ਭਾਰਤ ‘ਚ ਫਸੇ ਨਿਊਜ਼ੀਲੈਂਡ ਦੇ ਮਾਈਗ੍ਰਾਂਟਸ ਵੱਲੋਂ ਨਵੀਂ ਦਿੱਲੀ ਦੇ ਜੰਤਰ-ਮੰਤਰ ‘ਤੇ ਰੋਸ ਪ੍ਰਦਰਸ਼ਨ

ਨਵੀਂ ਦਿੱਲੀ, 13 ਅਕਤੂਬਰ – ਨਿਊਜ਼ੀਲੈਂਡ ਸਰਕਾਰ ਵੱਲੋਂ ਕੋਵਿਡ -19 ਯਾਤਰਾ ਪਾਬੰਦੀਆਂ ਕਾਰਣ ਮਹੀਨਿਆਂ ਤੋਂ ਭਾਰਤ ਵਿੱਚ ਫਸੇ ਨਿਊਜ਼ੀਲੈਂਡ ਦੇ ਮਾਈਗ੍ਰਾਂਟਸ ਨੇ 12 ਅਕਤੂਬਰ ਦਿਨ ਸੋਮਵਾਰ ਨੂੰ ਨਵੀਂ ਦਿੱਲੀ ਦੇ ਜੰਤਰ-ਮੰਤਰ ‘ਤੇ ਵਿਰੋਧ ਪ੍ਰਦਰਸ਼ਨ ਕੀਤਾ। ਨਿਊਜ਼ੀਲੈਂਡ ਦੇ 80 ਤੋਂ ਵੱਧ ਮਾਈਗ੍ਰਾਂਟਸ ਨੇ ਨਵੀਂ ਦਿੱਲੀ ਦੇ ਜੰਤਰ-ਮੰਤਰ ‘ਤੇ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲਿਆ ਅਤੇ ਉਨ੍ਹਾਂ ਫ਼ੈਸਲਾ ਕੀਤਾ ਕਿ ਇਸ ਨੂੰ ਅਣਮਿਥੇ ਸਮੇਂ ਲਈ ਜਾਰੀ ਰੱਖਿਆ ਜਾਏਗਾ, ਜਦੋਂ ਤੱਕ ਉਨ੍ਹਾਂ ਦੀ ਗੱਲ ਨਹੀਂ ਸੁਣੀ ਜਾਂਦੀ।
ਇੱਥੇ ਇਕੱਤਰ ਹੋਏ ਮੁੰਡੇ, ਕੁੜੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਤਖ਼ਤੀਆਂ ਫੜ ਕੇ ਆਪਣਾ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ‘ਚੋਂ ਕਈਆਂ ਨੇ ਕਿਹਾ ਕਿ ਇਸ ਦੌਰਾਨ, ਸਾਡੇ ਅਸਥਾਈ ਵੀਜ਼ਾ ਦੀ ਮਿਆਦ ਖ਼ਤਮ ਹੋ ਗਈ ਹੈ ਅਤੇ ਹੁਣ ਨਾ ਤਾਂ ਭਾਰਤੀ ਅਤੇ ਨਾ ਹੀ ਨਿਊਜ਼ੀਲੈਂਡ ਸਰਕਾਰ ਵਾਪਸ ਘਰਾਂ ਨੂੰ ਪਰਤਣ ਵਿੱਚ ਸਾਡੀ ਮਦਦ ਕਰ ਰਹੀ ਹੈ।
ਬਹੁਤ ਸਾਰੇ ਮੁਜ਼ਾਹਰਾਕਾਰੀਆਂ ਦੇ ਕੋਲ ਦੱਸਣ ਲਈ ਅਜਿਹੀਆਂ ਕਹਾਣੀਆਂ ਹਨ। ਉਨ੍ਹਾਂ ਦੇ ਅਨੁਸਾਰ, ਇਹ ਮਾਈਗ੍ਰਾਂਟਸ ਕੁੱਝ ਨਿੱਜੀ ਕਾਰਣਾਂ ਕਰਕੇ ਭਾਰਤ ਆਏੇ ਸਨ ਅਤੇ ਉਨ੍ਹਾਂ ਨੂੰ ਵਾਪਸ ਨਹੀਂ ਆਉਣ ਦਿੱਤਾ ਗਿਆ। ਬਹੁਤ ਸਾਰੇ ਪ੍ਰਦਰਸ਼ਨਕਾਰੀ ਵਿਦਿਆਰਥੀ ਹਨ ਜੋ ਆਪਣੀ ਪੜ੍ਹਾਈ ਪੂਰੀ ਕਰਨ ਲਈ ਵਾਪਸ ਨਹੀਂ ਆ ਸਕਦੇ। ਸਾਡੀ ਸਾਰੀ ਜ਼ਿੰਦਗੀ, ਕੰਮ, ਸੰਪਤੀਆਂ, ਸਭ ਕੁੱਝ ਉੱਥੇ ਹੈ। ਉਨ੍ਹਾਂ ਕਿਹਾ ਪਿਛਲੇ ਇੱਕ ਸਾਲ ਵਿੱਚ 80% ਲੋਕਾਂ ਦੇ ਅਸਥਾਈ ਵੀਜ਼ਿਆਂ ਦੀ ਮਿਆਦ ਖ਼ਤਮ ਹੋ ਗਈ ਹੈ ਅਤੇ ਨਿਊਜ਼ੀਲੈਂਡ ਸਰਕਾਰ ਨੇ ਸਾਰੀਆਂ ‘ਔਫਸ਼ੋਰ’ ਫਾਈਲ ਪ੍ਰਕਿਰਿਆਵਾਂ ਬੰਦ ਕਰ ਦਿੱਤੀਆਂ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਭਾਰਤ ਸਰਕਾਰ ਅਤੇ ਦਿੱਲੀ ‘ਚ ਨਿਊਜ਼ੀਲੈਂਡ ਹਾਈ ਕਮਿਸ਼ਨ ਨੂੰ ਪੱਤਰ ਲਿਖ ਕੇ ਮਦਦ ਮੰਗੀ ਸੀ, ਪਰ ਉਹ ਵਿਅਰਥ ਗਈ ਹੈ। ਉਨ੍ਹਾਂ ਨੇ ਕਿਹਾ, “ਅਸੀਂ ਹੁਣ ਤੋਂ ਹਰ ਰੋਜ਼ ਧਰਨਾ ਜਾਰੀ ਰੱਖਾਂਗੇ ਜਦੋਂ ਤੱਕ ਸਾਨੂੰ ਭਾਰਤ ਸਰਕਾਰ ਅਤੇ ਨਿਊਜ਼ੀਲੈਂਡ ਹਾਈ ਕਮਿਸ਼ਨ ਤੋਂ ਕੁੱਝ ਭਰੋਸਾ ਨਹੀਂ ਮਿਲ ਜਾਂਦਾ”। ਕੁੱਝ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਲਈ ਪੰਜਾਬ ਅਤੇ ਹੋਰ ਸੂਬਿਆਂ ਤੋਂ ਯਾਤਰਾ ਕੀਤੀ। ਬਹੁਤ ਸਾਰੇ ਪ੍ਰਵਾਸੀਆਂ ਨੇ ਦਾਅਵਾ ਕੀਤਾ ਕਿ ਯਾਤਰਾ ਪਾਬੰਦੀ ਕਾਰਣ ਉਨ੍ਹਾਂ ਨੇ ਆਪਣੀਆਂ ਨੌਕਰੀਆਂ ਅਤੇ ਬੱਚਤ ਗੁਆ ਲਈ ਹੈ। ਇਸ ਤੋਂ ਇਲਾਵਾ, ਉਨ੍ਹਾਂ ਵਿੱਚੋਂ ਬਹੁਤ ਸਾਰੇ ਆਪਣੇ ਵੀਜ਼ਾ ਨਵਿਆਉਣ ਦੀ ਅਪੀਲ ਕਰ ਰਹੇ ਸਨ ਕਿਉਂਕਿ ਉਨ੍ਹਾਂ ਦੇ ਅਸਥਾਈ ਵੀਜ਼ੇ ਦੀ ਮਿਆਦ ਖ਼ਤਮ ਹੋ ਗਈ ਸੀ।
ਉਨ੍ਹਾਂ ਵਿੱਚੋਂ ਕਈਆਂ ਨੇ ਕਿਹਾ ਕਿ ਨਿਊਜ਼ੀਲੈਂਡ ਸਰਕਾਰ ਵੱਲੋਂ ਲਾਗੂ ਕੀਤੀ ‘ਵੰਨ ਆਫ਼ ਰੈਜ਼ੀਡੈਂਸੀ’ ਪਾਲਿਸੀ ਦਾ ਉਨ੍ਹਾਂ ਨੂੰ ਵੀ ਲਾਭ ਮਿਲਣਾ ਚਾਹੀਦਾ ਹੈ ਜੋ ਇਸ ਸ਼੍ਰੇਣੀ ਵਿੱਚ ਆਉਂਦੇ ਹਨ ਅਤੇ ਸ਼ਰਤਾਂ ਪੂਰੀਆਂ ਕਰਦੇ ਹਨ ਪਰ ਉਹ ਭਾਰਤ ਵਿੱਚ ਫਸੇ ਹੋਏ ਹਨ।