ਸਿੰਘੂ ਬਾਰਡਰ ਕਤਲ ਕੇਸ: ਨਿਹੰਗ ਬਾਬਾ ਅਮਨ ਸਿੰਘ ਨੇ ਖੇਤੀਬਾੜੀ ਮੰਤਰੀ ਤੋਮਰ ਨਾਲ ਗੁਪਤ ਮੀਟਿੰਗ ਦੀ ਗੱਲ ਕਬੂਲੀ

ਚੰਡੀਗੜ੍ਹ, 19 ਅਕਤੂਬਰ – ਦਿੱਲੀ ਦੇ ਸਿੰਘੂ ਕਤਲ ਕੇਸ ਦੀ ਜ਼ਿੰਮੇਵਾਰੀ ਲੈਣ ਵਾਲੀ ਨਿਹੰਗ ਜਥੇਬੰਦੀ ਦੇ ਆਗੂ ਬਾਬਾ ਅਮਨ ਸਿੰਘ ਨੇ ਸਵੀਕਾਰ ਕੀਤਾ ਹੈ ਕਿ ਉਹ ਭਾਜਪਾ ਦੇ ਮੰਤਰੀਆਂ ਨੂੰ ਮਿਲਿਆ ਸੀ। ਕਈ ਮੀਡੀਆ ਇੰਟਰਵਿਊਜ਼ ਵਿੱਚ ਉਹ ਮੰਨਿਆ ਹੈ ਕਿ ਉਸ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਤੇ ਹੋਰਾਂ ਨਾਲ ਮੁਲਾਕਾਤ ਕੀਤੀ ਸੀ। ਉਸ ਨੇ ਇਹ ਦਾਅਵਾ ਵੀ ਕੀਤਾ ਹੈ ਕਿ ਭਾਜਪਾ ਆਗੂ ਨੇ ਉਨ੍ਹਾਂ ਨੂੰ 10 ਲੱਖ ਰੁਪਏ ਤੇ ਘੋੜਿਆਂ ਦੀ ਪੇਸ਼ਕਸ਼ ਕਰ ਕੇ ਸਿੰਘੂ ਬਾਰਡਰ ਧਰਨੇ ਵਾਲੀ ਥਾਂ ਖ਼ਾਲੀ ਕਰਨ ਲਈ ਕਿਹਾ ਸੀ ਪਰ ਉਨ੍ਹਾਂ ਇਨਕਾਰ ਕਰ ਦਿੱਤਾ ਸੀ।
ਨਿਹੰਗ ਆਗੂ ਨੇ ਇਹ ਪ੍ਰਤੀਕਰਮ ਅੱਜ ਉਦੋਂ ਦਿੱਤਾ ਜਦ ਕਈ ਮੀਡੀਆ ਅਦਾਰਿਆਂ ਨੇ ਉਸ ਤੋਂ ‘ਦਿ ਟ੍ਰਿਬਿਊਨ’ ਤੇ ‘ਪੰਜਾਬੀ ਟ੍ਰਿਬਿਊਨ’ ਵਿੱਚ ਛਪੀ ਖ਼ਬਰ ਬਾਰੇ ਸੁਆਲ ਕੀਤੇ ਜਿਸ ਵਿੱਚ ਵੇਰਵਿਆਂ ਸਹਿਤ ਉਸ ਦੀਆਂ ਭਾਜਪਾ ਆਗੂਆਂ ਨਾਲ ਮੁਲਾਕਾਤਾਂ ਦੀਆਂ ਫ਼ੋਟੋਆਂ ਪ੍ਰਕਾਸ਼ਿਤ ਕੀਤੀਆਂ ਗਈਆਂ ਸਨ। ਨਾ ਤਾਂ ਭਾਜਪਾ ਆਗੂਆਂ ਤੇ ਨਾ ਹੀ ਨਿਹੰਗ ਆਗੂ ਨੇ ਇਸ ਤੋਂ ਪਹਿਲਾਂ ਇਨ੍ਹਾਂ ਮੀਟਿੰਗਾਂ ਬਾਰੇ ਕੋਈ ਜਾਣਕਾਰੀ ਸਾਂਝੀ ਕੀਤੀ ਸੀ।
ਨਿਹੰਗ ਆਗੂ ਬਾਬਾ ਅਮਨ ਨੇ ਇਕ ਇੰਟਰਵਿਊ ਵਿੱਚ ਕਿਹਾ ‘ਅਸੀਂ ਪੈਸੇ ਨਹੀਂ ਲਏ। ਹਾਲਾਂਕਿ ਪੇਸ਼ਕਸ਼ ਕੀਤੀ ਗਈ ਸੀ। ਅਸੀਂ ਆਪਣੀਆਂ ਮੰਗਾਂ ਉੱਤੇ ਅੜੇ ਰਹੇ ਕਿ ਉਦੋਂ ਹੀ ਧਰਨਾ ਚੁੱਕਾਂਗੇ ਜਦ ਕਾਲੇ ਖੇਤੀ ਕਾਨੂੰਨ ਵਾਪਸ ਲਏ ਜਾਣਗੇ, ਐਮਐੱਸਪੀ ਜਾਰੀ ਰੱਖੀ ਜਾਵੇਗੀ, ਬੇਅਦਬੀ ਦੇ ਕੇਸਾਂ ਵਿੱਚ ਇਨਸਾਫ਼ ਮਿਲੇਗਾ ਤੇ ਸਾਡੇ ਖ਼ਿਲਾਫ਼ ਕੇਸ ਵਾਪਸ ਲਏ ਜਾਣਗੇ। ਅਸੀਂ ਉਨ੍ਹਾਂ ਨੂੰ ਦੱਸਿਆ ਕਿ ਧਰਨਾ ਉਦੋਂ ਹੀ ਚੁੱਕਾਂਗੇ ਜਦ ਮੰਗਾਂ ਮੰਨੀਆਂ ਜਾਣਗੀਆਂ। ਸਾਨੂੰ ਪੈਸੇ ਜਾਂ ਕਿਸੇ ਹੋਰ ਚੀਜ਼ ਦਾ ਲਾਲਚ ਨਹੀਂ ਹੈ। ਅਸੀਂ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਵੀ ਇਸ ਸਬੰਧੀ ਚਿੱਠੀਆਂ ਲਿਖੀਆਂ ਹਨ’।
ਮੀਡੀਆ ਦੇ ਇਸ ਸਵਾਲ ਕਿ ਕੀ ਨਿਹੰਗ ਆਗੂ ਨੇ ਇਨ੍ਹਾਂ ਬੈਠਕਾਂ ਬਾਰੇ ਕਿਸਾਨ ਆਗੂਆਂ ਨਾਲ ਚਰਚਾ ਕੀਤੀ ਸੀ, ਤਾਂ ਨਿਹੰਗ ਆਗੂ ਨੇ ਕਿਹਾ ਕਿ ਉਨ੍ਹਾਂ ਨੂੰ ਕਿਸਾਨਾਂ ਨਾਲ ਗੱਲ ਕਰਨ ਦੀ ਕੋਈ ਲੋੜ ਨਹੀਂ ਹੈ। ‘ਮੈਂ ਤੋਮਰ ਨੂੰ ਮਿਲਣ ਇਕੱਲਾ ਨਹੀਂ ਗਿਆ ਸੀ। ਸਾਡੀ ਫ਼ੌਜ ਦੇ ਕਰੀਬ ਦਸ ਮੈਂਬਰ ਮੇਰੇ ਨਾਲ ਸਨ।’ ਦੱਸਣਯੋਗ ਹੈ ਕਿ ਨਿਹੰਗ ਆਗੂ ਤੇ ਭਾਜਪਾ ਦੇ ਮੰਤਰੀਆਂ ਦਰਮਿਆਨ ਹੋਈਆਂ ਮੀਟਿੰਗਾਂ ਬਾਰੇ 18 ਅਕਤੂਬਰ ਨੂੰ ‘ਦਿ ਟ੍ਰਿਬਿਊਨ’ ਤੇ ‘ਪੰਜਾਬੀ ਟ੍ਰਿਬਿਊਨ’ ਵਿੱਚ ਰਿਪੋਰਟ ਛਪਣ ਤੋਂ ਬਾਅਦ ਸਵਾਲਾਂ ਦੀ ਝੜੀ ਲੱਗ ਗਈ ਹੈ, ਸਵਾਲ ਕੀਤਾ ਜਾ ਰਿਹਾ ਹੈ ਕਿ ਇਹ ਮੀਟਿੰਗਾਂ ਕਿਉਂ ਕੀਤੀਆਂ ਗਈਆਂ। ਜ਼ਿਕਰਯੋਗ ਹੈ ਕਿ ਸਿੰਘੂ ‘ਤੇ ਹੋਏ ਕਤਲ ਤੋਂ ਬਾਅਦ ਚਾਰ ਨਿਹੰਗਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਨਿਹੰਗ ਆਗੂ ਬਾਬਾ ਅਮਨ ਨੇ ਨਾਲ ਹੀ ਕਿਹਾ ਕਿ ਉਨ੍ਹਾਂ ਦੇ ਗਰੁੱਪ ਦੇ ਸੀਨੀਅਰ 27 ਅਕਤੂਬਰ ਨੂੰ ਦਿੱਲੀ ਵਿੱਚ ਬੈਠਕ ਕਰ ਕੇ ਇਹ ਤੈਅ ਕਰਨਗੇ ਕਿ ਕੀ ਉਹ ਧਰਨੇ ਵਾਲੀ ਥਾਂ ਉੱਤੇ ਟਿਕੇ ਰਹਿਣਗੇ ਜਾਂ ਉੱਥੋਂ ਚਲੇ ਜਾਣਗੇ। ਉਸ ਨੇ ਕਿਹਾ ‘ਜੇ ਸੰਗਤ ਚਾਹੇਗੀ ਤਾਂ ਅਸੀਂ ਚਲੇ ਜਾਵਾਂਗੇ।’ ਬਾਬਾ ਅਮਨ ਨੇ ਕਿਹਾ ਕਿ ਉਹ ਬੇਅਦਬੀ ਕੇਸਾਂ ਵਿੱਚ ਨਿਆਂ ਲੈਣ ਲਈ ਇਕ ਧਾਰਮਿਕ ਜੰਗ ਲੜ ਰਹੇ ਹਨ ਤੇ ਧਰਨੇ ਉੱਤੇ ਕਿਸਾਨਾਂ ਲਈ ਨਹੀਂ ਬੈਠੇ।
ਜ਼ਿਕਰਯੋਗ ਹੈ ਕਿ ਨਿਹੰਗ ਜਥੇਬੰਦੀ ਦੇ ਆਗੂ ਬਾਬਾ ਅਮਨ ਸਿੰਘ ਤੇ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਵਿਚਾਲੇ ਹੋਈ ਮੀਟਿੰਗ ਵਿੱਚ ਉਨ੍ਹਾਂ ਤੋਂ ਇਲਾਵਾ ਇਸ ਮੌਕੇ ਕਤਲ ਦਾ ਦੋਸ਼ੀ ਬਰਖ਼ਾਸਤ ਪੁਲੀਸ ਕਰਮੀਂ ਤੇ ਸਾਬਕਾ ਪੁਲੀਸ ਕੈਟ ਗੁਰਮੀਤ ਸਿੰਘ ਪਿੰਕੀ , ਸੁਨੀਲ ਕੁਮਾਰ ਸਿੰਘ (ਝਾਰਖੰਡ ਤੋਂ ਸੰਸਦ ਮੈਂਬਰ), ਰਾਜਸਥਾਨ ਤੋਂ ਸੌਰਭ ਸਰਸਵਤ (ਕੌਮੀ ਜਨਰਲ ਸਕੱਤਰ, ਭਾਰਤ-ਤਿੱਬਤ ਸੰਘ), ਸੁਖਮਿੰਦਰਪਾਲ ਸਿੰਘ ਗਰੇਵਾਲ (ਕੌਮੀ ਕਿਸਾਨ ਆਗੂ ਭਾਜਪਾ ਤੇ ਸਾਬਕਾ ਕੌਮੀ ਸਕੱਤਰ-ਭਾਜਪਾ ਕਿਸਾਨ ਮੋਰਚਾ) ਵੀ ਹਾਜ਼ਰ ਸਨ।
ਕਾਂਗਰਸ ਆਗੂ ਜਾਖੜ ਤੇ ਸੁਰਜੇਵਾਲਾ ਨੇ ਮੀਟਿੰਗਾਂ ਦੀ ਉੱਚ ਪੱਧਰੀ ਜਾਂਚ ਮੰਗੀ
ਕਾਂਗਰਸ ਦੇ ਰਾਸ਼ਟਰੀ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਨਿਹੰਗ ਆਗੂ ਤੇ ਭਾਜਪਾ ਆਗੂਆਂ ਦਰਮਿਆਨ ਹੋਈਆਂ ਬੈਠਕਾਂ ਦੀ ਉੱਚ ਪੱਧਰੀ ਜਾਂਚ ਮੰਗੀ ਹੈ। ਜਾਖੜ ਨੇ ਟਵੀਟ ਕੀਤਾ ਕਿ ਇਕ ਵਿਅਕਤੀ ਆਪਣੀ ਸੰਗਤ ਤੋਂ ਹੀ ਜਾਣਿਆ ਜਾਂਦਾ ਹੈ। ਉਹ ਬੈਠਕ ਵਿੱਚ ਬਰਖ਼ਾਸਤ ਪੁਲੀਸ ਕਰਮੀਂ ਗੁਰਮੀਤ ਪਿੰਕੀ ਦੀ ਮੌਜੂਦਗੀ ਵੱਲ ਇਸ਼ਾਰਾ ਕਰ ਰਹੇ ਸਨ।