ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਕਮਿਊਨਿਟੀ ਦੇ 60 ਹੋਰ ਨਵੇਂ ਕੇਸ, ਹਾਈ ਸਕੂਲ ਦੇ ਸੀਨੀਅਰ ਵਿਦਿਆਰਥੀ ਦੀ ਅਗਲੇ ਹਫ਼ਤੇ ਤੋਂ ਸਕੂਲ ਵਾਪਸੀ

ਵੈਲਿੰਗਟਨ, 20 ਅਕਤੂਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਡੈਲਟਾ ਪ੍ਰਕੋਪ ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ 60 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਆਕਲੈਂਡ ‘ਚ 56 ਅਤੇ ਵਾਇਕਾਟੋ ‘ਚ 4 ਕੇਸ ਆਏ ਹਨ। ਡਾਇਰੈਕਟਰ ਜਨਰਲ ਆਫ਼ ਹੈਲਥ ਡਾ. ਐਸ਼ਲੇ ਬਲੂਮਫੀਲਡ ਨੇ ਚੇਤਾਵਨੀ ਦਿੱਤੀ ਹੈ ਕਿ ਵਾਇਰਸ ਦੇ ਵਧਣ ਦੀ ਸੰਭਾਵਨਾ ਹੈ।
ਉਨ੍ਹਾਂ ਨੇ ਕਿਹਾ ਕਿ ਅੱਜ ਦੇ 60 ਕੇਸਾਂ ਵਿੱਚੋਂ 38 ਕੇਸ ਲਿੰਕ ਅਤੇ 22 ਅਣਲਿੰਕ ਕੇਸ ਹਨ। ਅੱਜ ਦੇ ਨਵੇਂ 60 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 2,158 ਹੋ ਗਈ ਹੈ। ਹਸਪਤਾਲ ਵਿੱਚ 43 ਮਰੀਜ਼ ਹਨ ਜਿਨ੍ਹਾਂ ਵਿੱਚੋਂ 5 ਕੇਸ ਸਖ਼ਤ ਦੇਖਭਾਲ (ICU) ਵਿੱਚ ਹਨ।
ਉਨ੍ਹਾਂ ਨੇ ਕਿਹਾ ਕਿ ਆਕਲੈਂਡ ਦੇ ਕੁੱਲ 89% ਲੋਕਾਂ ਨੂੰ ਇੱਕ ਟੀਕਾ ਲਗਾਇਆ ਗਿਆ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਆਕਲੈਂਡ ਦੇ ਨੌਰਥ ਸ਼ੋਰ ਅਤੇ ਨਿਊ ਲਿਨ ਵਿੱਚ ਮਾਮਲਿਆਂ ‘ਚ ਵਾਧਾ ਹੋਇਆ ਹੈ।
ਡਾ. ਬਲੂਮਫੀਲਡ ਨੇ ਨੌਰਥ ਸ਼ੋਰ ਦੇ ਉਪਨਗਰਾਂ ਬੇਅਸਵਾਟਰ, ਰੋਜ਼ਡੇਲ ਅਤੇ ਰੈਡਵੈਲ ਬਾਰੇ ਜਾਣਕਾਰੀ ਦਿੱਤੀ, ਜਿੱਥੇ ਪਾਰਟੀ ਹੋਈ ਸੀ। ਉਨ੍ਹਾਂ ਨੇ ਕਿਹਾ ਕਿ ਨਿਊ ਲਿਨ ਦੇ ਸ਼ੈਡਬੋਲਟ ਪਾਰਕ ਨੂੰ ਸਿਹਤ ਮੰਤਰਾਲੇ ਦੇ ਲੋਕੇਸ਼ਨ ਆਫ਼ ਇੰਟਰੈਸਟ ਦੀ ਸੂਚੀ ‘ਚੋਂ ਹਟਾ ਦਿੱਤਾ ਗਿਆ ਹੈ। ਇਹ ਬਹੁਤ ਘੱਟ ਸੰਪਰਕਾਂ ਵਾਲਾ ਇੱਕ ਐਕਸਪੋਜਰ ਈਵੈਂਟ ਹੈ।
ਕੋਵਿਡ -19 ਰਿਸਪੋਂਸ ਮੰਤਰੀ ਕ੍ਰਿਸ ਹਿਪਕਿਨਸ ਨੇ ਕਿਹਾ ਕਿ ਉਹ ਸਾਊਥ ਆਈਸਲੈਂਡ ਦੇ ਹਰ ਕਿਸੇ ਨੂੰ ਯਾਦ ਦਿਵਾਉਣਾ ਚਾਹੁੰਦੇ ਹਨ ਕਿ ਚੀਜ਼ਾਂ ਬਹੁਤ ਜਲਦੀ ਬਦਲ ਸਕਦੀਆਂ ਹਨ ਅਤੇ ਸੁਰੱਖਿਆ ਦੇ ਰੂਪ ਵਿੱਚ ਉਹ ਅਲਰਟ ਲੈਵਲ 2 ਵਿੱਚ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਦੋਵੇਂ ਟਾਪੂਆਂ ਦੇ ਵਿਚਕਾਰ ਹਾਲੇ ਵੀ ਬਹੁਤ ਜ਼ਿਆਦਾ ਆਵਾਜਾਈ ਹੈ।
ਹਿਪਕਿਨਸ, ਜੋ ਕਿ ਸਿੱਖਿਆ ਮੰਤਰੀ ਵੀ ਹਨ, ਨੇ ਕਿਹਾ ਕਿ ਕੋਵਿਡ ਦਾ ਵਿਦਿਆਰਥੀਆਂ ‘ਤੇ ਪ੍ਰਭਾਵ ਪਿਆ ਹੈ। ਉਨ੍ਹਾਂ ਕਿਹਾ ਕਿ 11, 12 ਅਤੇ 13 ਸਾਲਾਂ ਦੇ ਵਿਦਿਆਰਥੀ ਐਨਸੀਈਏ ਦੀਆਂ ਪ੍ਰੀਖਿਆਵਾਂ ਅਤੇ ਮੁਲਾਂਕਣਾਂ ਨੂੰ ਪੂਰਾ ਕਰਨ ਲਈ ਅਲਰਟ ਲੈਵਲ 3 ਦੇ ਖੇਤਰਾਂ ਵਿੱਚ 26 ਅਕਤੂਬਰ ਦਿਨ ਮੰਗਲਵਾਰ ਤੋਂ ਸਕੂਲਾਂ ਵਿੱਚ ਵਾਪਸ ਆਉਣਗੇ। ਉਨ੍ਹਾਂ ਨੂੰ ਮਾਸਕ ਪਹਿਨਣ ਦੀ ਜ਼ਰੂਰਤ ਹੋਏਗੀ, ਸਕੂਲ ਵਾਪਸ ਆਉਣ ਤੋਂ ਪਹਿਲਾਂ ਸਟਾਫ਼ ਨੂੰ ਨੈਗੇਟਿਵ ਟੈੱਸਟ ਦੀ ਜ਼ਰੂਰਤ ਹੋਏਗੀ। ਜਿਨ੍ਹਾਂ ਨੂੰ ਕੋਵਿਡ ਦਾ ਵਧੇਰੇ ਖ਼ਤਰਾ ਹੈ ਉਨ੍ਹਾਂ ਨੂੰ ਘਰ ਰਹਿਣਾ ਚਾਹੀਦਾ ਹੈ, ਸਕੂਲੀ ਆਵਾਜਾਈ ‘ਤੇ ਚਿਹਰੇ ਨੂੰ ਢਕਣਾ ਲਾਜ਼ਮੀ ਹੋਵੇਗਾ। ਅਲਰਟ ਲੈਵਲ 3 ਖੇਤਰਾਂ ਵਿੱਚ ਪ੍ਰੀਖਿਆਵਾਂ ਅੱਗੇ ਵਧਣਗੀਆਂ, ਆਕਲੈਂਡ ਦੇ ਵਿਦਿਆਰਥੀ ‘ਅਣਕਿਆਸੀ ਘਟਨਾ’ ਗ੍ਰੇਡ ਦੇ ਯੋਗ ਹੋਣਗੇ। ਆਕਲੈਂਡ, ਵਾਇਕਾਟੋ ਅਤੇ ਨੌਰਥਲੈਂਡ ਦੇ ਵਿਦਿਆਰਥੀ ਜੋ ਪ੍ਰੀਖਿਆਵਾਂ ਵਿੱਚ ਸ਼ਾਮਲ ਨਹੀਂ ਹੋ ਸਕਦੇ, ਉਨ੍ਹਾਂ ਨੂੰ ਸਾਲ ਦੇ ਸ਼ੁਰੂ ਵਿੱਚ ਕੀਤੇ ਉਨ੍ਹਾਂ ਦੇ ਸਕੂਲ ਦੇ ਕੰਮ ਦੇ ਅਧਾਰ ‘ਤੇ ਗ੍ਰੇਡ ਮਿਲੇਗਾ।
ਹਿਪਕਿਨਸ ਨੇ ਕਿਹਾ ਕਿ ਅਗਲੇ ਮੰਗਲਵਾਰ 26 ਅਕਤੂਬਰ ਨੂੰ ਸਾਲ 1 ਤੋਂ 10 ਅਤੇ ਅਰਲੀ ਚਾਈਲਡ ਸਕੂਲ ਦੀ ਪੜ੍ਹਾਈ ਬਾਰੇ ਹੋਰ ਫ਼ੈਸਲੇ ਲਏ ਜਾਣਗੇ। ਉਨ੍ਹਾਂ ਕਿਹਾ ਕਿ ਗਰਮੀ ਦੇ ਮਹੀਨਿਆਂ ਵਿੱਚ ਬਾਹਰ ਦੀ ਸਿੱਖਿਆ ਸੰਭਵ ਹੈ। ਹਿਪਕਿਨਸ ਨੇ ਕਿਹਾ ਕਿ ਸੀਨੀਅਰ ਵਿਦਿਆਰਥੀਆਂ ਦਾ ਸਕੂਲ ਵਾਪਸ ਜਾਣਾ ਸੁਰੱਖਿਅਤ ਹੈ।