱਕ ਲੈਵਲ 3 ਦੇ ਪਹਿਲੇ ਪੜਾਅ ‘ਤੇ ਘੱਟੋ ਘੱਟ 11.59 ਵਜੇ ਤੱਕ ਰਹੇਗਾ, 18 ਅਕਤੂਬਰ ਦਿਨ ਸੋਮਵਾਰ ਨੂੰ ਕੈਬਨਿਟ ਦੀ ਮੀਟਿੰਗ ਦੇ ਨਾਲ ਉਨ੍ਹਾਂ ਸੈਟਿੰਗਾਂ ਦੀ ਸਮੀਖਿਆ ਕੀਤੀ ਜਾਏਗੀ। ਬਾਕੀ ਦੇਸ਼ ਦਾ ਹਿੱਸਾ ਅਲਰਟ ਲੈਵਲ 2 ‘ਤੇ ਹੈ। ਅੱਜ ਦੀ ਜਾਣਕਾਰੀ ਕੋਵਿਡ ਰਿਸਪਾਂਸ ਮੰਤਰੀ ਕ੍ਰਿਸ ਹਿਪਕਿਨਸ ਅਤੇ ਡਾਇਰੈਕਟਰ ਜਨਰਲ ਆਫ਼ ਹੈਲਥ ਡਾ. ਐਸ਼ਲੇ ਬਲੂਮਫੀਲਡ ਨੇ ਪ੍ਰੈੱਸ ਨਾਲ ਸਾਂਝੀ ਕੀਤੀ।
ਕੋਵਿਡ ਰਿਸਪਾਂਸ ਮੰਤਰੀ ਕ੍ਰਿਸ ਹਿਪਕਿਨਸ ਨੇ ਕਿਹਾ ਕਿ ਵਾਇਕਾਟੋ ਨੇ ਹਾਲ ਦੇ ਸਮੇਂ ਵਿੱਚ ਟੀਕੇ ਦੇ ਪੱਧਰ ਨੂੰ ਬਹੁਤ ਵਧੀਆ ਢੰਗ ਨਾਲ ਦਰਜ ਕੀਤਾ ਹੈ, ਉਨ੍ਹਾਂ ਨੇ ਨੌਰਥਲੈਂਡ ਵਾਸੀਆਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਦਾ ਟੈੱਸਟ ਅਤੇ ਟੀਕਾਕਰਣ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਯਾਤਰੀਆਂ ਦੁਆਰਾ ਜਾਣਕਾਰੀ ਸਾਂਝੀ ਕਰਨ ਤੋਂ ਝਿਜਕ ਦੇ ਕਾਰਣ, ਅਜੇ ਵੀ ਨੌਰਥਲੈਂਡ ਵਿੱਚ ਕੋਵਿਡ ਸਥਿਤੀ ‘ਤੇ ਵਿਸ਼ਵਾਸ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਨੌਰਥਲੈਂਡ ਵਾਸੀਆਂ ਲਈ ਸਭ ਤੋਂ ਚੰਗੀ ਗੱਲ ਇਹ ਹੈ ਕਿ ਉਨ੍ਹਾਂ ਦਾ ਟੈੱਸਟ ਕੀਤਾ ਜਾਵੇ, ਭਾਵੇਂ ਉਨ੍ਹਾਂ ਦੇ ਬਹੁਤ ਹਲਕੇ ਲੱਛਣ ਹੋਣ।
ਮੰਤਰੀ ਹਿਪਕਿਨਸ ਨੇ ਕਿਹਾ ਕਿ ਵੈੱਬਸਾਈਟ www.mycovidrecord.nz ਹੁਣ ਲਾਈਵ ਹੈ, ਵੈੱਬਸਾਈਟ ਸਾਰੇ ਨਿਊਜ਼ੀਲੈਂਡ ਵਾਸੀਆਂ ਲਈ ਟੀਕਾਕਰਣ ਸਰਟੀਫਿਕੇਟ ਦਾ ਸਬੂਤ ਪ੍ਰਦਾਨ ਕਰੇਗੀ। ਸਰਕਾਰ ਨੇ ਵੈਕਸੈਥੌਨ ਟੀਵੀ ਈਵੈਂਟ ਦੀ ਅਗਵਾਈ ਵਿੱਚ ਇੱਕ ਸੈਲੇਬ੍ਰਿਟੀ ਵੈਕਸੀਨ ਪੁਸ਼ ਦਾ ਆਯੋਜਨ ਕੀਤਾ ਹੈ, ਜਿਸ ਵਿੱਚ ਖੇਡ ਸਿਤਾਰੇ, ਸੰਗੀਤਕਾਰ ਅਤੇ ਅਦਾਕਾਰ ਸ਼ਾਮਲ ਕੀਤਾ ਗਿਆ ਹੈ।
ਡਾਇਰੈਕਟਰ ਜਨਰਲ ਆਫ਼ ਹੈਲਥ ਡਾ. ਐਸ਼ਲੇ ਬਲੂਮਫੀਲਡ ਨੇ ਕਿਹਾ ਕਿ ਅੱਜ ਦੇ ਨਵੇਂ 55 ਕੇਸਾਂ ਵਿੱਚੋਂ 53 ਕੇਸ ਆਕਲੈਂਡ ਅਤੇ 2 ਕੇਸ ਵਾਇਕਾਟੋ ਦੇ ਹਨ। ਆਕਲੈਂਡ ਵਿੱਚ ਅਰਲੀ ਲਰਨਿੰਗ ਸੈਂਟਰ ਦੇ ਇੱਕ ਅਧਿਆਪਕ ਦਾ ਟੈੱਸਟ ਪਾਜ਼ੇਟਿਵ ਆਇਆ ਹੈ। ਇੱਥੇ 11 ਨਜ਼ਦੀਕੀ ਸੰਪਰਕ ਹਨ, ਜਿਨ੍ਹਾਂ ਵਿੱਚ ਕੁੱਝ ਬੱਚੇ ਵੀ ਹਨ। ਆਕਲੈਂਡ ਵਿਚਲੇ ਅੱਜ ਦੇ 55 ਕੇਸਾਂ ਵਿੱਚੋਂ 29 ਕੇਸ ਮਹਾਂਮਾਰੀ ਵਿਗਿਆਨਿਕ ਤੌਰ ‘ਤੇ ਇਸ ਪ੍ਰਕੋਪ ਨਾਲ ਜੁੜਿਆ ਜਾ ਸਕਦਾ ਹੈ, ਕੱਲ੍ਹ ਦੇ 10 ਕੇਸ ਹਾਲੇ ਵੀ ਅਣਲਿੰਕ ਹਨ। ਉਨ੍ਹਾਂ ਕਿਹਾ ਕਿ ਵਾਇਕਾਟੋ ਵਿਚਲੇ ਅੱਜ ਦੇ 2 ਮਾਮਲਿਆਂ ਨੂੰ ਮੌਜੂਦਾ ਪ੍ਰਕੋਪ ਨਾਲ ਨਹੀਂ ਜੋੜਿਆ ਗਿਆ ਹੈ।
ਡਾ. ਬਲੂਮਫੀਲਡ ਨੇ ਕਿਹਾ ਕਿ ਅੱਜ ਦੇ ਨਵੇਂ 55 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 1,719 ਹੋ ਗਈ ਹੈ, ਜਿਨ੍ਹਾਂ ਵਿੱਚੋਂ 1188 ਮਰੀਜ਼ ਰਿਕਵਰ ਹੋਏ ਹਨ। ਹਸਪਤਾਲ ਵਿੱਚ 32 ਮਰੀਜ਼ ਹਨ ਜਿਨ੍ਹਾਂ ਵਿੱਚੋਂ 6 ਕੇਸ ਸਖ਼ਤ ਦੇਖਭਾਲ (ICU) ਵਿੱਚ ਹਨ।